ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 1 ਅਗਸਤ
ਇੱਥੇ ਸੈਕਟਰ-19/20 ਵਾਲੀ ਸੜਕ ’ਤੇ ਇਕ ਤੇਜ਼ ਰਫ਼ਤਾਰ ਕਾਰ ਮੋਟਰਸਾਈਕਲ ਨਾਲ ਟਕਰਾ ਕੇ ਬੇਕਾਬੂ ਹੋ ਗਈ ਤੇ ਕੰਧ ਤੋੜਦਿਆਂ ਇਕ ਮਕਾਨ ਵਿੱਚ ਜਾ ਵੜੀ। ਇਸ ਹਾਦਸੇ ਵਿੱਚ ਮੋਟਰਸਾਈਕਲ ਸਵਾਰ ਨੌਜਵਾਨ ਜ਼ਖ਼ਮੀ ਹੋ ਗਿਆ, ਜਿਸ ਨੂੰ ਪੀਜੀਆਈ ਚੰਡੀਗੜ੍ਹ ਵਿੱਚ ਭਰਤੀ ਕੀਤਾ ਗਿਆ। ਪੀੜਤ ਦੀ ਪਛਾਣ ਪ੍ਰਦੀਪ ਕੁਮਾਰ ਵਾਸੀ ਸੈਕਟਰ-28 ਵਜੋਂ ਹੋਈ ਹੈ ਜੋ ਏਅਰਫੋਰਸ ਵਿੱਚ ਤੈਨਾਤ ਹੈ। ਇਸ ਹਾਦਸੇ ਵਿੱਚ ਕਾਰ ਸਵਾਰ ਵਿਅਕਤੀ ਵੀ ਜ਼ਖ਼ਮੀ ਹੋਏ ਹਨ ਜਿਨ੍ਹਾਂ ਨੂੰ ਸੈਕਟਰ-32 ਦੇ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ। ਕਾਰ ਵਿੱਚ ਇਕ ਮਹਿਲਾ ਵੀ ਸੀ। ਇਹ ਹਾਦਸਾ ਬਾਅਦ ਦੁਪਹਿਰ ਦਾ ਦੱਸਿਆ ਜਾ ਰਿਹਾ ਹੈ। ਸੈਕਟਰ-19 ਥਾਣੇ ਦੇ ਮੁਖੀ ਸ਼ਾਦੀ ਲਾਲ ਨੇ ਦੱਸਿਆ ਕਿ ਕਾਰ ਚਾਲਕ ਪਿਊਸ਼ ਵਾਸੀ ਸੈਕਟਰ-23 ਖ਼ਿਲਾਫ਼ ਵੱਖ ਵੱਖ ਧਾਰਾਵਾਂ ਹੇਠ ਕੇਸ ਦਰਜ ਕੀਤਾ ਗਿਆ ਹੈ।