ਜਗਮੋਹਨ ਸਿੰਘ
ਘਨੌਲੀ, 10 ਅਗਸਤ
ਜੀਜੀਐਸਐਸਟੀਪੀ ਥਰਮਲ ਪਲਾਂਟ ਰੂਪਨਗਰ ਦੀਆਂ ਸੁਆਹ ਵਾਲੀਆਂ ਝੀਲਾਂ ਨੇੜੇ ਵਾਹਨਾਂ ਦੇ ਟਾਇਰ ਧੋਣ ਲਈ ਲਗਾਇਆ ਵਾਸ਼ਿੰਗ ਸਟੇਸ਼ਨ ਚਿੱਟਾ ਹਾਥੀ ਬਣ ਚੁੱਕਾ ਹੈ। ਜਾਣਕਾਰੀ ਅਨੁਸਾਰ ਪ੍ਰਦੂਸ਼ਣ ਵਿਭਾਗ ਅਤੇ ਜ਼ਿਲ੍ਹਾ ਪ੍ਰਸ਼ਾਸਨ ਦੀਆਂ ਹਦਾਇਤਾਂ ’ਤੇ ਅੰਬੂਜਾ ਸੀਮਿੰਟ ਫੈਕਟਰੀ ਨੇ ਲੱਖਾਂ ਰੁਪਏ ਦੀ ਲਾਗਤ ਨਾਲ ਪਲਾਂਟ ਦੀਆਂ ਝੀਲਾਂ ਨੇੜੇ ਸੁਆਹ ਨਾਲ ਲਿੱਬੜੇ ਗੱਡੀਆਂ ਦੇ ਟਾਇਰ ਧੋਣ, ਪਾਣੀ ਛਿੜਕਣ ਤੇ ਸੜਕ ’ਤੇ ਪ੍ਰਦੂਸ਼ਣ ਘੱਟ ਕਰਨ ਲਈ ਵਾਸ਼ਿੰਗ ਸਟੇਸ਼ਨ ਲਗਾਇਆ ਸੀ। ਪਰ ਦਬੁਰਜੀ ਵਿੱਚ ਪੱਕੇ ਧਰਨੇ ’ਤੇ ਬੈਠੇ ਵਿਅਕਤੀਆਂ ਵੱਲੋਂ ਸੁਆਹ ਦੀਆਂ ਗੱਡੀਆਂ ਨੂੰ ਸੜਕ ਤੋਂ ਨਹੀਂ ਲੰਘਣ ਦਿੱਤਾ ਜਾ ਰਿਹਾ, ਜਿਸ ਕਰ ਕੇ ਥਰਮਲ ਪ੍ਰਬੰਧਕਾਂ ਨੂੰ ਸੁਆਹ ਦੀਆਂ ਗੱਡੀਆਂ ਲਈ ਮਜਬੂਰੀਵੱਸ ਥਰਮਲ ਪਲਾਂਟ ਦੇ ਅੰਦਰੋਂ ਤੇ ਭਾਖੜਾ ਨਹਿਰ ਦੀ ਪਟੜੀ ਵਰਤਣੀ ਪੈ ਰਹੀ ਹੈ। ਇਸ ਪਾਸੇ ਗੱਡੀਆਂ ਦੇ ਟਾਇਰ ਧੋਣ ਦਾ ਕੋਈ ਪ੍ਰਬੰਧ ਨਾ ਹੋਣ ਕਾਰਨ ਸੁਆਹ ਢੋਣ ਵਾਲੇ ਟਿੱਪਰਾਂ ’ਚੋਂ ਉੱਡਦੀ ਸੁੱਕੀ ਸੁਆਹ ਅਤੇ ਟਾਇਰਾਂ ਨਾਲ ਸੁਆਹ ਸੜਕ ਤਕ ਪੁੱਜ ਰਹੀ ਹੈ। ਇਸ ਕਾਰਨ ਅੱਧੀ ਦਰਜਨ ਪਿੰਡਾਂ ਦੇ ਲੋਕਾਂ ਤੋਂ ਇਲਾਵਾ ਥਰਮਲ ਪਲਾਂਟ ਦੇ ਮੁਲਾਜ਼ਮਾਂ ਤੇ ਥਰਮਲ ਕਾਲੋਨੀ ਵਿੱਚ ਰਹਿੰਦੇ ਉਨ੍ਹਾਂ ਦੇ ਪਰਿਵਾਰਾਂ ਨੂੰ ਦਿੱਕਤਾਂ ਆ ਰਹੀਆਂ ਹਨ। ਸੜਕ ’ਤੇ ਪਈ ਸੁਆਹ ਉੱਡ ਕੇ ਦੋ ਪਹੀਆ ਵਾਹਨ ਚਾਲਕਾਂ ਦੀਆਂ ਅੱਖਾਂ ਤੇ ਕੱਪੜੇ ਖ਼ਰਾਬ ਕਰਦੀ ਹੈ। ਇਸ ਤੋਂ ਇਲਾਵਾ ਸੜਕ ’ਤੇ ਪਾਣੀ ਦਾ ਛਿੜਕਾਅ ਕਰਨ ਮਗਰੋਂ ਗਿੱਲੀ ਹੋਈ ਸੁਆਹ ਨਾਲ ਕੱਪੜਿਆਂ ’ਤੇ ਦਾਗ ਪੈ ਜਾਂਦੇ ਹਨ।
ਜ਼ਿਲ੍ਹਾ ਪ੍ਰਸ਼ਾਸਨ ਤੇ ਥਰਮਲ ਪ੍ਰਸ਼ਾਸਨ ਵੱਲੋਂ ਕਈ ਵਾਰੀ ਪਹਿਲਾਂ ਦੀ ਤਰ੍ਹਾਂ ਅੰਬੂਜਾ ਮਾਰਗ ਰਾਹੀਂ ਸੁਆਹ ਵਾਲੇ ਵਾਹਨ ਲੰਘਾਉਣ ਦੀ ਕੋਸ਼ਿਸ਼ ਕੀਤੀ ਗਈ, ਪਰ ਇਲਾਕੇ ਅੰਦਰ ਪ੍ਰਦੂਸ਼ਣ ਘਟਾਉਣ ਦੀ ਮੰਗ ਲਈ ਧਰਨੇ ’ਤੇ ਬੈਠੇ ਧਰਨਾਕਾਰੀਆਂ ਵੱਲੋਂ ਜ਼ਬਰਦਸਤੀ ਵਾਹਨਾਂ ਦੀ ਆਵਾਜਾਈ ਰੋਕ ਦਿੱਤੇ ਜਾਣ ਕਾਰਨ ਸੁਆਹ ਵਾਲੇ ਵਾਹਨ ਥਰਮਲ ਪਲਾਂਟ ਦੇ ਅੰਦਰੋਂ ਹੋ ਕੇ ਭਾਖੜਾ ਨਹਿਰ ਦੀ ਕਮਜ਼ੋਰ ਪਟੜੀ ਰਾਹੀਂ ਲੰਘਾਏ ਜਾ ਰਹੇ ਹਨ।
ਸਮੱਸਿਆ ਬਾਰੇ ਪ੍ਰਸ਼ਾਸਨ ਨੂੰ ਜਾਣੂ ਕਰਵਾਇਆ: ਸ਼ਰਮਾ
ਥਰਮਲ ਪਲਾਂਟ ਦੇ ਮੁੱਖ ਇੰਜਨੀਅਰ ਹਰੀਸ਼ ਕੁਮਾਰ ਸ਼ਰਮਾ ਨੇ ਕਿਹਾ ਕਿ ਇਸ ਸਮੱਸਿਆ ਸਬੰਧੀ ਕਈ ਵਾਰੀ ਲਿਖਤੀ ਤੇ ਜ਼ੁਬਾਨੀ ਤੌਰ ’ਤੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਜਾਣੂ ਕਰਵਾਇਆ ਜਾ ਚੁੱਕਾ ਹੈ।
ਸਮੱਸਿਆ ਦਾ ਜਲਦੀ ਹੱਲ ਕੀਤਾ ਜਾਵੇਗਾ: ਐੱਸਐੱਸਪੀ
ਐੱਸਐੱਸਪੀ ਰੂਪਨਗਰ ਗੁਲਨੀਤ ਸਿੰਘ ਖੁਰਾਣਾ ਨੇ ਭਰੋਸਾ ਦਿੱਤਾ ਕਿ ਸਮੱਸਿਆ ਦਾ ਜਲਦੀ ਹੀ ਹੱਲ ਕੀਤਾ ਜਾਵੇਗਾ।