ਪੱਤਰ ਪ੍ਰੇਰਕ
ਐੱਸਏਐੱਸ ਨਗਰ (ਮੁਹਾਲੀ), 19 ਅਕਤੂਬਰ
ਮੁਹਾਲੀ ਨਗਰ ਨਿਗਮ ਵੱਲੋਂ ਚਾਰ ਦਹਾਕੇ ਪੁਰਾਣੀ ਸੀਵਰੇਜ ਲਾਈਨ ਨੂੰ ਪੁੱਟ ਕੇ ਨਵੇਂ ਸਿਰਿਓਂ ਪਾਈ ਜਾ ਰਹੀ ਪਾਈਪ ਲਾਈਨ ਦੌਰਾਨ ਇੱਥੋਂ ਦੇ ਫੇਜ਼-3ਬੀ2 ਅਤੇ ਸੈਕਟਰ-71 ਨੂੰ ਵੰਡਦੀ ਮੱਖ ਸੜਕ ਦੇ ਕਿਨਾਰੇ ’ਤੇ ਪੀਣ ਵਾਲੇ ਪਾਣੀ ਦੀ ਮੇਨ ਸਪਲਾਈ ਲਾਈਨ ਵਿੱਚ ਲੀਕੇਜ ਹੋਣ ਕਾਰਨ ਸ਼ਹਿਰ ਦੇ ਕਈ ਹਿੱਸਿਆਂ ਵਿੱਚ ਪਾਣੀ ਸਪਲਾਈ ਠੱਪ ਹੋ ਗਈ ਹੈ ਅਤੇ ਅੱਜ ਸਾਰਾ ਦਿਨ ਪੀਣ ਵਾਲੇ ਪਾਣੀ ਦੀ ਸਪਲਾਈ ਪ੍ਰਭਾਵਿਤ ਰਹੀ। ਜਲ ਸਪਲਾਈ ਪਾਈਪਲਾਈਨ ਦੀ ਜ਼ਰੂਰੀ ਮੁਰੰਮਤ ਕਾਰਨ 20 ਅਕਤੂਬਰ ਨੂੰ ਵੀ ਜਲ ਸਪਲਾਈ ਪ੍ਰਭਾਵਿਤ ਰਹੇਗੀ। ਜਲ ਸਪਲਾਈ ਤੇ ਸੈਨੀਟੇਸ਼ਨ ਮੰਡਲ-2 ਮੁਹਾਲੀ ਦੇ ਐਕਸੀਅਨ ਸੁਨੀਲ ਕੁਮਾਰ ਨੇ ਦੱਸਿਆ ਕਿ ਪਾਣੀ ਦਾ ਪ੍ਰੈਸ਼ਰ ਜ਼ਿਆਦਾ ਹੋਣ ਕਾਰਨ ਫੇਜ਼-3ਬੀ2 ਦੇ ਪਿੱਛੇ ਪਾਈਪਲਾਈਨ ਵਿੱਚ ਲੀਕੇਜ ਹੋ ਗਈ ਹੈ। ਅਧਿਕਾਰੀ ਨੇ ਦੱਸਿਆ ਕਿ ਪਾਈਪਲਾਈਨ ਦੀ ਮੁਰੰਮਤ ਕਾਰਨ ਇੱਥੋਂ ਦੇ ਫੇਜ਼-3ਬੀ2 ਸਮੇਤ ਫੇਜ਼-8, ਫੇਜ਼-9, ਫੇਜ਼-10 ਅਤੇ ਫੇਜ਼-11 ਵਿੱਚ ਭਲਕੇ ਪਾਣੀ ਦੀ ਸਪਲਾਈ ਪ੍ਰਭਾਵਿਤ ਰਹੇਗੀ। ਉਨ੍ਹਾਂ ਦੱਸਿਆ ਕਿ ਸਵੇਰੇ ਘੱਟ ਪ੍ਰੈੱਸ਼ਰ ਨਾਲ ਪਾਣੀ ਦੀ ਸਪਲਾਈ ਦਿੱਤੀ ਜਾਵੇਗੀ। ਦੁਪਹਿਰ ਵੇਲੇ ਬਿਲਕੁਲ ਵੀ ਪਾਣੀ ਸਪਲਾਈ ਨਹੀਂ ਕੀਤਾ ਜਾਵੇਗਾ ਜਦੋਂਕਿ ਸ਼ਾਮ ਨੂੰ ਵੀ ਪਾਣੀ ਦੀ ਉਪਲਬਧਤਾ ਮੁਤਾਬਕ ਹੀ ਪੀਣ ਵਾਲਾ ਪਾਣੀ ਸਪਲਾਈ ਕੀਤਾ ਜਾਵੇਗਾ।