ਕਰਮਜੀਤ ਸਿੰਘ ਚਿੱਲਾ
ਬਨੂੜ, 1 ਅਕਤੂਬਰ
ਬਨੂੜ ਦਾ ਇੱਕ 45 ਵਰ੍ਹਿਆਂ ਦਾ ਵਿਅਕਤੀ ਲਖਵੀਰ ਸਿੰਘ ਅੱਜ ਸਵੇਰੇ ਦਸ ਵਜੇ ਨਗਰ ਕੌਂਸਲ ਦੀ ਹਦੂਦ ਵਿੱਚ ਅਣਸੁਰੱਖਿਅਤ ਐਲਾਨੀ ਗਈ ਪਾਣੀ ਦੀ ਟੈਂਕੀ ਉੱਤੇ ਚੜ੍ਹ ਗਿਆ। ਨੌਜਵਾਨ ਨੇ ਦੋਸ਼ ਲਾਇਆ ਕਿ ਪੁਲੀਸ ਤੋਂ ਉਸ ਨੂੰ ਇਨਸਾਫ਼ ਨਹੀਂ ਮਿਲ ਰਿਹਾ। ਬਨੂੜ ਦੇ ਤਹਿਸੀਲਦਾਰ ਕਰਮਜੀਤ ਸਿੰਘ ਅਤੇ ਥਾਣਾ ਮੁਖੀ ਸੁਭਾਸ਼ ਕੁਮਾਰ ਵੱਲੋਂ ਉਸ ਨੂੰ ਥੱਲੇ ਉਤਾਰਨ ਦੀਆਂ ਸਵੇਰ ਤੋਂ ਹੀ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ ਪਰ ਖ਼ਬਰ ਲਿਖੇ ਜਾਣ ਤੱਕ ਸਬੰਧਿਤ ਵਿਅਕਤੀ ਟੈਂਕੀ ਉੱਤੇ ਹੀ ਬੈਠਿਆ ਸੀ।
ਲਖਬੀਰ ਸਿੰਘ ਨੇ ਦੱਸਿਆ ਕਿ ਉਹ ਜ਼ੀਰਕਪੁਰ ਦੀ ਇੱਕ ਮਹਿਲਾ ਜਿਸ ਕੋਲ ਉਹ ਡਰਾਈਵਰੀ ਕਰਦਾ ਸੀ, ਨੇ ਉਸ ਕੋਲੋਂ ਵਿਦੇਸ਼ ਭੇਜਣ ਦੇ ਨਾਮ ’ਤੇ 10 ਲੱਖ ਰੁਪਏ ਲੈ ਲਏ ਜੋ ਊਸ ਨੇ ਆਪਣਾ ਮਕਾਨ ਰਿਗਵੀ ਰੱਖਕੇ ਬੈਂਕ ਖਾਤਿਆਂ ਰਾਹੀਂ ਦਿੱਤੇ। ਉਨ੍ਹਾਂ ਕਿਹਾ ਕਿ ਮਹਿਲਾ ਨੇ ਉਸ ਨੂੰ ਬਾਹਰ ਤਾਂ ਕੀ ਭੇਜਣ ਸੀ ਉਲਟਾ ਉਸ ਉੱਤੇ ਹੀ ਝੂਠਾ ਮੁਕੱਦਮਾ ਦਰਜ ਕਰਾ ਦਿੱਤਾ। ਉਸ ਨੇ ਦੋਸ਼ ਲਾਇਆ ਕਿ ਉਸ ਦਾ ਪਰਸ, ਮੋਬਾਈਲ ਫ਼ੋਨ ਅਤੇ ਹੋਰ ਸਾਮਾਨ ਵੀ ਸਬੰਧਿਤ ਮਹਿਲਾ ਕੋਲ ਹੈ। ਉਸ ਨੇ ਕਿਹਾ ਕਿ ਪੁਲੀਸ ਵੱਲੋਂ ਉਸ ਦੇ ਬੈਂਕ ਖਾਤੇ ਵੀ ਬੰਦ ਕਰਾ ਦਿੱਤੇ ਗਏ ਹਨ, ਜਿਸ ਕਾਰਨ ਉਸ ਦੀਆਂ ਲੋਨ ਦੀਆਂ ਕਿਸ਼ਤਾਂ ਬੰਦ ਹੋ ਗਈਆਂ ਹਨ ਤੇ ਭਾਰੀ ਵਿਆਜ ਵੀ ਪੈ ਰਿਹਾ ਹੈ।
ਉਸ ਨੇ ਕਿਹਾ ਕਿ ਇਸ ਮਾਮਲੇ ਸਬੰਧੀ ਇਨਸਾਫ਼ ਲੈਣ ਲਈ ਉਹ ਪੁਲੀਸ ਦੇ ਡੀਜੀਪੀ ਤੋਂ ਲੈ ਕੇ ਵੱਖ ਵੱਖ ਥਾਣਾ ਮੁਖੀਆਂ ਨੂੰ ਲਿਖਤੀ ਦਰਖਾਸਤਾਂ ਦੇ ਚੁੱਕਿਆ ਹੈ ਪਰ ਕੋਈ ਕਾਰਵਾਈ ਨਾ ਹੋਣ ’ਤੇ ਰੋਸ ਵਜੋਂ ਉਸ ਨੇ ਇਹ ਕਦਮ ਚੁੱਕਿਆ ਹੈ। ਉਸ ਨੇ ਚਿਤਾਵਨੀ ਦਿੱਤੀ ਕਿ ਜੇ ਉਸ ਨੂੰ ਇਨਸਾਫ਼ ਨਾ ਮਿਲਿਆ ਤਾਂ ਉਹ ਟੈਂਕੀ ਤੋਂ ਛਾਲ ਮਾਰਕੇ ਖੁਦਕੁਸ਼ੀ ਕਰ ਲਵੇਗਾ ਅਤੇ ਇਸ ਦੀ ਜ਼ਿੰਮੇਵਾਰੀ ਪੁਲੀਸ ਪ੍ਰਸ਼ਾਸਨ ਦੀ ਹੋਵੇਗੀ। ਪੁਲੀਸ ਅਧਿਕਾਰੀਆਂ ਨੇ ਆਖਿਆ ਕਿ ਸਾਰੇ ਮਾਮਲੇ ਦੀ ਪੜਤਾਲ ਕੀਤੀ ਜਾ ਰਹੀ ਹੈ। ਉਨ੍ਹਾਂ ਲਖਵੀਰ ਸਿੰਘ ਨੂੰ ਇਨਸਾਫ਼ ਦਾ ਭਰੋਸਾ ਦਿੱਤਾ ਪਰ ਉਹ ਆਪਣੀ ਜ਼ਿੱਦ ਉੱਤੇ ਅੜਿਆ ਹੋਇਆ ਹੈ।