ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 16 ਨਵੰਬਰ
ਇੱਥੇ ਸੈਕਟਰ 29 ’ਚ ਸਥਿਤ ਦਿ ਟ੍ਰਿਬਿਊਨ ਮਾਡਲ ਸਕੂਲ ਵਿੱਚ ਅੱਜ ‘ਦਿ ਟ੍ਰਿਬਿਊਨ ਮਾਡਲ ਯੂਨਾਈਟਿਡ ਨੇਸ਼ਨਸ’ (ਐੱਮਯੂਐੱਨ) ਪ੍ਰੋਗਰਾਮ ਦਾ ਆਗਾਜ਼ ਹੋ ਗਿਆ। ਇਹ ਦੋ ਰੋਜ਼ਾ ਪ੍ਰੋਗਰਾਮ ਚਿਤਕਾਰਾ ਯੂਨੀਵਰਸਿਟੀ ਤੇ ਗਰਿੱਡ ਐਡਵਰਟਾਈਜ਼ਿੰਗ ਦੇ ਸਹਿਯੋਗ ਨਾਲ ਕਰਵਾਇਆ ਜਾ ਰਿਹਾ ਹੈ।
ਇਸ ਮੌਕੇ ਜਸਟਿਸ ਅਮਨ ਚੌਧਰੀ ਮੁੱਖ ਮਹਿਮਾਨ ਵਜੋਂ ਪਹੁੰਚੇ, ਜਿਨ੍ਹਾਂ ਵਿਦਿਆਰਥੀਆਂ ਨੂੰ ਸੁਣਨ ਦੀ ਸਮਰੱਥਾ ਵਧਾਉਣ ’ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਜੇ ਕਿਸੇ ਦੀ ਗੱਲ ਨੂੰ ਧਿਆਨ ਨਾਲ ਸੁਣਾਂਗੇ ਤਾਂ ਹੀ ਉਸ ਦੀ ਪ੍ਰਤੀਕਿਰਿਆ ਦੇ ਸਕਾਂਗੇ ਅਤੇ ਗਿਆਨ ਹਾਸਲ ਕੀਤਾ ਜਾ ਸਕੇਗਾ।
ਜਸਟਿਸ ਚੌਧਰੀ ਨੇ ਵਿਦਿਆਰਥੀਆਂ ਨੂੂੰ ਜ਼ਿੰਦਗੀ ਵਿੱਚ ਜਿੱਤ ਜਾਂ ਹਾਰ ਤੋਂ ਵੱਧ ਸਿੱਖਣ ਵੱਲ ਧਿਆਨ ਦੇਣ ’ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਜੇ ਵਿਅਕਤੀ ਨੇ ਜ਼ਿੰਦਗੀ ਵਿੱਚ ਕੁਝ ਸਿੱਖਿਆ ਹੋਵੇਗਾ ਤਾਂ ਉਸ ਨੂੰ ਜਿੱਤਣ ਤੋਂ ਕੋਈ ਵੀ ਰੋਕ ਨਹੀਂ ਸਕਦਾ। ਉਨ੍ਹਾਂ ਵਿਦਿਆਰਥੀਆਂ ਨੂੰ ਇੱਕ-ਦੂਜੇ ਦੇ ਵਿਚਾਰਾਂ ਦਾ ਸਨਮਾਨ ਕਰਨ ਲਈ ਵੀ ਪ੍ਰੇਰਿਤ ਕੀਤਾ।
ਉਨ੍ਹਾਂ ਕਿਹਾ ਕਿ ਇਸ ਦੋ ਦਿਨਾਂ ਸਮਾਗਮ ਵਿੱਚ ਵਿਦਿਆਰਥੀਆਂ ਨੂੰ ਦੇਸ਼ਾਂ ਦੇ ਆਪਸੀ ਸਬੰਧਾਂ ਤੇ ਰਾਜਨੀਤੀ ਵਰਗੇ ਅਹਿਮ ਮੁੱਦਿਆਂ ਬਾਰੇ ਜਾਣਕਾਰੀ ਮਿਲ ਸਕੇਗੀ। ਸਮਾਗਮ ਦੀ ਸ਼ੁਰੂਆਤ ਸਮੇਂ ਸਕੂਲ ਦੀ ਪ੍ਰਿੰਸੀਪਲ ਰਾਨੀ ਪੋਦਾਰ, ਦਿ ਟ੍ਰਿਬਿਊਨ ਵੱਲੋਂ ਡਿੰਪਲ, ਅਜੈ ਠਾਕੁਰ ਅਤੇ ਮੁਕੇਸ਼ ਕਲਕੋਟੀ ਨੇ ਮੁੱਖ ਮਹਿਮਾਨ ਦਾ ਸਵਾਗਤ ਕੀਤਾ।
ਇਸ ਸਮਾਗਮ ਵਿੱਚ ਦਿ ਟ੍ਰਿਬਿਊਨ ਸਕੂਲ ਚੰਡੀਗੜ੍ਹ ਤੋਂ ਇਲਾਵਾ ਮਾਊਂਟ ਕਾਰਮਲ ਸਕੂਲ ਚੰਡੀਗੜ੍ਹ, ਵਾਈਪੀਐੱਸ ਪਟਿਆਲਾ, ਮਾਈਂਡ ਟ੍ਰੀ ਸਕੂਲ ਖਰੜ, ਗੁਰੂ ਨਾਨਕ ਪਬਲਿਕ ਸਕੂਲ ਚੰਡੀਗੜ੍ਹ, ਸੇਂਟ ਸਟੀਫ਼ਨਸ ਸਕੂਲ ਚੰਡੀਗੜ੍ਹ, ਹੰਸਰਾਜ ਪਬਲਿਕ ਸਕੂਲ ਪੰਚਕੂਲਾ, ਮੋਤੀ ਰਾਮ ਆਰੀਆ ਸਕੂਲ, ਅੰਕੁਰ ਸਕੂਲ ਤੇ ਚਿੱਤਕਾਰਾ ਇੰਟਰਨੈਸ਼ਨਲ ਸਕੂਲ ਦੇ ਵਿਦਿਆਰਥੀਆਂ ਨੇ ਸ਼ਮੂਲੀਅਤ ਕੀਤੀ।
ਵਿਦਿਆਰਥੀਆਂ ਨੇ ਜ਼ੋਰਦਾਰ ਢੰਗ ਨਾਲ ਰੱਖੀ ਗੱਲ
‘ਦਿ ਟ੍ਰਿਬਿਊਨ ਮਾਡਲ ਯੂਨਾਈਟਿਡ ਨੇਸ਼ਨਸ’ ਵਿੱਚ ਵੱਖ-ਵੱਖ ਸਕੂਲਾਂ ਦੇ ਵਿਦਿਆਰਥੀਆਂ ਨੇ ਆਪਣੇ ਵਿਸ਼ੇ ਬਾਰੇ ਜ਼ੋਰਦਾਰ ਢੰਗ ਨਾਲ ਗੱਲਬਾਤ ਕੀਤੀ। ਇਸ ਮੌਕੇ ਵਿਦਿਆਰਥੀਆਂ ਨੇ ਕਿਹਾ ਕਿ ਇਸ ਸਮਾਗਮ ਵਿੱਚ ਉਨ੍ਹਾਂ ਨੂੰ ਬਹੁਤ ਕੁਝ ਸਿੱਖਣ ਨੂੰ ਮਿਲਿਆ ਹੈ।