ਮੁਕੇਸ਼ ਕੁਮਾਰ
ਚੰਡੀਗੜ੍ਹ, 24 ਫਰਵਰੀ
ਰੰਗ ਬਿਰੰਗੇ ਗੁਲਾਬ ਦੇ ਫੁੱਲਾਂ ਦੀ ਮਹਿਕ ਬਿਖੇਰਦਾ ਹੋਇਆ 50ਵਾਂ ‘ਰੋਜ਼ ਫੈਸਟੀਵਲ’ ਕੱਲ੍ਹ ਸ਼ੁੱਕਰਵਾਰ 25 ਫਰਵਰੀ ਤੋਂ ਇਥੇ ਸੈਕਟਰ-16 ਸਥਿਤ ਰੋਜ਼ ਗਾਰਡਨ ਵਿੱਚ ਸ਼ੁਰੂ ਹੋ ਰਿਹਾ ਹੈ। ਇਸ ਤਿੰਨ ਰੋਜ਼ਾ ਇਸ 50ਵੇਂ ਗੋਲਡਨ ਜੁਬਲੀ ਐਡੀਸ਼ਨ ਲਈ ਨਗਰ ਨਿਗਮ ਚੰਡੀਗੜ੍ਹ ਨੇ ਹਰ ਤਰ੍ਹਾਂ ਦੀਆਂ ਤਿਆਰੀਆਂ ਪੂਰੀਆਂ ਕਰ ਲਈਆਂ ਹਨ। ਇਸ ਸਾਲ ਦੇ ਇਸ ਮੇਲੇ ਦੌਰਾਨ ਨਗਰ ਨਿਗਮ ਵੱਲੋਂ ਇਸ ਮੇਲੇ ਨੂੰ ਖਾਸ ਆਕਰਸ਼ਕ ਬਣਾਉਣ ਲਈ ਵੱਡੇ ਪੱਧਰ ’ਤੇ ਇੰਤਜ਼ਾਮ ਕੀਤੇ ਹਨ। ਰੋਜ਼ ਫੈਸਟੀਵਲ ਦੇ 50ਵੇਂ ਐਡੀਸ਼ਨ ਦੀ ਅੰਤਿਮ ਤਿਆਰੀ ਬਾਰੇ ਰੋਜ਼ ਗਾਰਡਨ ਦਾ ਮੁਆਇਨਾ ਕਰਨ ਤੋਂ ਬਾਅਦ ਮੇਅਰ ਸਰਬਜੀਤ ਕੌਰ ਢਿੱਲੋਂ ਨੇ ਦੱਸਿਆ ਕਿ ਚੰਡੀਗੜ੍ਹ ਵਿੱਚ ਰੋਜ਼ ਫੈਸਟੀਵਲ 25 ਫਰਵਰੀ ਤੋਂ ਸ਼ੁਰੂ ਹੋਵੇਗਾ ਅਤੇ 27 ਫਰਵਰੀ ਤੱਕ ਤਿੰਨ ਦਿਨ ਜਾਰੀ ਰਹੇਗਾ। ਫੈਸਟੀਵਲ ਦਾ ਉਦਘਾਟਨ ਪੰਜਾਬ ਦੇ ਰਾਜਪਾਲ ਅਤੇ ਚੰਡੀਗੜ੍ਹ ਦੇ ਪ੍ਰਸ਼ਾਸਕ ਬਨਵਾਰੀ ਲਾਲ ਪੁਰੋਹਿਤ ਵੱਲੋਂ ਕੀਤਾ ਜਾਵੇਗਾ। ਇਸ ਮੌਕੇ ਮੇਅਰ ਨੇ ਦੱਸਿਆ ਕਿ ਫੈਸਟੀਵਲ ਵਿੱਚ ਵੱਖ ਵੱਖ ਤਰ੍ਹਾਂ ਦੇ ਪ੍ਰੋਗਰਾਮ ਉਲੀਕੇ ਗਏ ਹਨ ਜਿਨ੍ਹਾਂ ਵਿੱਚ ਵੱਖ-ਵੱਖ ਰਾਜਾਂ ਦੇ ਲੋਕ ਨਾਚ, ਖੇਤਰੀ ਕਲਾ ਦਾ ਪ੍ਰਦਰਸ਼ਨ ਖਾਸ ਖਿੱਚ ਦਾ ਕੇਂਦਰ ਬਣੇ ਰਹਿਣਗੇ। ਰੋਜ਼ ਫੈਸਟੀਵਲ ਦੌਰਾਨ ਰੋਜ਼ਾਨਾ ਸ਼ਾਮ ਨੂੰ ਰੰਗਾਰੰਗ ਸੰਗੀਤਕ ਪ੍ਰੋਗਰਾਮ ਵੀ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਕੋਵਿਡ ਪ੍ਰੋਟੋਕੋਲ ਕਾਰਨ ਇਸ ਵਾਰ ਮੁਕਾਬਲੇ ਨਹੀਂ ਕਰਵਾਏ ਜਾਣਗੇ। ਸਿਰਫ਼ ਫੁੱਲਾਂ ਦੇ ਪ੍ਰਬੰਧ ਅਤੇ ਸਜਾਵਟ ਦਾ ਹੀ ਪ੍ਰਦਰਸ਼ਨ ਕੀਤਾ ਜਾਵੇਗਾ। ਇਸ ਤੋਂ ਇਲਾਵਾ ਰੋਜ਼ਾਨਾ ਦੇਸ਼ ਦੇ ਵੱਖ-ਵੱਖ ਹਿੱਸਿਆਂ ਤੋਂ ਪੁੱਜਣ ਵਾਲੇ ਉੱਘੇ ਕਲਾਕਾਰਾਂ ਵੱਲੋਂ ਮਨੋਰੰਜਕ ਪ੍ਰੋਗਰਾਮ ਵੀ ਪੇਸ਼ ਕੀਤੇ ਜਾਣਗੇ। ਉਨ੍ਹਾਂ ਦੱਸਿਆ ਕਿ ਰੋਜ਼ ਫੈਸਟੀਵਲ ਦੌਰਾਨ ਬਰਾਸ ਅਤੇ ਪਾਈਪ ਬੈਂਡ ਸ਼ੋਅ, ਸੈਲਫੀ ਪੁਆਇੰਟ, ਫੁੱਲਾਂ ਦੇ ਪ੍ਰਬੰਧ ਅਤੇ ਫਲਾਵਰ ਹੈਟ ਸ਼ੋਅ, ਮਥੁਰਾ ਦੇ ਕਲਾਕਾਰਾਂ ਵੱਲੋਂ ਸਭਿਆਚਾਰਕ ਪ੍ਰੋਗਰਾਮ, ਬਾਡਮੇਰ, ਰਾਜਸਥਾਨ ਦੇ ਨਾਮਵਰ ਕਲਾਕਾਰਾਂ ਵੱਲੋਂ ਕਾਲਬੇਲੀਆ ਡਾਂਸ ਅਤੇ ਅਲਗੋਜਾ, ਰਾਜਸਥਾਨੀ ਡਾਂਸ ਪ੍ਰਦਰਸ਼ਨ, ਦੇਸ਼ ਦੇ ਵੱਖ-ਵੱਖ ਹਿੱਸਿਆਂ ਦੇ ਨਾਮਵਰ ਕਵੀਆਂ ਦੁਆਰਾ ਹਸਿਆ ਕਵੀ ਸੰਮੇਲਨ, ਹਰਿਆਣਾ ਦੇ ਨਾਮਵਰ ਕਲਾਕਾਰਾਂ ਦਾ ਘੂਮਰ ਡਾਂਸ, ਨਵੀਂ ਦਿੱਲੀ ਦੇ ਨਾਮਵਰ ਕਲਾਕਾਰਾਂ ਵੱਲੋਂ ਕਠਪੁਤਲੀ ਸ਼ੋਅ, ਰਾਜਸਥਾਨ ਦੇ ਚੁਰੂ ਦੇ ਪ੍ਰਸਿੱਧ ਕਲਾਕਾਰਾਂ ਵੱਲੋਂ ਮਾਣਕ ਸਾਹਿਬ ਦੀਆਂ ਕਲੀਆਂ, ਪੰਜਾਬ ਦੇ ਪੰਜਾਬੀ ਲੋਕ ਗੀਤ, ਜੋਗੀ ਡਾਂਸ ਪ੍ਰਦਰਸ਼ਨ, ਮਸ਼ਹੂਰ ਜਾਦੂਗਰ ਪਰਦੀਪ ਕੁਮਾਰ ਦਾ ਮੈਜਿਕ ਸ਼ੋਅ, ਪ੍ਰਸਿੱਧ ਗਾਇਕ ਲਖਵਿੰਦਰ ਵਡਾਲੀ, ਸਟੈਂਡਅੱਪ ਕਾਮੇਡੀਅਨ ਸ਼ੋਅ ਵਿਜੈ ਕੁਮਾਰ (ਖਿਆਲੀ), ਪੰਜਾਬੀ ਲੋਕ ਗੀਤ, ਸੂਫੀ ਗਾਇਕਾ ਮਮਤਾ ਜੋਸ਼ੀ ਵਲੋਂ ਪੇਸ਼ ਕੀਤੇ ਜਾਣ ਵਾਲੇ ਪ੍ਰੋਗਰਾਮ ਇਸ ਫੈਸਟੀਵਲ ਦੀਆਂ ਰੌਣਕਾਂ ਨੂੰ ਚਾਰ ਚੰਦ ਲਗਾਉਣਗੇ।
ਰੋਜ਼ ਫੈਸਟੀਵਲ ਦੇ ਅੰਤਿਮ ਦਿਨ 27 ਫਰਵਰੀ ਨੂੰ ਇਨਾਮ ਵੰਡ ਸਮਾਗਮ ਕੀਤਾ ਜਾਵੇਗਾ। ਇਸ ਵਾਰ ਰੋਜ਼ ਫੈਸਟੀਵਲ ਦੌਰਾਨ ਦਰਸ਼ਕ ਹੈਲੀਕਾਪਟਰ ਦੀ ਸਵਾਰੀ ਨਹੀਂ ਕਰਨ ਸਕਣਗੇ। ਕੋਵਿਡ ਕਾਰਨ ਜ਼ਰੂਰੀ ਹਿਦਾਇਤਾਂ ਨੂੰ ਲੈ ਕੇ ਇਸ ਵਾਰ ਹੈਲੀਕਾਪਟਰ ਦੀ ਸਵਾਰੀ ਦਾ ਪ੍ਰਬੰਧ ਨਹੀਂ ਕੀਤਾ ਗਿਆ।