ਮੁਕੇਸ਼ ਕੁਮਾਰ
ਚੰਡੀਗੜ੍ਹ, 3 ਫਰਵਰੀ
ਚੰਡੀਗੜ੍ਹ ਨਗਰ ਨਿਗਮ ਵਲੋਂ ਇਸ ਸਾਲ 49ਵਾਂ ਗੁਲਾਬ ਮੇਲਾ ਕਰੋਨਾ ਵਾਰੀਅਰਜ਼ ਨੂੰ ਸਮਰਪਿਤ ਕਰਨ ਦਾ ਫੈਸਲਾ ਕੀਤਾ ਹੈ। ਗੁਲਾਬ ਮੇਲੇ ਨੂੰ ਲੈਕੇ ਨਗਰ ਨਿਗਮ ਵਲੋਂ ਬਣਾਈ ਗਈ ਕਮੇਟੀ ਦੀ ਅੱਜ ਹੋਈ ਮੀਟਿੰਗ ਦੌਰਾਨ ਇਸ ਫੈਸਲੇ ’ਤੇ ਮੋਹਰ ਲਗਾਈ ਗਈ। ਮੇਅਰ ਰਵੀ ਕਾਂਤ ਸ਼ਰਮਾ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਦੌਰਾਨ ਫੈਸਲਾ ਹੋਇਆ ਕਿ ਗੁਲਾਬ ਮੇਲਾ 26 ਤੋਂ 28 ਫਰਵਰੀ ਨੂੰ ਲਗਾਇਆ ਜਾਵੇਗਾ। ਕਮੇਟੀ ਨੇ ਸ਼ਹਿਰ ਦੀਆਂ ਰੈਜ਼ੀਡੈਂਟ ਵੈੱਲਫੇਅਰ ਐਸੋਸੀਏਸ਼ਨਾਂ ਅਤੇ ਹੋਰ ਸਮਾਜਿਕ ਸੰਸਥਾਵਾਂ ਦਾ ਸਨਮਾਨ ਕਰਨ ਦਾ ਫੈਸਲਾ ਵੀ ਕੀਤਾ ਜਿਨ੍ਹਾਂ ਨੇ ਕੋਵਿਡ-19 ਦੌਰਾਨ ਸਮਾਜ ਸੇਵਾ ਦੇ ਖੇਤਰ ਵਿੱਚ ਸਲਾਘਾਯੋਗ ਕਾਰਜ ਕੀਤੇ ਹਨ। ਕਮੇਟੀ ਮੈਂਬਰਾਂ ਨੇ ਇਸ ਗੁਲਾਬ ਮੇਲੇ ਮੌਕੇ ਹਾਸ ਕਵੀ ਦਰਬਾਰ ਅਤੇ ਸੱਭਿਆਚਾਰਕ ਪ੍ਰੋਗਰਾਮ ਦੀਆਂ ਸੰਭਾਵਨਾਵਾਂ ਦੀ ਪੜਚੋਲ ਕਰਨ ਦਾ ਵੀ ਫੈਸਲਾ ਕੀਤਾ।