ਚਰਨਜੀਤ ਸਿੰਘ ਚੰਨੀ
ਮੁੱਲਾਂਪੁਰ ਗ਼ਰੀਬਦਾਸ, 16 ਅਕਤੂਬਰ
ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਨੇੜੇ ਮਿਉਂਸਿਪਲ ਕੌਂਸਲ ਨਵਾਂ ਗਾਉਂ ਦੇ ਲੋਕ ਮੁੱਢਲੀਆਂ ਸੁੱਖ-ਸਹੂਲਤਾਂ ਨੂੰ ਤਰਸ ਰਹੇ ਹਨ। ਇੱਕ ਲੱਖ ਤੋਂ ਵੱਧ ਦੀ ਆਬਾਦੀ ਵਾਲੇ ਪਿੰਡ ਵਿੱਚ ਸੀਵਰੇਜ ਤੱਕ ਦੀ ਸਹੂਲਤ ਨਹੀਂ ਹੈ। ਜ਼ਿਕਰਯੋਗ ਹੈ ਕਿ ਲਗਪਗ ਤਿੰਨ ਦਹਾਕੇ ਪਹਿਲਾਂ ਨਵਾਂ ਗਾਉਂ ਪਿੰਡ ਹੁੰਦਾ ਸੀ।
ਇਸ ਸਬੰਧੀ ਸਾਬਕਾ ਮੰਤਰੀ ਜਗਮੋਹਨ ਸਿੰਘ ਕੰਗ ਨੇ ਦੱਸਿਆ ਕਿ ਇਲਾਕੇ ਦੇ ਸਰਬਪੱਖੀ ਵਿਕਾਸ ਦੇ ਮੱਦੇਨਜ਼ਰ ਉਨ੍ਹਾਂ ਨੇ ਸਾਲ 2006 ਵਿੱਚ ਕਾਂਗਰਸ ਸਰਕਾਰ ਵੇਲੇ ਨਵਾਂ ਗਾਉਂ ਪਿੰਡ ਨੂੰ ਨਾਡਾ, ਕਾਂਸਲ, ਸਿੰਘਾ ਦੇਵੀ, ਜਨਤਾ ਕਲੋਨੀ ਤੇ ਟ੍ਰਿਬਿਊਨ ਕਲੋਨੀ ਕਾਂਸਲ ਆਦਿ ਨੂੰ ਜੋੜ ਕੇ ਨੋਟੀਫਾਈਡ ਏਰੀਆ ਕਮੇਟੀ ਦਾ ਦਰਜਾ ਦਿਵਾਇਆ ਸੀ। ਜਾਣਕਾਰੀ ਅਨੁਸਾਰ, ਅਕਾਲੀ ਭਾਜਪਾ ਗੱਠਜੋੜ ਸਰਕਾਰ ਸਮੇਂ 17 ਜੂਨ 2011 ਨੂੰ ਤਤਕਾਲੀ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਨਵਾਂ ਗਾਉਂ ਵਿੱਚ ਜਲ ਸਪਲਾਈ ਤੇ ਸੀਵਰੇਜ ਯੋਜਨਾ ਦਾ ਨੀਂਹ ਪੱਥਰ ਰੱਖਿਆ ਸੀ, ਜੋ 11 ਸਾਲ ਬੀਤ ਜਾਣ ਦੇ ਬਾਵਜੂਦ ਅੱਧ-ਵਿਚਾਲੇ ਲਟਕ ਰਿਹਾ ਹੈ।
ਬਲਵੀਰ ਸਿੰਘ, ਦਵਿੰਦਰ ਕੁਮਾਰ ਤੇ ਗੁਰਵਿੰਦਰ ਸਿੰਘ ਨੇ ਦੱਸਿਆ ਕਿ ਮਾਸਟਰ ਪਲਾਨ ਤਹਿਤ ਰੱਖੀ ਗਈ ਸੀਵਰੇਜ ਟਰੀਟਮੈਂਟ ਪਲਾਂਟ ਵਾਲੀ ਥਾਂ ’ਤੇ ਭੂ-ਮਾਫੀਆ ਦਾ ਕਬਜ਼ਾ ਹੈ।
ਉਨ੍ਹਾਂ ਕਿਹਾ ਕਿ ਪਿਛਲੇ ਕਰੀਬ 11 ਸਾਲਾਂ ਤੋਂ ਅੱਧ-ਵਿਚਾਲੇ ਲਟਕ ਰਹੇ ਇਸ ਪ੍ਰਾਜੈਕਟ ਨੂੰ ਨੇਪਰੇ ਚੜ੍ਹਾਉਣ ਲਈ ਹੁਣ ‘ਆਪ’ ਸਰਕਾਰ ਕੋਲੋਂ ਲੋਕਾਂ ਨੂੰ ਵੱਡੀਆਂ ਆਸਾਂ ਹਨ। ਇਸੇ ਸਬੰਧੀ ਹਲਕਾ ਖਰੜ ਤੋਂ ਵਿਧਾਇਕ ਅਤੇ ਸੱਭਿਆਚਾਰਕ ਮੰਤਰੀ ਬੀਬਾ ਅਨਮੋਲ ਗਗਨ ਮਾਨ ਨੇ ਦੱਸਿਆ ਕਿ ਕਾਂਗਰਸ ਤੇ ਅਕਾਲੀ ਸਰਕਾਰਾਂ ਵੱਲੋਂ ਕੀਤੀ ਬੇਧਿਆਨੀ ਤੇ ਵਿਸਾਰੀ ਗਈ ਲੋਕਾਂ ਦੀ ਮੁੱਢਲੀ ਸੁੱਖ ਸਹੂਲਤ ਨੂੰ ਨੇਪਰੇ ਚੜ੍ਹਾਉਣ ਲਈ ਉਹ ਹਰ ਕੋਸ਼ਿਸ਼ ਕਰ ਰਹੇ ਹਨ।