ਸੁਖਵਿੰਦਰ ਪਾਲ ਸੋਢੀ
ਚੰਡੀਗੜ੍ਹ, 12 ਦਸੰਬਰ
ਇੱਥੋਂ ਦੇ ਇੰਟਰਨੈਸ਼ਨਲ ਬੈਕਾਲੌਰੀਏਟ (ਸਵਿੱਸ ਬੋਰਡ) ਤੇ ਕੈਂਬਰਿਜ ਨਾਲ ਸਬੰਧਤ ਸਕੂਲ ਨੇ ਆਪਣੇ ਵਿਦਿਆਰਥੀਆਂ ਲਈ ਪੰਜਾਬੀ ਵਿਸ਼ਾ ਲਾਜ਼ਮੀ ਕਰ ਦਿੱਤਾ ਹੈ ਜਦਕਿ ਯੂਟੀ ਦੇ ਜ਼ਿਆਦਾਤਰ ਪ੍ਰਾਈਵੇਟ ਸਕੂਲਾਂ ਨੇ ਪੰਜਾਬੀ ਤੋਂ ਦੂਰੀ ਬਣਾਈ ਹੋਈ ਹੈ। ਇਨ੍ਹਾਂ ਸਕੂਲਾਂ ਵੱਲੋਂ ਸਿਰਫ ਪੰਜਾਬੀ ਨੂੰ ਚੋਣਵੇਂ ਵਿਸ਼ੇ ਵਿੱਚ ਹੀ ਪੜ੍ਹਨ ਦੀ ਨਾਂਮਾਤਰ ਸਹੂਲਤ ਦਿੱਤੀ ਜਾ ਰਹੀ ਹੈ ਜਦਕਿ ਸਰਕਾਰੀ ਸਕੂਲਾਂ ਵਿੱਚ ਪੰਜਾਬੀ ਨੂੰ ਬਣਦਾ ਸਥਾਨ ਦਿੱਤਾ ਜਾ ਰਿਹਾ ਹੈ।
ਫਸਟ ਸਟੈੱਪ ਇੰਟਰਨੈਸ਼ਨਲ ਸਕੂਲ ਸੈਕਟਰ-26 ਨੇ ਆਪਣੀ ਤੀਜੀ ਜਮਾਤ ਤੋਂ ਪੜ੍ਹਦੇ ਵਿਦਿਆਰਥੀਆਂ ਲਈ ਪੰਜਾਬੀ ਪੜ੍ਹਨੀ ਲਾਜ਼ਮੀ ਕਰ ਦਿੱਤੀ ਹੈ। ਇਸ ਸਕੂਲ ਵਿੱਚ ਚਾਰ ਸੌ ਦੇ ਕਰੀਬ ਵਿਦਿਆਰਥੀ ਪੜ੍ਹਦੇ ਹਨ ਜਿਨ੍ਹਾਂ ਨੂੰ ਮਾਂ ਬੋਲੀ ਨਾਲ ਜੁੜਨ ਲਈ ਪ੍ਰੇਰਿਆ ਜਾਂਦਾ ਹੈ। ਸਕੂਲ ਦੇ ਜੂਨੀਅਰ ਵਿੰਗ ਦੀ ਮੁਖੀ ਰਚਨਜੀਤ ਕੌਰ ਸੰਧੂ ਨੇ ਦੱਸਿਆ ਕਿ ਇੰਟਰਨੈਸ਼ਨਲ ਬੈਕਾਲੌਰੀਏਟ (ਆਈਬੀ) ਤੇ ਕੈਂਬਰਿਜ ਦੇ ਨਿਯਮ ਹਨ ਕਿ ਜੇ ਬੱਚਿਆਂ ਨੂੰ ਮਾਂ ਬੋਲੀ ਵਿੱਚ ਵੱਧ ਤੋਂ ਵੱਧ ਸਿੱਖਿਆ ਦਿੱਤੀ ਜਾਵੇ ਤਾਂ ਹੀ ਬੱਚਿਆਂ ਦਾ ਬਹੁ ਪੱਖੀ ਵਿਕਾਸ ਹੋ ਸਕਦਾ ਹੈ। ਉਨ੍ਹਾਂ ਦੱਸਿਆ ਕਿ ਸਕੂਲ ਵੱਲੋਂ ਵਿਦਿਆਰਥੀਆਂ ਤੇ ਉਨ੍ਹਾਂ ਦੇ ਮਾਪਿਆਂ ਨੂੰ ਪੰਜਾਬੀ ਨਾਲ ਜੁੜਨ ਲਈ ਪ੍ਰੇਰਿਆ ਜਾਂਦਾ ਹੈ। ਇੱਥੋਂ ਦੇ ਜ਼ਿਆਦਾਤਰ ਮਾਪੇ ਚਾਹੁੰਦੇ ਹਨ ਕਿ ਉਨ੍ਹਾਂ ਦੇ ਬੱਚਿਆਂ ਨੂੰ ਅੰਗਰੇਜ਼ੀ ਹੀ ਪੜ੍ਹਾਈ ਜਾਵੇ ਪਰ ਮਾਹਰਾਂ ਦਾ ਮੰਨਣਾ ਹੈ ਕਿ ਜੇ ਬੱਚਿਆਂ ਨੂੰ ਚਾਰ ਤੋਂ ਵੱਧ ਭਾਸ਼ਾਵਾਂ ਸਿਖਾਈਆਂ ਜਾਣ ਤਾਂ ਉਨ੍ਹਾਂ ਦਾ ਮਾਨਸਿਕ ਪੱਧਰ ਹੋਰ ਬੱਚਿਆਂ ਦੇ ਮੁਕਾਬਲੇੇ ਜ਼ਿਆਦਾ ਹੁੰਦਾ ਹੈ। ਸਕੂਲ ਵਿੱਚ ਮਰਾਠੀ, ਤੇਲਗੂ ਤੇ ਕੰਨੜ ਭਾਸ਼ਾਵਾਂ ਨਾਲ ਸਬੰਧਤ ਬੱਚੇ ਵੀ ਪੜ੍ਹਦੇ ਹਨ ਤੇ ਭਵਿੱਖ ਵਿਚ ਉਨ੍ਹਾਂ ਦੀ ਮਾਂ ਬੋਲੀ ਸਿਖਾਉਣ ਦੀ ਯੋਜਨਾ ਵੀ ਹੈ।
ਚੌਥੀ ਤੋਂ ਦੂਜੀ ਭਾਸ਼ਾ ਪੜ੍ਹਾਉਣ ਦਾ ਨਿਯਮ
ਯੂਟੀ ਸਿੱਖਿਆ ਵਿਭਾਗ ਦੇ ਨਿਯਮਾਂ ਅਨੁਸਾਰ ਹਰ ਬੱਚੇ ਨੂੰ ਪਹਿਲੀ ਜਮਾਤ ਤੋਂ ਮਾਤ ਭਾਸ਼ਾ ਪੜ੍ਹਾਉਣੀ ਜ਼ਰੂਰੀ ਹੈ। ਜੇ ਕਿਸੇ ਦੀ ਮਾਤ ਭਾਸ਼ਾ ਹਿੰਦੀ ਹੈ ਤਾਂ ਉਹ ਦੂਜੀ ਭਾਸ਼ਾ ਵਜੋਂ ਪੰਜਾਬੀ ਪੜ੍ਹਨਾ ਚਾਹੁੰਦਾ ਹੈ ਤਾਂ ਉਸ ਨੂੰ ਚੌਥੀ ਤੋਂ ਅੱਠਵੀਂ ਜਮਾਤ ਤਕ ਪੰਜਾਬੀ ਦੂਜੀ ਭਾਸ਼ਾ ਵਜੋਂ ਪੜ੍ਹਾਈ ਜਾਵੇਗੀ। ਇੱਥੋਂ ਦੇ ਸਰਕਾਰੀ ਸਕੂਲਾਂ ਦੇ ਪੰਜਾਬੀ ਦੇ ਅਧਿਆਪਕਾਂ ਨੇ ਦੱਸਿਆ ਕਿ ਚੰਡੀਗੜ੍ਹ ਵਿੱਚ ਪੰਜਾਬੀ ਪੜ੍ਹਨ ਵਾਲੇ ਵਿਦਿਆਰਥੀਆਂ ਦੀ ਗਿਣਤੀ ਵਧ ਰਹੀ ਹੈ ਤੇ ਵਿਦਿਆਰਥੀ ਪੰਜਾਬੀ ਭਾਸ਼ਾ ਪ੍ਰਤੀ ਉਤਸ਼ਾਹ ਦਿਖਾ ਰਹੇ ਹਨ।
ਛੇਵੀਂ ਤੋਂ ਅੱਠਵੀਂ ਤੱਕ ਚੋਣਵੇਂ ਵਿਸ਼ੇ ਵਜੋਂ ਪੜ੍ਹਾਉਂਦੇ ਹਨ ਪੰਜਾਬੀ
ਸ਼ਹਿਰ ਦੇ ਕਈ ਮੋਹਰੀ ਸਕੂਲ ਪੰਜਾਬੀ ਭਾਸ਼ਾ ਨੂੰ ਬਣਦੀ ਤਰਜੀਹ ਨਹੀਂ ਦਿੰਦੇ ਤੇ ਇਨ੍ਹਾਂ ਸਕੂਲਾਂ ਵਿੱਚ ਛੇਵੀਂ ਤੋਂ ਅੱਠਵੀਂ ਜਮਾਤ ਤੱਕ ਪੰਜਾਬੀ ਚੋਣਵੇਂ ਵਿਸ਼ੇ ਵਜੋਂ ਪੜ੍ਹਾਈ ਜਾਂਦੀ ਹੈ। ਇਨ੍ਹਾਂ ਸਕੂਲਾਂ ਵਿੱਚ ਅੱਠਵੀਂਂ ਜਮਾਤ ਤੋਂ ਬਾਅਦ ਹਿੰਦੀ ਜਾਂ ਸੰਸਕ੍ਰਿਤ ਵਿੱਚੋਂ ਇਕ ਵਿਸ਼ਾ ਲੈਣ ਦੀ ਹੀ ਸਹੂਲਤ ਹੁੰਦੀ ਹੈ। ਸੈਕਟਰ-25, 27 ਤੇ 38 ਦੇ ਪ੍ਰਾਈਵੇਟ ਸਕੂਲਾਂ ਵਿੱਚ ਪੜ੍ਹਦੇ ਬੱਚਿਆਂ ਦੇ ਮਾਪਿਆਂ ਨੇ ਦੱਸਿਆ ਕਿ ਇਨ੍ਹਾਂ ਸਕੂਲਾਂ ਵਿੱਚ ਪੰਜਾਬੀ ਨੂੰ ਬਣਦਾ ਸਥਾਨ ਦਿਵਾਉਣ ਲਈ ਪ੍ਰਸ਼ਾਸਨ ਨੂੰ ਚਾਰਾਜ਼ੋਈ ਕਰਨੀ ਚਾਹੀਦੀ ਹੈ।