ਜਗਮੋਹਨ ਸਿੰਘ
ਘਨੌਲੀ, 25 ਅਕਤੂਬਰ
ਘਨੌਲੀ ਅਤੇ ਭਰਤਗੜ੍ਹ ਦੀਆਂ ਮੰਡੀਆਂ ਵਿੱਚ ਮਾਰਕਫੈੱਡ ਖਰੀਦ ਏਜੰਸੀ ਵੱਲੋਂ ਕੀਤੀ ਜਾ ਰਹੀ ਲਿਫਟਿੰਗ ਦੇ ਕੰਮ ਦੀ ਰਫਤਾਰ ਬਹੁਤ ਜ਼ਿਆਦਾ ਢਿੱਲੀ ਹੋ ਗਈ ਹੈ। ਘਨੌਲੀ ਅਤੇ ਭਰਤਗੜ੍ਹ ਦੀਆਂ ਮੰਡੀਆਂ ਦੇ ਆੜ੍ਹਤੀਆਂ ਅਤੇ ਕਿਸਾਨਾਂ ਨੇ ਦੱਸਿਆ ਕਿ ਮਾਰਕਫੈੱਡ ਖਰੀਦ ਏਜੰਸੀ ਨੇ ਦੋਵੇਂ ਮੰਡੀਆਂ ਵਿੱਚੋਂ ਝੋਨੇ ਦੀ ਲਿਫਟਿੰਗ ਦਾ ਕੰਮ ਇੱਕੋ ਹੀ ਠੇਕੇਦਾਰ ਨੂੰ ਦਿੱਤਾ ਹੋਇਆ ਹੈ, ਜਿਹੜਾ ਆਪਣੀਆਂ ਨਿੱਜੀ ਗੱਡੀਆਂ ਨਾਲ ਬੋਰੀਆਂ ਢੋਅ ਰਿਹਾ ਹੈ। ਉਨ੍ਹਾਂ ਦੱਸਿਆ ਕਿ ਪਹਿਲਾਂ ਘਨੌਲੀ ਮੰਡੀ ਵਿੱਚ ਮਾਰਕਫੈਡ ਏਜੰਸੀ ਨੇ ਆਲੋਵਾਲ ਦੇ ਸ਼ੈੱਲਰ ਦਾ ਆਰ.ਓ. ਕੱਟਿਆ ਹੋਇਆ ਸੀ, ਪਰ ਸ਼ੈੱਲਰ ਦੇ ਆਰ.ਓ. ਦੀ ਲਿਮਟ ਪੂਰੀ ਹੋਣ ਉਪਰੰਤ ਇਸ ਮੰਡੀ ਦੀ ਲਿਫਟਿੰਗ ਦਾ ਠੇਕਾ ਵੀ ਮਾਰਕਫੈੱਡ ਨੇ ਭਰਤਗੜ੍ਹ ਮੰਡੀ ਦੇ ਠੇਕੇਦਾਰ ਨੂੰ ਹੀ ਦੇ ਦਿੱਤਾ ਹੈ। ਉਨ੍ਹਾਂ ਦੋਸ਼ ਲਾਇਆ ਕਿ ਲਿਫਟਿੰਗ ਦਾ ਕੰਮ ਕਰ ਰਿਹਾ ਠੇਕੇਦਾਰ ਆਪਣੀਆਂ ਤਿੰਨ ਨਿੱਜੀ ਗੱਡੀਆਂ ਨਾਲ ਦੋਵੇਂ ਮੰਡੀਆਂ ਦਾ ਝੋਨਾ ਚੁਕਵਾ ਰਿਹਾ ਹੈ ਅਤੇ ਉਸ ਵੱਲੋਂ ਟਰੱਕਾਂ ਦੀ ਗਿਣਤੀ ਨਹੀਂ ਵਧਾਈ ਜਾ ਰਹੀ, ਜਿਸ ਕਰਕੇ ਦੋਵੇਂ ਮੰਡੀਆਂ ਵਿੱਚ ਝੋਨੇ ਦੀਆਂ ਬੋਰੀਆਂ ਦੇ ਅੰਬਾਰ ਲੱਗਣੇ ਸ਼ੁਰੂ ਹੋ ਗਏ ਹਨ।
ਨਾਲਾਗੜ੍ਹ ਮੰਡੀ ਦਾ ਸਾਫਟਵੇਅਰ ਬੰਦ, ਕਿਸਾਨ ਪ੍ਰੇਸ਼ਾਨ
ਪੰਜਾਬ ਦੀਆਂ ਮੰਡੀਆਂ ਵਿੱਚ ਹਿਮਾਚਲ ਪ੍ਰਦੇਸ਼ ਦੇ ਕਿਸਾਨਾਂ ਦੀ ਫਸਲ ਦੀ ਐਂਟਰੀ ਬੰਦ ਹੋਣ ਤੋਂ ਬਾਅਦ ਹਿਮਾਚਲ ਸਰਕਾਰ ਵੱਲੋਂ ਨਾਲਾਗੜ੍ਹ ਵਿਖੇ ਖੋਲ੍ਹੀ ਗਈ ਅਨਾਜ ਮੰਡੀ ਦਾ ਆਨਲਾਈਨ ਸਾਫਟਵੇਅਰ ਵੀ 30 ਨਵੰਬਰ ਤੱਕ ਦੀਆਂ ਤਾਰੀਖਾਂ ਦੇਣ ਤੋਂ ਬਾਅਦ ਬੰਦ ਹੋ ਗਿਆ ਹੈ। ਅੱਜ ਇਸ ਸਬੰਧੀ ਭਾਰਤੀ ਕਿਸਾਨ ਯੂਨੀਅਨ (ਟਿਕੈਤ) ਦੇ ਸੋਲਨ ਜ਼ਿਲ੍ਹੇ ਦੇ ਪ੍ਰਤੀਨਿਧ ਸੁਰਮੁੱਖ ਸਿੰਘ ਦੀ ਅਗਵਾਈ ਵਿੱਚ ਇਕੱਤਰ ਹੋਏ ਕਿਸਾਨਾਂ ਨੇ ਐਸ.ਡੀ.ਐਮ.ਨਾਲਾਗੜ੍ਹ ਦੇ ਨਾਂ ਮੰਗ ਪੱਤਰ ਨਾਇਬ ਤਹਿਸੀਲਦਾਰ ਆਸਾ ਰਾਮ ਨੂੰ ਸੌਂਪਿਆ।