ਮੁਕੇਸ਼ ਕੁਮਾਰ
ਚੰਡੀਗੜ੍ਹ, 29 ਜੁਲਾਈ
ਚੰਡੀਗੜ੍ਹ ਨਗਰ ਨਿਗਮ ਦੀ ਅੱਜ ਹੋਈ ਹਾਊਸ ਮੀਟਿੰਗ ਦੌਰਾਨ ਪਿਛਲੇ ਦਿਨ ਇਥੋਂ ਦੇ ਸੈਕਟਰ-48 ਦੀ ਮੋਟਰ ਮਾਰਕੀਟ ਵਿੱਚ ਕੀਤੇ ਗਏ ਪ੍ਰੋਗਰਾਮ ਦੌਰਾਨ ਪ੍ਰਦਰਸ਼ਨਕਾਰੀਆਂ ਵੱਲੋਂ ਇਥੋਂ ਦੇ ਮੇਅਰ ਦੇ ਕਾਫਲੇ ’ਤੇ ਹੋਏ ਹਮਲੇ ਦੀ ਘਟਨਾ ਦਾ ਗਰਮਾ ਗਿਆ। ਕਿਉਂਕਿ ਘਟਨਾ ਮਗਰੋਂ ਮੇਅਰ ਦੇ ਸ਼ਹਿਰ ਵਿੱਚ ਹੋਣ ਵਾਲੇ ਜਨਤਕ ਪ੍ਰੋਗਰਾਮਾਂ ਵਿੱਚ ਸ਼ਾਮਲ ਹੋਣ ਨੂੰ ਲੈ ਕੇ ਪੁਲੀਸ ਵੱਲੋਂ ਕੀਤੇ ਜਾਣ ਵਾਲੇ ਸਖਤ ਸੁਰੱਖਿਆ ਪ੍ਰਬੰਧਾਂ ਕਾਰਨ ਸ਼ਹਿਰ ਦੀ ਆਮ ਜਨਤਾ ਨੂੰ ਹੋਣ ਵਾਲੀ ਖੱਜਲ ਖੁਆਰ ਹੋਣਾ ਪੈ ਰਿਹਾ ਹੈ। ਵਿਰੋਧੀ ਧਿਰ ਦੇ ਕੌਂਸਲਰ ਤੇ ਭਾਜਪਾ ਕੌਂਸਲਰ ਆਪਸ ਵਿੱਚ ਮਿਹਣੋ-ਮਿਹਣੀ ਹੋ ਗਏ। ਇਸ ਮਸਲੇ ਨੂੰ ਲੈ ਕੇ ਨਿਗਮ ਹਾਊਸ ਮੀਟਿੰਗ ਦੌਰਾਨ ਕਾਫੀ ਦੇਰ ਹੰਗਾਮਾ ਚੱਲਦਾ ਰਿਹਾ। ਇਸ ਦੌਰਾਨ ਵਿਰੋਧੀ ਧਿਰ ਦੇ ਕੌਂਸਲਰਾਂ ਨੇ ਕਿਹਾ ਕਿ ਮੇਅਰ ਨੂੰ ਲੈ ਕੇ ਪੁਲੀਸ ਵੱਲੋਂ ਕੀਤੇ ਜਾਣ ਵਾਲੇ ਪ੍ਰਬੰਧਾਂ ਨਾਲ ਸ਼ਹਿਰ ਦੀ ਜਨਤਾ ਨੂੰ ਖਾਸੀ ਪ੍ਰੇਸ਼ਾਨੀ ਝੱਲਣੀ ਪੈਂਦੀ ਹੈ। ਇਸ ਸਮਲੇ ਨੂੰ ਲੈ ਕੇ ਹੋਰ ਰਹੇ ਹੰਗਾਮੇ ਦੌਰਾਨ ਮੇਅਰ ਰਵੀ ਕਾਂਤ ਸ਼ਰਮਾ ਨੇ ਵਿਰੋਧੀ ਧਿਰ ਦੇ ਕੌਂਸਲਰਾਂ ਨੂੰ ਜਵਾਬ ਦਿੱਤਾ ਕਿ ਸੁਰੱਖਿਆ ਇੰਤਜ਼ਾਮ ਉਨ੍ਹਾਂ ਵੱਲੋਂ ਨਹੀਂ ਸਗੋਂ ਪੁਲੀਸ ਵੱਲੋਂ ਕੀਤੇ ਜਾਂਦੇ ਹਨ। ਉਨ੍ਹਾਂ ਉਦਘਾਟਨ ਸਮਾਗਮਾਂ ਨੂੰ ਲੈ ਕੇ ਕਿਹਾ ਕਿ ਉਹ ਅੱਗੇ ਵੀ ਉਦਘਾਟਨ ਸਮਾਗਮਾਂ ਵਿੱਚ ਆਪਣੇ ਕੌਂਸਲਰਾਂ ਨੂੰ ਨਾਲ ਲੈ ਕੇ ਜਾਣਗੇ। ਮੀਟਿੰਗ ਦੌਰਾਨ ਨਗਰ ਨਿਗਮ ਦੇ ਇਲੈਕਟ੍ਰੀਕਲ ਵਿੰਗ ਦੇ ਇੱਕ ਐੱਸਡੀਓ ਦੇ ਕਾਰਜਪ੍ਰਣਾਲੀ ਨੂੰ ਲੈ ਕੇ ਵੀ ਨਿਗਮ ਕੌਂਸਲਰਾਂ ਨੇ ਦੋਸ਼ ਲਗਾਏ ਅਤੇ ਐੱਸਡੀਓ ਨੂੰ ਆਪਸ ਚੰਡੀਗੜ੍ਹ ਪ੍ਰਸ਼ਾਸਨ ਅਧੀਨ ਭੇਜਨ ਦੀ ਮੰਗ ਕੀਤੀ। ਨਿਗਮ ਕੌਂਸਲਰਾਂ ਦੀ ਅਪੀਲ ’ਤੇ ਮੇਅਰ ਰਵੀ ਕਾਂਤ ਸ਼ਰਮਾਂ ਨੇ ਇਸ ਬਾਰੇ ਘੋਖ ਪੜਤਾਲ ਕਰਕੇ ਮਾਮਲਾ ਹੱਲ ਕਰਨ ਦੀ ਹਦਾਇਤ ਦਿੱਤੀ। ਇਸ ਤੋਂ ਇਲਾਵਾ ਮੀਟਿੰਗ ਦੌਰਾਨ ਚੰਡੀਗ੍ਹੜ ਵਿੱਚ ਕੂੜਾ ਪ੍ਰਬੰਧਨ ਨੂੰ ਲੈ ਕੇ ਲਗਾਏ ਜਾਣ ਵਾਲੇ ਪ੍ਰੋਸੈਸਿੰਗ ਪਲਾਂਟ ਨੂੰ ਲੈ ਕੇ ਚਰਚਾ ਹੋਈ ਤੇ ਇਸ ਪਲਾਂਟ ਨੂੰ ਲੈ ਕੇ ਚੰਡੀਗੜ੍ਹ ਪੰਜਾਬ ਦੇ ਰੋਪੜ ਸਥਿਤ ਆਈਆਈਟੀ ਵੱਲੋਂ ਵਿਸਥਾਰਤ ਰਿਪੋਰਟ ਬਣਾਉਣ ਦੇ ਫੈਸਲੇ ਸਬੰਧੀ ਵਿਰੋਧੀ ਧਿਰ ਕਾਂਗਰਸ ਦੇ ਕੌਂਸਲਰ ਸਤੀਸ਼ ਕੈਂਥ ਨੇ ਇਤਰਾਜ ਕੀਤਾ। ਕੌਂਸਲਰ ਸਤੀਸ਼ ਕੈਂਥ ਨੇ ਇਤਰਾਜ ਕਰਦੇ ਹੋਏ ਕਿਹਾ ਕਿ ਬਿਨਾਂ ਡਿਟੇਲ ਪ੍ਰਾਜੈਕਟ ਰਿਪੋਰਟ (ਡੀਪੀਆਰ) ਦਾ ਇੰਤਜਾਰ ਕੀਤੇ ਹੀ ਨਿਗਮ ਵੱਲੋਂ ਇਸ ’ਤੇ ਫੈਸਲਾ ਲੈਣਾ ਗਲਤ ਹੈ। ਸਤੀਸ਼ ਕੈਂਥ ਦੇ ਸਵਾਲ ਦਾ ਜਵਾਬ ਦਿੰਦੇ ਹੋਏ ਨਿਗਮ ਕਮਿਸ਼ਨਰ ਕਮਲ ਕਿਸ਼ੋਰ ਯਾਦਵ ਨੇ ਕਿਹਾ ਕਿ ਇਹ ਬਿਨਾਂ ਕਿਸੇ ਗੱਲ ਤੋਂ ਮੁੱਦਾ ਬਣਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਜੇ ਨਗਰ ਨਿਗਮ ਇਸ ਮਹੱਤਪੂਰਨ ਪ੍ਰਾਜੈਕਟ ਲਈ ਆਈਆਈਟੀ ਰੋਪੜ ਵੱਲੋਂ ਕੰਮ ਕਰਾ ਰਿਹਾ ਹੈ ਤਾਂ ਇਸ ਵਿੱਚ ਕੀ ਗਲਤ ਹੈ।
ਉਧਰ, ਮੀਟਿੰਗ ਦੌਰਾਨ ਇਥੋਂ ਦੇ ਸੈਕਟਰ-47 ਸਥਿਤ ਜੰਝ ਘਰ ਨੂੰ ਤੋੜ ਕੇ ਬੈਂਕੁਇਟ ਹਾਲ ਬਣਾਉਣ ਦੇ ਮਤੇ ਨੂੰ ਹਰੀ ਝੰਡੀ ਦਿੱਤੀ ਗਈ। ਇਸ ਬੈਂਕੁਇਟ ਹਾਲ ’ਤੇ ਨਿਗਮ ਵੱਲੋਂ 76 ਲੱਖ 50 ਹਜ਼ਾਰ ਰੁਪਏ ਖਰਚ ਕੀਤੇ ਜਾਣਗੇ। ਇਹ ਸ਼ਹਿਰ ਦਾ ਪਹਿਲਾ ਅਜਿਹਾ ਬੈਂਕੁਇਟ ਹਾਲ ਹੋਵੇਗਾ ਜਿਸ ਵਿੱਚ 800, 300 ਅਤੇ 150 ਮਹਿਮਾਨਾਂ ਦੀ ਸਮਰੱਥਾ ਵਾਲੇ ਤਿੰਨ ਹਾਲ ਬਣਾਏ ਜਾਣਗੇ।