ਪੱਤਰ ਪ੍ਰੇਰਕ
ਮੁੱਲਾਂਪੁਰ ਗਰੀਬਦਾਸ, 27 ਸਤੰਬਰ
ਪਿੰਡ ਨਵਾਂ ਗਾਉਂ ਵਿੱਚ ਇਕ ਬਜ਼ੁਰਗ ਮਹਿਲਾ ਨੂੰ ਘਰ ਤੋਂ ਬਾਹਰ ਕੱਢ ਦਿੱਤਾ ਹੈ। ਜੋ ਬਹੁਤ ਹੀ ਮੰਦਭਾਗੀ ਗੱਲ ਦੱਸੀ ਜਾ ਰਹੀ ਹੈ, ਜਿਸ ਸਮੇਂ ਮਾਤਾ ਪਿਤਾ ਨੂੰ ਕਿਸੇ ਸਹਾਰੇ ਦੀ ਲੋੜ ਹੁੰਦੀ ਹੈ। ਉਸ ਸਮੇਂ ਅੱਜ ਦੇ ਸਮੇਂ ਅੰਦਰ ਕੁਝ ਲੋਕ ਆਪਣੇ ਮਾਤਾ ਪਿਤਾ ਨੂੰ ਘਰੋਂ ਬਾਹਰ ਕੱਢ ਦਿੰਦੇ ਹਨ। ਇਹੋ ਜਿਹੀ ਘਟਨਾ ਇਸ ਬਜ਼ੁਰਗ ਮਹਿਲਾ ਨਾਲ ਬੀਤੀ ਹੈ। ਆਪਣੀ ਹੱਡਬੀਤੀ ਸੁਣਾਉਣ ਲਈ ਇਹ ਮਹਿਲਾ ਪੁਲੀਸ ਥਾਣਾ ਨਵਾਂ ਗਾਉਂ ਦੇ ਐੱਸਐੱਚਓ ਜਗਜੀਤ ਸਿੰਘ ਕੋਲ ਪਹੁੰਚੀ। ਮਹਿਲਾ ਨੇ ਪੁਲੀਸ ਨੂੰ ਦੱਸਿਆ ਕਿ ਉਸਦੇ ਧੀ ਤੇ ਪੁੱਤਰ ਉਸ ਨੂੰ ਆਪਣੇ ਕੋਲ ਨਹੀਂ ਰੱਖਣਾ ਚਾਹੁੰਦੇ। ਇਹ ਗੱਲ ਸੁਣ ਕੇ ਐੱਸਐੱਚਓ ਵੱਲੋਂ ਦੋਵਾਂ ਨੂੰ ਥਾਣੇ ਬੁਲਾਇਆ ਗਿਆ ਤੇ ਉਨ੍ਹਾਂ ਨਾਲ ਗੱਲਬਾਤ ਕੀਤੀ ਪਰ ਪੁਲੀਸ ਵੱਲੋਂ ਗੱਲਬਾਤ ਕਰਨ ਉਤੇ ਵੀ ਇਨ੍ਹਾਂ ਦੋਵੇਂ ਧੀ ਪੁੱਤ ਵੱਲੋਂ ਆਪਣੀ ਮਾਂ ਨੂੰ ਆਪਣੇ ਕੋਲ ਰੱਖਣ ਤੋਂ ਸਾਫ ਇਨਕਾਰ ਕਰ ਦਿੱਤਾ ਗਿਆ। ਜਿਸ ਤੋਂ ਬਾਅਦ ਪੁਲੀਸ ਦੇ ਸਬ ਇੰਸਪੈਕਟਰ ਬੂਟਾ ਸਿੰਘ ਵੱਲੋਂ ਬਜ਼ੁਰਗ ਮਹਿਲਾ ਨੂੰ ਚੰਡੀਗੜ੍ਹ ਵਿੱਚ ਕਰਤਾਰ ਆਸਰਾ ਘਰ ਵਿੱਚ ਛੱਡ ਦਿੱਤਾ ਗਿਆ ਹੈ। ਜਾਂਚ ਅਫਸਰ ਬੂਟਾ ਸਿੰਘ ਨੇ ਦੱਸਿਆ ਕਿ ਬਜ਼ੁਰਗ ਮਹਿਲਾ ਮਹਿੰਦਰ ਕੌਰ ਦੀ ਉਮਰ ਕਰੀਬ 85 ਸਾਲ ਹੈ ਜੋ ਆਦਰਸ਼ ਨਗਰ ਦੀ ਰਹਿਣ ਵਾਲੀ ਹੈ। ਇਸ ਮਹਿਲਾ ਦਾ ਪਤੀ ਕਿਸੇ ਵਿਭਾਗ ਤੋਂ ਸੇਵਾਮੁਕਤ ਹੋਇਆ ਸੀ ਤੇ ਮਹਿਲਾ ਨੂੰ ਉਸਦੇ ਪਤੀ ਦੀ ਪੈਨਸ਼ਨ ਆਦਿ ਵੀ ਮਿਲਦੀ ਸੀ, ਪਰ ਫਿਰ ਵੀ ਪੁੱਤਰ ਉਸ ਨੂੰ ਆਪਣੇ ਕੋਲ ਰੱਖਣ ਲਈ ਤਿਆਰ ਨਹੀਂ।