ਕੁਲਦੀਪ ਸਿੰਘ
ਚੰਡੀਗੜ੍ਹ, 25 ਅਪਰੈਲ
ਵਿਦਿਆਰਥੀ ਜਥੇਬੰਦੀ ‘ਸੱਥ’ ਨੇ ਪੰਜਾਬ ਯੂਨੀਵਰਸਿਟੀ ਅਥਾਰਿਟੀ ਵੱਲੋਂ ਮੈੱਸਾਂ ਤੇ ਕੰਟੀਨਾਂ ਵਿੱਚ ਖਾਣੇ ਦੇ ਰੇਟ ਘੱਟ ਕਰਨ ਸਬੰਧੀ ਪੱਤਰ ਜਾਰੀ ਕਰਨ ਉਪਰੰਤ ਅੱਜ ਵੀਸੀ ਅੱਗੇ ਦਿੱਤਾ ਜਾ ਰਿਹਾ ਦਿਨ-ਰਾਤ ਦਾ ਧਰਨਾ ਸਮਾਪਤ ਕਰ ਦਿੱਤਾ ਹੈ। ਇਸ ਮੌਕ ਹਾਜ਼ਰ ਵਿਦਿਆਰਥੀ ਜਥੇਬੰਦੀ ‘ਸੱਥ’ ਦੇ ਮੋਢੀ ਮੈਂਬਰ ਸੁਖਵਿੰਦਰ ਸਿੰਘ, ਜਨਰਲ ਸਕੱਤਰ ਹਰਮਨ ਅਤੇ ਮੁੱਖ ਬੁਲਾਰੇ ਰਿਮਲਜੋਤ ਸਿੰਘ ਨੇ ਦੱਸਿਆ ਕਿ ਅਥਾਰਿਟੀ ਵੱਲੋਂ ਰੇਟ ਘਟਾਉਣ ਸਬੰਧੀ ਐਲਾਨ ਤਾਂ ਭਾਵੇਂ ਪਹਿਲਾਂ ਹੀ ਕੀਤਾ ਜਾ ਚੁੱਕਾ ਸੀ ਪ੍ਰੰਤੂ ਜਥੇਬੰਦੀ ਦੀ ਮੰਗ ਸੀ ਕਿ ਜਦੋਂ ਤੱਕ ਲਿਖਤੀ ਪੱਤਰ ਜਾਰੀ ਨਹੀਂ ਕੀਤਾ ਜਾਂਦਾ, ਉਦੋਂ ਤੱਕ ਧਰਨਾ ਸਮਾਪਤ ਨਹੀਂ ਕੀਤਾ ਜਾਵੇਗਾ।
ਅੱਜ ਪੀ.ਯੂ. ਦੀ ਸਕਿਉਰਿਟੀ ਸਟਾਫ਼ ਵਿੱਚੋਂ ਅਧਿਕਾਰੀਆਂ ਨੇ ਧਰਨੇ ਵਾਲੀ ਥਾਂ ਪਹੁੰਚ ਕੇ ਪੱਤਰ ਸੌਂਪਿਆ ਜਿਸ ਦੌਰਾਨ ਧਰਨਾ ਸਮਾਪਤ ਕੀਤਾ ਗਿਆ।
‘ਸੱਥ’ ਨੇ ਦੋ ਅਹੁਦੇਦਾਰ ਐਲਾਨੇ
ਵਿਦਿਆਰਥੀ ਜਥੇਬੰਦੀ ‘ਸੱਥ’ ਨੇ ਸਾਲ 2018 ਤੋਂ ਸ਼ੁਰੂ ਕੀਤੇ ਆਪਣੇ ਸਫ਼ਰ ਨੂੰ ਅੱਗੇ ਲਿਜਾਉਂਦਿਆਂ ਇੱਕ ਹੋਰ ਮਹੱਤਵਪੂਰਨ ਕਦਮ ਚੁੱਕਿਆ ਹੈ ਜਿਸ ਤਹਿਤ ਜਥੇਬੰਦੀ ਵਿੱਚ ਦੋ ਹੋਰ ਅਹੁਦੇਦਾਰਾਂ ਨੂੰ ਜ਼ਿੰਮੇਵਾਰੀਆਂ ਸੌਂਪੀਆਂ ਗਈਆਂ ਹਨ। ‘ਸੱਥ’ ਦੇ ਮੋਢੀ ਮੈਂਬਰ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਚਰਨਜੀਤ ਸਿੰਘ, ਜੋ ਪਿਛਲੇ ਸਾਲ ਤੋਂ ਜਥੇਬੰਦੀ ਦੀ ਪੰਜਾਬ ਯੂਨੀਵਰਸਿਟੀ ਇਕਾਈ ਦੇ ਮੁੱਖ ਸੇਵਾਦਾਰ (ਪ੍ਰਧਾਨ) ਵਜੋਂ ਵਿਚਰ ਰਹੇ ਹਨ, ਉਨ੍ਹਾਂ ਦੇ ਸਹਿਯੋਗ ਲਈ ਹਰਮਨਪ੍ਰੀਤ ਸਿੰਘ ਨੂੰ ਜਥੇਬੰਦੀ ਦੀ ਪੀਯੂ ਇਕਾਈ ਦਾ ਜਨਰਲ ਸਕੱਤਰ ਅਤੇ ਰਿਮਲਜੋਤ ਸਿੰਘ ਨੂੰ ਮੁੱਖ ਬੁਲਾਰੇ ਦਾ ਅਹੁਦਾ ਦਿੱਤਾ ਗਿਆ ਹੈ।