ਜਗਮੋਹਨ ਸਿੰਘ
ਰੂਪਨਗਰ/ਘਨੌਲੀ, 5 ਅਕਤੂਬਰ
ਗੁਰੂ ਗੋਬਿੰਦ ਸਿੰਘ ਥਰਮਲ ਪਲਾਂਟ ਨੇੜੇ ਕੋਲੇ ਦੇ ਪਲਾਂਟ ਨਜ਼ਦੀਕ ਮਜ਼ਦੂਰਾਂ ਦੀਆਂ ਝੁੱਗੀਆਂ ਵਿੱਚ ਬੀਤੀ ਦੇਰ ਰਾਤ ਅੱਗ ਲੱਗ ਗਈ। ਇਸ ਦੌਰਾਨ ਜਾਨੀ ਨੁਕਸਾਨ ਤੋਂ ਬਚਾਅ ਰਿਹਾ ਪਰ 10 ਝੁੱਗੀਆਂ ਤੋਂ ਇਲਾਵਾ ਸਵਿਫਟ ਕਾਰ, ਮੋਟਰਸਾਈਕਲ, ਬੱਚਿਆਂ ਦੇ ਸਾਈਕਲ, ਕਿਤਾਬਾਂ ਅਤੇ ਨਕਦੀ ਤੋਂ ਇਲਾਵਾ ਹੋਰ ਸਾਮਾਨ ਸੜ ਗਿਆ। ਸਵਿੱਫਟ ਕਾਰ ਦੇ ਮਾਲਕ ਸੱਤਿਆ ਪ੍ਰਕਾਸ਼ ਯਾਦਵ ਨੇ ਸ਼ੱਕ ਜ਼ਾਹਿਰ ਕੀਤਾ ਹੈ ਕਿ ਕਿਸੇ ਸ਼ਰਾਰਤੀ ਵਿਅਕਤੀ ਨੇ ਉਸ ਦੀ ਕਾਰ ਸਾੜਨ ਲਈ ਅੱਗ ਲਗਾਈ ਜੋ ਅੱਗੇ ਵਧਦੀ ਹੋਈ ਝੁੱਗੀਆਂ ਤੱਕ ਜਾ ਪੁੱਜੀ। ਥਰਮਲ ਪਲਾਂਟ ਦੀਆਂ ਚਾਰ ਅੱਗ ਬੁਝਾਊ ਗੱਡੀਆਂ ਨੇ ਕਾਫੀ ਮੁਸ਼ੱਕਤ ਨਾਲ ਅੱਗ ’ਤੇ ਕਾਬੂ ਪਾਇਆ। ਚੌਕੀ ਇੰਚਾਰਜ ਗੁਰਮੁੱਖ ਸਿੰਘ ਨੇ ਕਿਹਾ ਕਿ ਪੁਲੀਸ ਨੇ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਤੇ ਕਸੂਰਵਾਰਾਂ ਖਿ਼ਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
ਤਹਿਸੀਲਦਾਰ ਨੇ ਰਾਸ਼ਨ ਮੁਹੱਈਆ ਕਰਵਾਇਆ
ਘਟਨਾ ਮਗਰੋਂ ਤਹਿਸੀਲਦਾਰ ਜਸਪ੍ਰੀਤ ਸਿੰਘ ਮੌਕੇ ’ਤੇ ਪੁੱਜੇ ਅਤੇ ਪੀੜਤ ਪਰਿਵਾਰਾਂ ਨੂੰ ਰਾਸ਼ਨ, ਬੱਚਿਆਂ ਲਈ ਕਾਪੀਆਂ ਤੇ ਕਿਤਾਬਾਂ ਮੁਹੱਈਆ ਕਰਵਾਈਆਂ। ਉਨ੍ਹਾਂ ਪੀੜਤਾਂ ਨਾਲ ਵਾਅਦਾ ਕੀਤਾ ਕਿ ਰੈੱਡ ਕਰਾਸ ਦੇ ਸਹਿਯੋਗ ਨਾਲ 15 ਦਿਨਾਂ ਦਾ ਰਾਸ਼ਨ ਤੇ ਹੋਰ ਲੋੜੀਂਦਾ ਸਾਮਾਨ ਦਿੱਤਾ ਜਾਵੇਗਾ ਤੇ ਪ੍ਰਸ਼ਾਸਨ ਵੱਲੋਂ ਰੈਣ ਬਸੇਰੇ ਬਣਾ ਕੇ ਦਿੱਤੇ ਜਾਣਗੇ। ਬਾਅਦ ਦੁਪਹਿਰ ਹਲਕਾ ਵਿਧਾਇਕ ਦਿਨੇਸ਼ ਚੱਢਾ ਨੇ ਵੀ ਪੀੜਤ ਪਰਿਵਾਰਾਂ ਨਾਲ ਮੁਲਾਕਾਤ ਕਰਕੇ ਹਰ ਸੰਭਵ ਮਦਦ ਦੇਣ ਦਾ ਵਾਅਦਾ ਕੀਤਾ।