ਕੁਲਦੀਪ ਸਿੰਘ
ਚੰਡੀਗੜ੍ਹ, 12 ਸਤੰਬਰ
ਸਿਟੀ ਬਿਊਟੀਫੁੱਲ ਵਿੱਚ ਅੱਜ ਸਵੇਰ ਤੋਂ ਦੁਪਹਿਰ ਤੱਕ ਲਗਾਤਾਰ ਹੋਈ ਬਾਰਿਸ਼ ਨਾਲ ਜਿੱਥੇ ਆਮ ਜਨ-ਜੀਵਨ ਪ੍ਰਭਾਵਿਤ ਹੋਇਆ ਉਥੇ ਹੀ ਤਾਪਮਾਨ ਵਿੱਚ ਆਈ ਗਿਰਾਵਟ ਕਾਰਨ ਚੰਡੀਗੜ੍ਹੀਆਂ ਨੇ ਭਾਦੋਂ ਦੇ ਇਸ ਮਹੀਨੇ ਹੋਣ ਵਾਲੀ ਹੁਮਸ ਅਤੇ ਗਰਮੀ ਤੋਂ ਰਾਹਤ ਵੀ ਮਹਿਸੂਸ ਕੀਤੀ। ਸਵੇਰ ਕਰੀਬ 5 ਵਜੇ ਤੋਂ ਸ਼ੁਰੂ ਹੋਈ ਬਾਰਿਸ਼ ਦੁਪਹਿਰ ਸਾਢੇ 12 ਵਜੇ ਤੱਕ ਜਾਰੀ ਰਹੀ ਅਤੇ ਬਾਅਦ ਦੁਪਹਿਰ ਤੋਂ ਅਸਮਾਨ ਵਿੱਚ ਸੰਘਣੇ ਬੱਦਲ ਛਾਏ ਹੋਏ ਹਨ।
ਐਤਵਾਰ ਨੂੰ ਦੁਪਹਿਰ ਬਾਅਦ ਰੁਕੀ ਬਾਰਿਸ਼ ਉਪਰੰਤ ਮੌਸਮ ਹੋਰ ਵੀ ਸੁਹਾਵਣਾ ਹੋ ਗਿਆ ਅਤੇ ਅਸਮਾਨ ਸਾਫ਼ ਹੋਣ ਕਾਰਨ ਚੰਡੀਗੜ੍ਹ ਦੀਆਂ ਹਰਿਆਵਲ ਭਰੀਆਂ ਸੜਕਾਂ ਤੋਂ ਸੈਂਕੜੇ ਮੀਲ ਦੂਰ ਸ਼ਿਵਾਲਿਕ ਦੀਆਂ ਪਹਾੜੀਆਂ ਵੀ ਸਾਫ਼ ਦਿਖਾਈ ਦੇਣ ਲੱਗੀਆਂ। ਐਤਵਾਰ ਦਾ ਦਿਨ ਹੋਣ ਕਰਕੇ ਸੁਖਨਾ ਝੀਲ ਉਤੇ ਵੀ ਰੌਣਕਾਂ ਲੱਗੀਆਂ ਅਤੇ ਰੰਗ ਬਿਰੰਗੀਆਂ ਛਤਰੀਆਂ ਲੈ ਕੇ ਘਰੋਂ ਨਿਕਲੇ ਲੋਕਾਂ ਨੇ ਝੀਲ ’ਤੇ ਪਹੁੰਚ ਕੇ ਵੋਟਿੰਗ ਦੇ ਨਜ਼ਾਰੇ ਲੈਂਦਿਆਂ ਐਤਵਾਰ ਦੇ ਦਿਨ ਨੂੰ ਯਾਦਗਾਰ ਬਣਾਇਆ।
ਬਾਰਿਸ਼ ਨਾਲ ਠੰਢੇ ਹੋਏ ਮੌਸਮ ਨਾਲ ਘਰਾਂ ਵਿੱਚ ਏਅਰਕੰਡੀਸ਼ਨਰ ਤੇ ਕੂਲਰ ਬੰਦ ਹੋ ਗਏ ਅਤੇ ਪੱਖਿਆਂ ਦੀ ਸਪੀਡ ਵੀ ਧੀਮੀ ਪੈ ਗਈ ਹੈ। ਇਸ ਬਾਰਿਸ਼ ਨੇ ਜਿੱਥੇ ਗਰਮੀ ਨੂੰ ਜਿੱਥੇ ਅਲਵਿਦਾ ਕਹਿਣਾ ਦਾ ਸੁਨੇਹਾ ਦਿੱਤਾ ਹੈ, ਉਥੇ ਹੀ ਲੋਕੀਂ ਬੜੀ ਬੇਸਬਰੀ ਨਾਲ ਸਰਦੀ ਆਉਣ ਦੇ ਇੰਤਜ਼ਾਰ ਕਰਨ ਲੱਗੇ ਹਨ।
ਮੌਸਮ ਵਿਭਾਗ ਦੇ ਅਨੁਮਾਨ ਚੰਡੀਗੜ੍ਹ ਵਿੱਚ ਸੋਮਵਾਰ ਨੂੰ ਵੀ ਸੰਘਣੇ ਬੱਦਲ ਛਾਏ ਰਹਿਣ ਦੀ ਸੰਭਾਵਨਾ ਹੈ ਜਿਸ ਕਾਰਨ ਵੱਧ ਤੋਂ ਵੱਧ ਤਾਪਮਾਨ 32 ਡਿਗਰੀ ਅਤੇ ਘੱਟੋ ਘੱਟ ਤਾਪਮਾਨ 25 ਡਿਗਰੀ ਰਹਿ ਸਕਦਾ ਹੈ।
ਮੀਂਹ ਨਾਲ ਜ਼ੀਰਕਪੁਰ ਵਿੱਚ ਭਰਿਆ ਪਾਣੀ
ਜ਼ੀਰਕਪੁਰ (ਹਰਜੀਤ ਸਿੰਘ) ਸ਼ਹਿਰ ਵਿੱਚ ਅੱਜ ਪਏ ਭਰਵੇਂ ਮੀਂਹ ਨਾਲ ਥਾਂ ਥਾਂ ਜਲਭਰਾਵ ਹੋ ਗਿਆ। ਇਸ ਦੌਰਾਨ ਸਥਾਨਕ ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ਝੱਲਣੀ ਪਈ। ਮੀਂਹ ਦੇ ਪਾਣੀ ਨੂੰ ਨਿਕਾਸੀ ਨਾ ਮਿਲਣ ਕਾਰਨ ਇਥੋਂ ਦੀ ਵੀਆਈਪੀ ਰੋਡ, ਬਲਟਾਣਾ ਖੇਤਰ, ਢਕੋਲੀ ਅਤੇ ਲੋਹਗੜ੍ਹ ਵਿੱਚ ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ਝੱਲਣੀ ਪਈ। ਸ਼ਹਿਰ ਵਿੱਚੋਂ ਲੰਘ ਰਹੀ ਸੜਕਾਂ ’ਤੇ ਪਾਣੀ ਨੂੰ ਨਿਕਾਸੀ ਨਾ ਮਿਲਣ ਕਾਰਨ ਉਨ੍ਹਾਂ ਨੇ ਛੱਪੜਾਂ ਦਾ ਰੂਪ ਧਾਰ ਲਿਆ। ਇਕੱਤਰ ਕੀਤੀ ਜਾਣਕਾਰੀ ਅਨੁਸਾਰ ਸ਼ਹਿਰ ਵਿੱਚ ਸ਼ੁਰੂ ਤੋਂ ਹੀ ਮੀਂਹ ਦੇ ਪਾਣੀ ਦੀ ਨਿਕਾਸੀ ਦੀ ਸਮੱਸਿਆ ਬਣੀ ਹੋਈ ਹੈ। ਸ਼ਹਿਰ ਵਿੱਚ ਥੋੜ੍ਹਾ ਜਿਹਾ ਮੀਂਹ ਪੈਣ ਨਾਲ ਥਾਂ ਥਾਂ ਪਾਣੀ ਭਰ ਜਾਂਦਾ ਹੈ। ਲੰਮੇ ਸਮੇ ਤੋਂ ਸ਼ਹਿਰ ਵਾਸੀ ਇਸ ਸਮੱਸਿਆ ਦਾ ਹੱਲ ਕਰਨ ਦੀ ਮੰਗ ਕਰ ਰਹੇ ਹਨ ਪਰ ਪ੍ਰਸ਼ਾਸਨਿਕ ਅਧਿਕਾਰੀ ਇਸ ਨੂੰ ਗੰਭੀਰਤਾਂ ਨਾਲ ਨਹੀਂ ਲੈ ਰਹੇ ਹਨ। ਮੀਂਹ ਦੌਰਾਨ ਸਭ ਤੋਂ ਵਧ ਦਿੱਕਤ ਇਥੋਂ ਦੇ ਲੋਹਗੜ੍ਹ ਖੇਤਰ, ਵੀਆਈਪੀ ਰੋਡ, ਬਲਟਾਣਾ ਖੇਤਰ ਤੇ ਢਕੋਲੀ ਖੇਤਰ ਵਿੱਚ ਆਉਂਦੀ ਹੈ। ਇਥੋਂ ਦੀ ਚੰਡੀਗੜ੍ਹ ਅੰਬਾਲਾ ਕੌਮੀ ਸ਼ਾਹਰਾਹ, ਜ਼ੀਰਕਪੁਰ ਪੰਚਕੂਲਾ ਤੇ ਪਟਿਆਲਾ ਸੜਕ ’ਤੇ ਪਾਣੀ ਭਰਨ ਕਾਰਨ ਆਵਾਜਾਈ ਵਿੱਚ ਅੜਿੱਕਾ ਪੈਣਾ ਸ਼ੁਰੂ ਹੋ ਗਿਆ। ਸੜਕਾਂ ’ਤੇ ਭਰੇ ਮੀਂਹ ਦੇ ਪਾਣੀ ਵਿੱਚੋਂ ਲੰਘਦੇ ਹੋਏ ਦੋ ਪਹੀਆ ਵਾਹਨ ਚਾਲਕਾਂ ਨੂੰ ਭਾਰੀ ਪ੍ਰੇਸ਼ਾਨੀ ਝੱਲਣੀ ਪਈ। ਪਿੰਡਾਂ ਨੂੰ ਜਾਣ ਵਾਲੀ ਸੜਕਾਂ ’ਤੇ ਚਿੱਕੜ ਪੈਦਾ ਹੋ ਗਿਆ। ਪਟਿਆਲਾ ਚੌਂਕ ’ਤੇ ਪਾਣੀ ਭਰਨ ਕਾਰਨ ਜਾਮ ਵਰਗੀ ਸਥਿਤੀ ਬਣ ਗਈ।