ਪੱਤਰ ਪ੍ਰੇਰਕ
ਐੱਸ.ਏ.ਐੱਸ. ਨਗਰ (ਮੁਹਾਲੀ), 26 ਫਰਵਰੀ
ਮਟੌਰ ਪੁਲੀਸ ਨੇ ਇੱਥੋਂ ਦੇ ਸੈਕਟਰ-70 (ਪਿੰਡ ਮਟੌਰ) ਦੇ ਵਸਨੀਕ ਸੁਨੀਲ ਕੁਮਾਰ ਦੇ ਕਤਲ ਦੀ ਗੁੱਥੀ ਨੂੰ ਸੁਲਝਾਉਂਦਿਆਂ ਦੋ ਮੁਲਜ਼ਮਾਂ ਪੰਕਜ ਸ਼ਰਮਾ ਵਾਸੀ ਪਿੰਡ ਬੇਲਾ (ਹਮੀਰਪੁਰ) ਅਤੇ ਉਸ ਦੀ ਪ੍ਰੇਮਿਕਾ ਦਲਜੀਤ ਕੌਰ ਵਾਸੀ ਪਿੰਡ ਮਹਿਮਦਵਾਲ (ਕਪੂਰਥਲਾ) ਨੂੰ ਗ੍ਰਿਫ਼ਤਾਰ ਕਰਨ ਦਾ ਦਾਅਵ ਕੀਤਾ ਹੈ। ਪੰਕਜ ਇਸ ਸਮੇਂ ਦੁੱਗਲ ਹਾਊਸ ਨੇੜੇ ਖਾਲਸਾ ਸਕੂਲ ਬੱਸੀ ਪਠਾਣਾਂ ਅਤੇ ਦਲਜੀਤ ਕੌਰ ਪਿੰਡ ਕੋਟਲਾ (ਰੂਪਨਗਰ) ’ਚ ਰਹਿੰਦੀ ਸੀ।
ਅੱਜ ਇੱਥੇ ਐੱਸਐੱਸਪੀ ਸਤਿੰਦਰ ਸਿੰਘ ਨੇ ਦੱਸਿਆ ਕਿ ਮਟੌਰ ਪੁਲੀਸ ਦੀ ਟੀਮ ਨੇ ਮੁਲਜ਼ਮਾਂ ਨੂੰ ਕਾਬੂ ਕੀਤਾ ਹੈ। ਉਨ੍ਹਾਂ ਦੱਸਿਆ ਕਿ ਇਸ ਸਬੰਧੀ 12 ਫਰਵਰੀ ਨੂੰ ਸੁਨੀਲ ਕੁਮਾਰ ਦੇ ਵਾਰਸਾਂ ਨੇ ਮਟੌਰ ਥਾਣੇ ਵਿੱਚ ਗੁੰਮਸ਼ੁਦਗੀ ਰਿਪੋਰਟ ਦਰਜ ਕਰਵਾਈ ਸੀ ਕਿ ਸੁਨੀਲ ਦੋ ਦਿਨ ਤੋਂ ਘਰ ਨਹੀਂ ਆਇਆ ਹੈ। ਅਗਲੇ ਦਿਨ 13 ਫਰਵਰੀ ਨੂੰ ਥਾਣਾ ਮੁਖੀ ਨੇ ਭਾਖੜਾ ਨਹਿਰ ਥਾਣਾ ਪਸਿਆਣਾ ਨੇੜਿਓਂ ਸੁਨੀਲ ਦੀ ਪਾਣੀ ਵਿੱਚ ਤੈਰਦੀ ਹੋਈ ਲਾਸ਼ ਬਰਾਮਦ ਕੀਤੀ ਗਈ ਸੀ। ਪੁਲੀਸ ਅਨੁਸਾਰ ਮ੍ਰਿਤਕ ਸੁਨੀਲ ਕੁਮਾਰ ਦੇ ਹੱਥ ਰੱਸੀ ਨਾਲ ਬੰਨ੍ਹੇ ਹੋਏ ਸਨ ਅਤੇ ਗਲੇ ਵਿੱਚ ਟੇਪ ਤੇ ਰੁਮਾਲ ਬੰਨ੍ਹਿਆ ਹੋਇਆ ਸੀ। ਮੁੱਢਲੀ ਜਾਂਚ ਵਿੱਚ ਇਹ ਗੱਲ ਸਾਹਮਣੇ ਆਈ ਕਿ ਸੁਨੀਲ ਕਨਫੈਕਸ਼ਨਰੀ ਦੀ ਦੁਕਾਨ ਕਰਦਾ ਸੀ ਅਤੇ ਪੰਕਜ ਸ਼ਰਮਾ ਤੇ ਦਲਜੀਤ ਕੌਰ ਜੋ ਮਾਰਕੀਟਿੰਗ ਦਾ ਕੰਮ ਕਰਦੇ ਸੀ, ਉਹ ਸੁਨੀਲ ਦੀ ਦੁਕਾਨ ਤੋਂ ਵੀ ਮਾਲ ਸਪਲਾਈ ਕਰਦੇ ਸਨ। ਪੰਕਜ ਸ਼ਰਮਾ ਅਤੇ ਦਲਜੀਤ ਕੌਰ ਦੇ ਪ੍ਰੇਮ ਸਬੰਧ ਸਨ। ਕਾਰੋਬਾਰ ਵਿੱਚ ਸੁਨੀਲ ਦਾ ਪੰਕਜ ਨਾਲ ਪੈਸਿਆਂ ਦਾ ਲੈਣ ਦੇਣ ਸੀ। ਜਦੋਂ ਪੰਕਜ ਸ਼ਰਮਾ, ਸੁਨੀਲ ਤੋਂ ਪੈਸਿਆਂ ਦੀ ਮੰਗ ਕਰਦਾ ਸੀ ਤਾਂ ਉਹ ਪੈਸੇ ਦੇਣ ਦੀ ਬਜਾਏ ਉਲਟਾ ਉਨ੍ਹਾਂ ਨੂੰ ਪ੍ਰੇਮ ਸਬੰਧਾਂ ਕਾਰਨ ਬਲੈਕਮੇਲ ਕਰਦਾ ਸੀ ਜਿਸ ਤੋਂ ਤੰਗ ਆ ਕੇ ਮੁਲਜ਼ਮਾਂ ਨੇ ਬੀਤੀ 10 ਫਰਵਰੀ ਸੁਨੀਲ ਕੁਮਾਰ ਨੂੰ ਦਲਜੀਤ ਕੌਰ ਦੇ ਘਰ ਬੱਸੀ ਪਠਾਣਾਂ ਬੁਲਾਇਆ ਅਤੇ ਉਸ ਨੂੰ ਸ਼ਰਾਬ ਪਿਲਾ ਕੇ ਬੇਸੁੱਧ ਕਰ ਦਿੱਤਾ ਅਤੇ ਗਲਾ ਘੁੱਟ ਕੇ ਮਾਰਨ ਦੀ ਕੋਸ਼ਿਸ਼ ਕੀਤੀ ਪਰ ਉਹ ਨਹੀਂ ਮਰਿਆ। ਇਸ ਕਰਕੇ ਮੁਲਜ਼ਮਾਂ ਨੇ ਸੁਨੀਲ ਦਾ ਮੂੰਹ ਟੇਪ ਤੇ ਰੁਮਾਲ ਨਾਲ ਬੰਨ੍ਹ ਕੇ ਅਤੇ ਹੱਥ ਰੱਸੀ ਨਾਲ ਬੰਨ੍ਹ ਕੇ ਆਪਣੀ ਗੱਡੀ ਵਿੱਚ ਪਾ ਕੇ ਭਾਖੜਾ ਨਹਿਰ ਮੋਰਿੰਡਾ ਲੈ ਗਏ ਅਤੇ ਨਹਿਰ ਵਿੱਚ ਸੁੱਟ ਦਿੱਤਾ। ਐੱਸਐੱਸਪੀ ਨੇ ਦੱਸਿਆ ਕਿ ਪੁੱਛਗਿੱਛ ਦੌਰਾਨ ਮੁਲਜ਼ਮਾਂ ਨੇ ਆਪਣਾ ਜੁਰਮ ਕਬੂਲ ਕਰ ਲਿਆ ਹੈ ਅਤੇ ਵਾਰਦਾਤ ਵਿੱਚ ਵਰਤੀ ਆਲਟੋ ਕਾਰ ਵੀ ਪੁਲੀਸ ਨੇ ਆਪਣੇ ਕਬਜ਼ੇ ਵਿੱਚ ਲੈ ਲਈ ਹੈ।