ਆਤਿਸ਼ ਗੁਪਤਾ
ਚੰਡੀਗੜ੍ਹ, 18 ਨਵੰਬਰ
ਸਿਟੀ ਬਿਊਟੀਫੁਲ ਚੰਡੀਗੜ੍ਹ ਵਿੱਚ ਨੌਜਵਾਨਾਂ ਨੂੰ ਆਪਣਾ ਕਾਰੋਬਾਰ ਵਿਕਸਿਤ ਕਰਨ ਲਈ ਜਲਦ ਹੀ ਨਵੀਂ ਸਟਾਰਟਅਪ ਪਾਲਿਸੀ ਮਿਲ ਜਾਵੇਗੀ। ਇਸ ਨਾਲ ਨੌਜਵਾਨਾਂ ਨੂੰ ਛੋਟੀ ਉਮਰ ਵਿੱਚ ਆਪਣਾ ਕਾਰੋਬਾਰ ਸ਼ੁਰੂ ਕਰਨ ਦੇ ਵਧੇਰੇ ਮੌਕੇ ਮਿਲ ਸਕਣਗੇ। ਯੂਟੀ ਪ੍ਰਸ਼ਾਸਨ ਵੱਲੋਂ ਅਗਲੇ ਹਫ਼ਤੇ ਵਿੱਚ ਸਟਾਰਟਅਪ ਪਾਲਿਸੀ ਦਾ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਜਾਵੇਗਾ। ਯੂਟੀ ਪ੍ਰਸ਼ਾਸਨ ਦੇ ਅਧਿਕਾਰੀ ਨੇ ਦੱਸਿਆ ਕਿ ਚੰਡੀਗੜ੍ਹ ਦੀ ਸਟਾਰਟਅੱਪ ਪਾਲਿਸੀ ਲਗਪਗ ਤਿਆਰ ਹੋ ਚੁੱਕੀ ਹੈ, ਜਿਸ ਨੂੰ ਜਲਦ ਹੀ ਜਾਰੀ ਕਰ ਦਿੱਤਾ ਜਾਵੇਗਾ। ਗ਼ੌਰਤਲਬ ਹੈ ਕਿ ਪੰਜਾਬ ਦੇ ਰਾਜਪਾਲ ਤੇ ਪ੍ਰਸ਼ਾਸਕ ਯੂਟੀ ਗੁਲਾਬ ਚੰਦ ਕਟਾਰੀਆ ਨੇ ਪਹਿਲੀ ਅਕਤੂਬਰ ਨੂੰ ਸਟਾਰਟਅਪ ਪਾਲਿਸੀ ਨੂੰ ਮਨਜ਼ੂਰੀ ਦੇ ਦਿੱਤੀ ਸੀ, ਪਰ ਉਨ੍ਹਾਂ ਨੇ ਕੁਝ ਸੁਝਾਅ ਸਟਾਰਟਅਪ ਪਾਲਿਸੀ ਵਿੱਚ ਸ਼ਾਮਲ ਕਰਨ ਨੂੰ ਦਿੱਤੇ ਸਨ। ਜ਼ਿਕਰਯੋਗ ਹੈ ਕਿ ਕੇਂਦਰ ਸਰਕਾਰ ਨੇ ਸਟਾਰਟਅਪਸ ਲਈ ਟੈਕਸ ਲਾਭਾਂ ਨੂੰ ਮਾਰਚ 2025 ਤੱਕ ਵਧਾ ਦਿੱਤਾ ਹੈ। ਇਸੇ ਲਈ 2016 ਵਿੱਚ ਸ਼ੁਰੂ ਕੀਤੀ ਗਈ ਸਟਾਰਟਅਪ ਇੰਡੀਆ ਸਕੀਮ ਤਹਿਤ ਪਹਿਲੀ ਅਪਰੈਲ 2016 ਤੋਂ 31 ਮਾਰਚ 2024 ਦੇ ਵਿਚਕਾਰ ਸਟਾਰਟਅਪ ਕਰਨ ਵਾਲੇ ਨੌਜਵਾਨਾਂ ਨੂੰ ਪਹਿਲੇ ਤਿੰਨ ਸਾਲ ਆਪਣੇ ਮੁਨਾਫ਼ਿਆਂ ’ਤੇ ਟੈਕਸ ਛੋਟ ਦਿੱਤੀ ਗਈ ਹੈ, ਬਸ਼ਰਤੇ ਉਨ੍ਹਾਂ ਦਾ ਸਾਲਾਨਾ ਟਰਨਓਵਰ 100 ਕਰੋੜ ਰੁਪਏ ਤੋਂ ਵੱਧ ਨਾ ਹੋਵੇ। ਪਿਛਲੇ ਅੰਤਰਿਮ ਬਜਟ ਨੇ ਇਸ ਲਾਭ ਨੂੰ 31 ਮਾਰਚ 2025 ਤੋਂ ਪਹਿਲਾਂ ਸ਼ਾਮਲ ਕੀਤੇ ਸਟਾਰਟਅਪਾਂ ਤੱਕ ਵਧਾ ਦਿੱਤਾ ਸੀ। ਇਸੇ ਕਰ ਕੇ ਯੂਟੀ ਪ੍ਰਸ਼ਾਸਨ ਵੱਲੋਂ ਚੰਡੀਗੜ੍ਹ ਦੀ ਸਟਾਰਟਅੱਪ ਪਾਲਿਸੀ ਤਿਆਰ ਕੀਤੀ ਜਾ ਰਹੀ ਹੈ ਤਾਂ ਜੋ 31 ਮਾਰਚ ਤੋਂ ਪਹਿਲਾਂ ਰਜਿਸਟਰ ਕਰ ਕੇ ਚੰਡੀਗੜ੍ਹ ਦੇ ਨੌਜਵਾਨ ਵੀ ਕੇਂਦਰ ਸਰਕਾਰ ਦੀ ਸਕੀਮ ਦਾ ਲਾਭ ਲੈ ਸਕਣ।