ਮਿਹਰ ਸਿੰਘ
ਕੁਰਾਲੀ, 22 ਅਪਰੈਲ
ਸ਼ਹਿਰ ਦੀ ਚੰਡੀਗੜ੍ਹ ਰੋਡ ’ਤੇ ਜਮ੍ਹਾਂ ਹੋਇਆ ਦੂਸ਼ਿਤ ਪਾਣੀ ਸ਼ਹਿਰ ਦੀ ਦਿੱਖ ਨੂੰ ਵਿਗਾੜ ਰਿਹਾ ਹੈ। ਦੂਸ਼ਿਤ ਤੇ ਬਾਰਿਸ਼ ਦੇ ਪਾਣੀ ਦੇ ਨਿਕਾਸੀ ਪ੍ਰਬੰਧ ਸਹੀ ਨਾ ਹੋਣ ਕਾਰਨ ਕੌਮੀ ਸੜਕ ਛੱਪੜ ਦਾ ਰੂਪ ਧਾਰਨ ਕਰਦੀ ਜਾ ਰਹੀ ਹੈ।
ਸ਼ਿਵ ਕੁਮਾਰ, ਅਜੇ ਕੁਮਾਰ, ਕਿਸ਼ਨ ਸਿੰਘ, ਰਾਜਬਚਨ ਸਿੰਘ, ਬਲਵਿੰਦਰ ਸਿੰਘ, ਪਰਵਿੰਦਰ ਸਿੰਘ, ਸੁਨੀਲ ਕੁਮਾਰ ਆਦਿ ਨੇ ਦੱਸਿਆ ਕਿ ਵਾਰਡ ਨੰਬਰ 11 ਵਿੱਚ ਪੈਂਦੇ ਬੈਂਕ ਸੁਕੇਅਰ ਦੇ ਅੱਗਿਓਂ ਲੰਘਦੀ ਜਰਨੈਲੀ ਸੜਕ ’ਤੇ ਅਕਸਰ ਦੂਸ਼ਿਤ ਪਾਣੀ ਦੇ ਛੱਪੜ ਬਣੇ ਰਹਿੰਦੇ ਹਨ। ਇਹ ਦੂਸ਼ਿਤ ਪਾਣੀ ਸ਼ਹਿਰ ਵਾਸੀਆ ਤੇ ਰਾਹਗੀਰਾਂ ਲਈ ਭਾਰੀ ਪ੍ਰੇਸ਼ਾਨੀ ਦਾ ਸੱਬਬ ਬਣਿਆ ਹੋਇਆ ਹੈ। ਸ਼ਹਿਰ ਵਾਸੀਆਂ ਨੇ ਦੱਸਿਆ ਕਿ ਸ਼ਹਿਰ ਵਿੱਚ ਹਲਕੀ ਬਾਰਿਸ਼ ਹੋਣ ਦੀ ਸੂਰਤ ਵਿੱਚ ਅਤੇ ਸੀਵਰੇਜ ਦੇ ਮੇਨ ਹੋਲ ਦੇ ਓਵਰਫਲੋਅ ਹੋਣ ਕਾਰਨ ਇਹ ਦੂਸ਼ਿਤ ਪਾਣੀ ਸੜਕ ’ਤੇ ਜਮ੍ਹਾਂ ਹੋ ਕੇ ਛੱਪੜ ਦਾ ਰੂਪ ਧਾਰਨ ਕਰ ਲੈਂਦਾ ਹੈ। ਇਸ ਕਾਰਨ ਬਿਮਾਰੀਆ ਫੈਲਣ ਦਾ ਖਦਸ਼ਾ ਵੀ ਅਕਸਰ ਬਣਿਆ ਰਹਿੰਦਾ ਹੈ। ਨਗਰ ਕੌਂਸਲ ਦੇ ਐਸਓ ਅਨਿਲ ਕੁਮਾਰ ਨੇ ਛੁੱਟੀ ’ਤੇ ਹੋਣ ਦੀ ਗੱਲ ਆਖੀ ਜਦਕਿ ਐੱਮਈ ਕੁਲਦੀਪ ਅੱਗਰਵਾਲ ਨੇ ਸਮੱਸਿਆ ਤੋਂ ਅਣਜਾਣ ਹੋਣ ਦਾ ਪ੍ਰਗਟਾਵਾ ਕੀਤਾ। ਉਨ੍ਹਾਂ ਕਿਹਾ ਕਿ ਹੋ ਸਕਦਾ ਹੈ ਕਿ ਸੀਵਰੇਜ ਸਿਸਟਮ ਵਿੱਚ ਨੁਕਸ ਕਾਰਨ ਸਮੱਸਿਆ ਆਈ ਹੋਵੇਗੀ ਜਿਸ ਦੇ ਹੱਲ ਲਈ ਸਬੰਧਤ ਵਿੰਗ ਨੂੰ ਹਦਾਇਕ ਕੀਤੀ ਜਾਵੇਗੀ।