ਪੱਤਰ ਪ੍ਰੇਰਕ
ਪੰਚਕੂਲਾ, 1 ਅਗਸਤ
ਹਰਿਆਣਾ ਪੁਲਿਸ ਦੀ ਸਪੈਸ਼ਲ ਟਾਸਕ ਫੋਰਸ ਨੇ 25,000 ਰੁਪਏ ਦੇ ਇਨਾਮੀ ਬਦਮਾਸ਼ ਤੇ ਵਾਂਟੇਡ ਦੋਸ਼ੀ ਨੂੰ ਗਾਜ਼ੀਆਬਾਦ ਉੱਤਰ ਪ੍ਰਦੇਸ਼ ਤੋਂ ਗ੍ਰਿਫਤਾਰ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ। ਫੜਿਆ ਗਿਆ ਦੋਸ਼ੀ ਹੱਤਿਆ ਤੇ ਚੋਰੀ ਦੀ ਵਾਰਦਾਤਾਂ ਵਿਚ 30 ਸਾਲ ਤੋਂ ਫਰਾਰ ਸੀ। ਪੁਲਿਸ ਵਿਭਾਗ ਦੇ ਇਕ ਬੁਲਾਰੇ ਨੇ ਅੱਜ ਇੱਥੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਕਾਬੂ ਕੀਤੇ ਗਏ ਦੋਸ਼ੀ ਦੀ ਪਹਿਚਾਣ ਓਮ ਪ੍ਰਕਾਸ਼ ਉਰਫ ਪਾਸਾ ਵਜੋ ਹੋਈ ਹੈ ਜੋ ਨਰਾਹਿਣਾ, ਥਾਨਾ ਸਮਾਲਖਾ ਜ਼ਿਲ੍ਹਾ ਪਾਣੀਪਤ ਦਾ ਨਿਵਾਸੀ ਹੈ। ਦੋਸ਼ੀ ਸਾਲ 2007 ਤੋਂ ਉੱਤਰ ਪ੍ਰਦੇਸ਼ ਦੀ ਸਥਾਨਕ ਫਿਲਮਾਂ ਟਕਰਾਵ, ਦਬੰਗ ਛੋਰਾ ਯੂਪੀ ਤੇ ਝਟਕਾ ਵਰਗੀ 28 ਫਿਲਮਾਂ ਵਿਚ ਕਲਾਕਾਰ ਦੀ ਭੂਮਿਕਾ ਨਿਭਾ ਚੁੱਕਾ ਹੈ। ਦੋਸ਼ੀ ਨੂੰ ਹਰਿਆਣਾ ਐਸਟੀਐਫ ਦੀ ਇਕ ਟੀਮ ਨੇ ਹਰਬੰਸ ਨਗਰ, ਗਾਜ਼ੀਆਬਾਦ ਉੱਤਰ ਪ੍ਰਦੇਸ਼ ਤੋਂ ਕਾਬੂ ਕੀਤਾ ਜੋ ਪੁਲੀਸ ਦੀ ਗ੍ਰਿਫ਼ਤ ਤੋਂ ਬਚਣ ਲਈ ਆਪਣਾ ਨਾਂ ਪਤਾ ਬਦਲ ਕੇ ਰਹਿ ਰਿਹਾ ਸੀ।