ਚੰਡੀਗੜ੍ਹ, 12 ਜੂਨ
ਇੱਥੋਂ ਦੀ ਮਾਨਸਿਕ ਸਿਹਤ ਸੰਸਥਾ ਨੂੰ ਅੱਜ ਈਮੇਲ ਰਾਹੀਂ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ, ਜਿਸ ਤੋਂ ਬਾਅਦ ਮਰੀਜ਼ਾਂ ਅਤੇ ਕਰਮਚਾਰੀਆਂ ਨੂੰ ਸੁਰੱਖਿਅਤ ਸਥਾਨਾਂ ‘ਤੇ ਲਿਜਾਇਆ ਗਿਆ ਅਤੇ ਤਲਾਸ਼ੀ ਮੁਹਿੰਮ ਸ਼ੁਰੂ ਕੀਤੀ ਗਈ। ਸੰਸਥਾ ਦੇ ਅਧਿਕਾਰੀ ਨੇ ਦਾਅਵਾ ਕੀਤਾ ਕਿ ਇਹੀ ਈਮੇਲ ਦਿੱਲੀ ਅਤੇ ਦੱਖਣੀ ਭਾਰਤ ਦੇ ਕਈ ਹਸਪਤਾਲਾਂ ਨੂੰ ਭੇਜੀ ਗਈ ਹੈ। ਚੰਡੀਗੜ੍ਹ ਪੁਲੀਸ ਨੇ ਦੱਸਿਆ ਕਿ ਉਹ ਮਾਨਸਿਕ ਸਿਹਤ ਸੰਸਥਾ ਦੇ ਕੰਪਲੈਕਸ ਦੀ ਤਲਾਸ਼ੀ ਲੈ ਰਹੇ ਹਨ ਪਰ ਹਾਲੇ ਤੱਕ ਕੁਝ ਨਹੀਂ ਮਿਲਿਆ ਹੈ। ਪੁਲੀਸ ਮੁਲਾਜ਼ਮਾਂ ਤੋਂ ਇਲਾਵਾ ਬੰਬ ਠੁੱਸ ਕਰਨ ਵਾਲੇ ਦਸਤੇ ਅਤੇ ਅੱਗ ਬੁਝਾਊ ਵਿਭਾਗ ਦੇ ਅਧਿਕਾਰੀ ਮੌਕੇ ’ਤੇ ਤਾਇਨਾਤ ਕੀਤੇ ਗਏ ਹਨ। ਚੰਡੀਗੜ੍ਹ ਦੇ ਸੈਕਟਰ 32 ਸਥਿਤ ਮੈਂਟਲ ਹੈਲਥ ਇੰਸਟੀਚਿਊਟ ਦੀ ਡਿਪਟੀ ਮੈਡੀਕਲ ਸੁਪਰਡੈਂਟ ਡਾ. ਅਪਰਾਜਿਤਾ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਹਸਪਤਾਲ ਨੂੰ ਸਵੇਰੇ ਈ-ਮੇਲ ‘ਤੇ ਬੰਬ ਦੀ ਧਮਕੀ ਮਿਲੀ ਸੀ। ਉਸ ਸਮੇਂ ਹਸਪਤਾਲ ਵਿੱਚ ਮਰੀਜ਼, ਡਾਕਟਰ ਅਤੇ ਹੋਰ ਕਰਮਚਾਰੀਆਂ ਸਮੇਤ ਲਗਪਗ 100 ਵਿਅਕਤੀ ਸਨ। ਇਸ ਕੇਂਦਰ ਤੋਂ ਇਲਾਵਾ ਦੇਸ਼ ਦੇ ਕਈ ਮਨੋਰੋਗ ਹਸਪਤਾਲਾਂ ਨੂੰ ਈਮੇਲ ਭੇਜੀ ਗਈ ਸੀ।