ਕੁਲਦੀਪ ਸਿੰਘ
ਚੰਡੀਗੜ੍ਹ, 26 ਅਪਰੈਲ
ਪੰਜਾਬ ਯੂਨੀਵਰਸਿਟੀ ਵਿੱਚ ਗੋਇਲ-ਚਤਰਥ ਗਰੁੱਪ ਦੇ ਸੈਨੇਟਰਾਂ ਨੂੰ ਬਾਹਰ ਕਰਨ ਤੋਂ ਬਾਅਦ ਅੱਜ ਹੋਈ ਪਲੇਠੀ ਸੈਨੇਟ ਮੀਟਿੰਗ ਵਿੱਚ ਸਾਰੇ ਮਤੇ ਬਹੁਸੰਮਤੀ ਨਾਲ ਪਾਸ ਕਰ ਦਿੱਤੇ ਗਏ। ਵਾਈਸ ਚਾਂਸਲਰ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਵਿੱਚ ਹੋਰਨਾਂ ਸੈਨੇਟਰਾਂ ਤੋਂ ਇਲਾਵਾ ਕੇਂਦਰੀ ਮੰਤਰੀ ਸੋਮ ਪ੍ਰਕਾਸ਼, ਭਾਜਪਾ ਆਗੂ ਅਤੇ ਐਡੀਸ਼ਨਲ ਸੌਲੀਸਿਟਰ ਜਨਰਲ ਆਫ਼ ਇੰਡੀਆ ਸੱਤਪਾਲ ਜੈਨ ਵੀ ਹਾਜ਼ਰ ਸਨ।
ਮੀਟਿੰਗ ਵਿੱਚ ਅਹਿਮ ਮਤਾ ਇਹ ਪਾਸ ਕੀਤਾ ਗਿਆ ਕਿ ਸੈਕਟਰ 25 ਸਥਿਤ ਪੀਯੂ ਕੈਂਪਸ ਵਿੱਚ ਬਣ ਰਹੇ ਬਹੁ-ਮੰਤਵੀ ਆਡੀਟੋਰੀਅਮ ਕੰਪਲੈਕਸ ਨੂੰ ਚਲਾਉਣ ਲਈ ਕੰਪਨੀ ਐਕਟ ਦੇ ਤਹਿਤ ਵੱਖਰੀ ਇਕਾਈ ਬਣਾਈ ਜਾਵੇਗੀ ਜਿਸ ਨਾਲ ’ਵਰਸਿਟੀ ਦੀ ਆਮਦਨ ਵਿੱਚ ਵੀ ਵਾਧਾ ਕੀਤਾ ਜਾ ਸਕੇਗਾ।
ਮੈਂਬਰਾਂ ਵੱਲੋਂ ਸੁਝਾਅ ਦਿੱਤੇ ਗਏ ਕਿ ਇਸ ਪ੍ਰੋਜੈਕਟ ਨੂੰ ਸਵੈ-ਨਿਰਭਰ ਮਾਡਲ ’ਤੇ ਚੱਲਣਾ ਚਾਹੀਦਾ ਹੈ ਅਤੇ ਪ੍ਰਾਜੈਕਟ ਦੇ ਸਾਲਾਨਾ ਖਰਚਿਆਂ ਨੂੰ ਯੂਨੀਵਰਸਿਟੀ ਦੇ ਬਜਟ ਦਾ ਹਿੱਸਾ ਨਾ ਬਣਾਇਆ ਜਾਵੇ। ਇਸ ਇਕਾਈ ਦੇ ਪ੍ਰਵਾਨਿਤ ਢਾਂਚੇ ਵਿੱਚ ਵਾਈਸ ਚਾਂਸਲਰ ਐਕਸ-ਆਫੀਸ਼ੀਓ ਮੈਨੇਜਿੰਗ ਡਾਇਰੈਕਟਰ/ਚੇਅਰਪਰਸਨ ਦੇ ਤੌਰ ’ਤੇ ਕੰਮ ਕਰਨਗੇ ਜਦਕਿ ਬੋਰਡ ਆਫ਼ ਡਾਇਰੈਕਟਰਜ਼ ਯੂਨੀਵਰਸਿਟੀ ਦੇ ਸੀਨੀਅਰ ਅਧਿਕਾਰੀਆਂ ਵਿੱਚੋਂ ਵਾਈਸ ਚਾਂਸਲਰ ਵੱਲੋਂ ਨਾਮਜ਼ਦ ਕੀਤੇ ਜਾਣਗੇ।
ਮੀਟਿੰਗ ਵਿੱਚ ਇਹ ਵੀ ਮਤਾ ਪਾਸ ਕੀਤਾ ਗਿਆ ਕਿ ਮੌਜੂਦਾ ਕੋਵਿਡ-19 ਮਹਾਮਾਰੀ ਕਰਕੇ ਲੱਗੀਆਂ ਪਾਬੰਦੀਆਂ ਜਾਂ ਭਵਿੱਖ ਵਿੱਚ ਪੈਦਾ ਹੋਣ ਵਾਲੀਆਂ ਇਸ ਤਰ੍ਹਾਂ ਦੀਆਂ ਅਸਾਧਾਰਨ ਸਥਿਤੀਆਂ ਦੌਰਾਨ ਪੀ.ਐੱਚ.ਡੀ. ਦੇ ਵਾਈਵਾ-ਵੋਸ ਸਮੇਂ ਉਮੀਦਵਾਰ/ਉਮੀਦਵਾਰਾਂ ਦੀ ਸਰੀਰਕ ਮੌਜੂਦਗੀ ਦੀ ਲੋੜ ਨਾ ਪਵੇ। ਮੀਟਿੰਗ ਦੌਰਾਨ ਭਾਵੇਂ ਬਹੁਸੰਮਤੀ ਨਾਲ ਏਜੰਡਾ ਆਈਟਮਾਂ ਪਾਸ ਕਰ ਦਿੱਤੀਆਂ ਗਈਆਂ ਪਰ ਕਾਲਜਾਂ ਦੀ ਐਫੀਲੀਏਸ਼ਨ ਵਰਗੇ ਇੱਕਾ-ਦੁੱਕਾ ਮੁੱਦਿਆਂ ਉੱਤੇ ਸੈਨੇਟਰ ਹਰਪ੍ਰੀਤ ਸਿੰਘ ਦੂਆ ਤੇ ਨਰੇਸ਼ ਗੌੜ ਨੇ ਆਪਣੀ ਗੱਲ ਪੂਰੀ ਗਰਮਜੋਸ਼ੀ ਨਾਲ ਰੱਖੀ। ਸ੍ਰੀ ਦੂਆ ਅਤੇ ਸ੍ਰੀ ਗੌੜ ਨੇ ਕਿਹਾ ਕਿ ਜਿਹੜੇ ਕਾਲਜਾਂ ਦੀ ਐਫੀਲੀਏਸ਼ਨ ਦਾ ਮੁੱਦਾ ਭਾਵੇਂ ਸੂਚਨਾ ਹਿੱਤ ਹੀ ਮੀਟਿੰਗ ਵਿੱਚ ਲਿਆਂਦਾ ਗਿਆ ਹੈ ਪਰ ਉਨ੍ਹਾਂ ਬਾਰੇ ਪੂਰਾ ਰਿਕਾਰਡ ਤਾਂ ਸੈਨੇਟਰਾਂ ਨੂੰ ਦਿਖਾਇਆ ਜਾਵੇ। ਦੋਵੇਂ ਸੈਨੇਟਰਾਂ ਦੇ ਇਸ ਤਿੱਖੇ ਵਿਰੋਧ ਦੌਰਾਨ ਉਨ੍ਹਾਂ ਨੂੰ ਵਾਈਸ ਚਾਂਸਲਰ ਨੇ ਮੀਟਿੰਗ ’ਚੋਂ ਬਾਹਰ ਭੇਜਣ ਦੀ ਧਮਕੀ ਵੀ ਦਿੱਤੀ ਪਰ ਉਹ ਆਪਣੀ ਗੱਲ ਕਹਿੰਦੇ ਰਹੇ।
ਜ਼ਿਕਰਯੋਗ ਹੈ ਕਿ ਪੰਜਾਬ ਯੂਨੀਵਰਸਿਟੀ ਉੱਤਰ ਭਾਰਤ ਦੀ ਅਹਿਮ ਯੂਨੀਵਰਸਿਟੀ ਹੈ ਜਿਥੇ ਵੱਖ ਵੱਖ ਸੂਬਿਆਂ ਅਤੇ ਵਿਦੇਸ਼ਾਂ ਤੋਂ ਵਿਦਿਆਰਥੀ ਸਿੱਖਿਆ ਪ੍ਰਾਪਤ ਕਰਨ ਲਈ ਆਉਂਦੇ ਹਨ।
ਅੰਬੇਡਕਰ ਸਟੂਡੈਂਟਸ ਐਸੋਸੀਏਸ਼ਨ ਵੱਲੋਂ ਮੀਟਿੰਗ ਹਾਲ ਅੱਗੇ ਨਾਅਰੇਬਾਜ਼ੀ
ਅੰਬੇਡਕਰ ਸਟੂਡੈਂਟਸ ਐਸੋਸੀਏਸ਼ਨ ਵੱਲੋਂ ਸੈਨੇਟ ਮੀਟਿੰਗ ਹਾਲ ਦੇ ਬਾਹਰ ਆਪਣੀਆਂ ਮੰਗਾਂ ਨੂੰ ਲੈ ਕੇ ਨਾਅਰੇਬਾਜ਼ੀ ਕੀਤੀ ਗਈ ਅਤੇ ਆਪਣੇ ਹੱਥਾਂ ਵਿੱਚ ਮੰਗਾਂ ਵਾਲੀਆਂ ਤਖ਼ਤੀਆਂ ਫੜ ਕੇ ਮੀਟਿੰਗ ਵਿੱਚ ਜਾ ਰਹੇ ਸੈਨੇਟਰਾਂ ਵੱਲ ਰੋਸ ਵਿਖਾਵਾ ਕੀਤਾ ਗਿਆ। ਮੀਟਿੰਗ ਸ਼ੁਰੂ ਹੋਣ ਤੋਂ ਪਹਿਲਾਂ ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਸਮੇਤ ਸੈਨੇਟਰਾਂ ਨੂੰ ਮੰਗ ਪੱਤਰ ਵੀ ਦਿੱਤੇ ਗਏ। ਐਸੋਸੀਏਸ਼ਨ ਆਗੂ ਗੁਰਦੀਪ ਸਿੰਘ ਨੇ ਦੱਸਿਆ ਕਿ ਮੰਗਾਂ ਵਿੱਚ ਪੋਸਟ ਮੈਟ੍ਰਿਕ ਸਕਾਲਰਸ਼ਿਪ ਵਾਲੀ ਰਾਸ਼ੀ ਜਾਰੀ ਨਾ ਹੋਣ ਦੀ ਵਜ੍ਹਾ ਕਰਕੇ ਵਿਦਿਆਰਥੀਆਂ ਦੇ ਰੁਕੇ ਹੋਏ ਸਰਟੀਫਿਕੇਟ ਤੇ ਡਿਗਰੀਆਂ ਜਾਰੀ ਕਰਵਾਉਣ ਸਮੇਤ ਕੁੱਲ ਚਾਰ ਮੰਗਾਂ ਸ਼ਾਮਲ ਕੀਤੀਆਂ ਗਈਆਂ ਹਨ। ਐਸੋਸੀਏਸ਼ਨ ਦੇ ਮੈਂਬਰਾਂ ਨੇ ਪੀਯੂ ਅਥਾਰਿਟੀ ਨੂੰ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਜੇਕਰ ਮੰਗਾਂ ਨਾ ਮੰਨੀਆਂ ਗਈਆਂ ਤਾਂ ਜਲਦ ਹੀ ਐਸੋਸੀਏਸ਼ਨ ਵੱਲੋਂ ਪੱਕੇ ਤੌਰ ’ਤੇ ਧਰਨਾ ਸ਼ੁਰੂ ਕਰ ਦਿੱਤਾ ਜਾਵੇਗਾ।
ਪੂਟਾ ਪ੍ਰਧਾਨ ਨੇ ਤਨਖਾਹ ਸਕੇਲਾਂ ਦਾ ਮੁੱਦਾ ਉਠਾਇਆ
ਸੈਨੇਟ ਮੀਟਿੰਗ ਦੌਰਾਨ ਸਿਫ਼ਰ ਕਾਲ ਵਿੱਚ ਪੰਜਾਬ ਯੂਨੀਵਰਸਿਟੀ ਟੀਚਰਜ਼ ਐਸੋਸੀਏਸ਼ਨ ਦੇ ਪ੍ਰਧਾਨ ਡਾ. ਮ੍ਰਿਤੁੰਜਯ ਕੁਮਾਰ ਨੇ ਕੇਂਦਰੀ ਤਨਖਾਹ ਸਕੇਲਾਂ ਦਾ ਮੁੱਦਾ ਰੱਖਿਆ ਅਤੇ ਮੰਗ ਕੀਤੀ ਕਿ ਜਦੋਂ ਯੂਟੀ ਪ੍ਰਸ਼ਾਸਨ ਵੱਲੋਂ ਪੀਯੂ ਅਧੀਨ ਚੰਡੀਗੜ੍ਹ ਵਿਚਲੇ ਸਾਰੇ ਕਾਲਜਾਂ ਨੂੰ ਕੇਂਦਰੀ ਤਨਖਾਹ ਸਕੇਲਾਂ ਨਾਲ ਜੋੜਿਆ ਗਿਆ ਹੈ ਤਾਂ ਪੀਯੂ ਦੇ ਸਟਾਫ਼ ਨੂੰ ਵੀ ਉਸੇ ਨੋਟੀਫਿਕੇਸ਼ਨ ਅਧੀਨ ਵਿਚਾਰਿਆ ਜਾਵੇ। ਇਸ ਤੋਂ ਪਹਿਲਾਂ ਪੂਟਾ ਪ੍ਰਧਾਨ ਨੂੰ ਵਾਈਸ ਚਾਂਸਲਰ ਸਮੇਤ ਕਈ ਸੈਨੇਟ ਮੈਂਬਰਾਂ ਦੀ ਬੇਰੁਖੀ ਦਾ ਸਾਹਮਣਾ ਵੀ ਕਰਨਾ ਪਿਆ ਪਰ ਪੂਰੇ ਸਬਰ-ਸੰਤੋਖ ਨਾਲ ਉਨ੍ਹਾਂ ਸਮਾਂ ਆਉਣ ’ਤੇ ਆਪਣੀ ਮੰਗ ਰੱਖੀ।