ਆਤਿਸ਼ ਗੁਪਤਾ
ਚੰਡੀਗੜ੍ਹ, 27 ਜੁਲਾਈ
ਸਿਟੀ ਬਿਊਟੀਫੁੱਲ ਵਿੱਚ ਦੋ-ਤਿੰਨ ਦਿਨਾਂ ਤੋਂ ਲਗਾਤਾਰ ਰੁਕ-ਰੁਕ ਕੇ ਪੈ ਰਹੇ ਮੀਂਹ ਤੋਂ ਬਾਅਦ ਮੰਗਲਵਾਰ ਨੂੰ ਸਾਰਾ ਦਿਨ ਬੱਦਲਵਾਈ ਰਹੀ। ਸਵੇਰ ਸਮੇਂ ਹੋਈ ਕਿਣ-ਮਿਣ ਤੋਂ ਬਾਅਦ ਦਿਨ ਵਿੱਚ ਮੌਸਮ ਖੁਸ਼ਗਵਾਰ ਰਿਹਾ ਅਤੇ ਤਾਪਮਾਨ ਆਮ ਨਾਲੋਂ ਹੇਠਾਂ ਡਿੱਗ ਗਿਆ। ਜਿਸ ਕਾਰਨ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ। ਗਰਮੀ ਤੋਂ ਰਾਹਤ ਮਿਲਣ ਕਰਕੇ ਸਾਰਾ ਦਿਨ ਰੌਕ ਗਾਰਡਨ, ਰੋਜ਼ ਗਾਰਡਨ ਅਤੇ ਸੁਖਨਾ ਝੀਲ ’ਤੇ ਘੁੰਮਣ ਲਈ ਸੈਲਾਨੀਆਂ ਦੀ ਭੀੜ ਲੱਗੀ ਰਹੀ। ਜੋ ਕਿ ਦਿਨ ਭਰ ਮੌਸਮ ਦਾ ਆਨੰਦ ਮਾਨਦੇ ਰਹੇ ਸਨ। ਮੌਸਮ ਵਿਭਾਗ ਅਨੁਸਾਰ 28 ਅਤੇ 29 ਜੁਲਾਈ ਨੂੰ ਮੀਂਹ ਦੀ ਪੇਸ਼ੀਨਗੋਈ ਕੀਤੀ ਗਈ। ਭਾਰਤੀ ਮੌਸਮ ਵਿਭਾਗ ਚੰਡੀਗੜ੍ਹ ਅਨੁਸਾਰ ਸਵੇਰ ਸਮੇਂ ਕਈ ਥਾਵਾਂ ’ਤੇ ਕਿਣ-ਮਿਣ ਹੋਈ ਹੈ। ਜਿਸ ਕਾਰਨ ਤਾਪਮਾਨ ਆਮ ਨਾਲੋਂ ਹੇਠਾਂ ਡਿੱਗ ਗਿਆ। ਅੱਜ ਵਧ ਤੋਂ ਵਧ ਤਾਪਮਾਨ 31.2 ਡਿਗਰੀ ਸੈਲਸੀਅਸ ਦਰਜ ਕੀਤਾ ਹੈ। ਜੋ ਕਿ ਆਮ ਨਾਲੋਂ 2 ਡਿਗਰੀ ਹੇਠਾਂ ਡਿੱਗ ਗਿਆ ਸੀ। ਜਦੋਂਕਿ ਘੱਟ ਤੋਂ ਘੱਟ ਤਾਪਮਾਨ 27.8 ਡਿਗਰੀ ਸੈਲਸੀਅਸ ਦਰਜ ਕੀਤਾ ਹੈ। ਵਿਭਾਗ ਦੇ ਅਧਿਕਾਰੀਆਂ ਨੇ ਦੱਸਿਆ ਕਿ 28 ਅਤੇ 29 ਜੁਲਾਈ ਨੂੰ ਚੰਡੀਗੜ੍ਹ ਸਣੇ ਆਲੇ ਦੁਆਲੇ ਪੈਂਦੇ ਹਿਮਾਚਲ ਪ੍ਰਦੇਸ਼, ਪੰਜਾਬ, ਹਰਿਆਣਾ ਵਿੱਚ ਮੀਂਹ ਪੈਣ ਦੀ ਸੰਭਾਵਣਾ ਜਤਾਈ ਗਈ ਹੈ। ਮੌਸਮ ਸੁਹਾਵਣਾ ਹੋਣ ਦੇ ਨਾਲ ਹੀ ਸਥਾਨਕ ਲੋਕ ਸਵੇਰ ਅਤੇ ਸ਼ਾਮ ਸਮੇਂ ਸੁਖਨਾ ਝੀਲ ’ਤੇ ਘੁੰਮਦੇ ਦਿਖਾਈ ਦਿੱਤੇ। ਜਦੋਂਕਿ ਆਲੇ-ਦੁਆਲੇ ਦੇ ਇਲਾਕੇ ਵਿੱਚ ਰਹਿਣ ਵਾਲੇ ਲੋਕ ਘੁੰਮਣ ਲਈ ਚੰਡੀਗੜ੍ਹ ਪਹੁੰਚੇ। ਜਿਸ ਕਾਰਨ ਸੁਖਨਾ ਝੀਲ, ਰੌਕ ਗਾਰਡਨ ਅਤੇ ਏਲਾਂਤੇ ਮਾਲ ਸਣੇ ਹੋਰਨਾ ਘੁੰਮਣ ਵਾਲੀਆਂ ਥਾਵਾਂ ’ਤੇ ਲੋਕਾਂ ਦੀ ਭੀੜ ਲੱਗੀ ਰਹੀ। ਇਸ ਦੌਰਾਨ ਕਈ ਲੋਕ ਬਿਨਾਂ ਮਾਸਕ ਤੋਂ ਫਿਰਦੇ ਹੋਏ ਸਮਾਜਿਕ ਨਿਯਮਾਂ ਦੀ ਉਲੰਘਣਾ ਕਰ ਰਹੇ ਸਨ। ਦੂਜੇ, ਪਾਸੇ ਚੰਡੀਗੜ੍ਹ ਪੁਲੀਸ ਦੇ ਮੁਲਾਜ਼ਮ ਨੇ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ ਬਣਦੀ ਕਾਰਵਾਈ ਕੀਤੀ। ਦੱਸਣਯੋਗ ਹੈ ਕਿ ਯੂਟੀ ਪ੍ਰਸ਼ਾਸਕ ਦੇ ਸਲਾਹਕਾਰ ਧਰਮਪਾਲ ਨੇ ਪੁਲੀਸ ਨੂੰ ਸਖਤ ਹਦਾਇਤਾਂ ਕੀਤੀਆਂ ਹਨ ਕਿ ਸ਼ਹਿਰ ਵਿੱਚ ਕਰੋਨਾ ਨਿਯਮਾਂ ਦੀ ਸਖਤੀ ਨਾਲ ਪਾਲਣਾ ਕਰਵਾਈ ਜਾਵੇ। ਉਨ੍ਹਾਂ ਨੇ ਪੁਲੀਸ ਨੂੰ ਕਿਹਾ ਕਿ ਸੁਖਨਾ ਝੀਲ ਅਤੇ ਰੌਕ ਗਾਰਡਨ ’ਤੇ ਆਉਣ ਵਾਲੇ ਸੈਲਾਨੀਆਂ ’ਤੇ ਵਿਸ਼ੇਸ਼ ਤੌਰ ’ਤੇ ਨਜ਼ਰ ਰੱਖੀ ਜਾਵੇ। ਸਲਾਹਕਾਰ ਨੇ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਉਹ ਘਰੋਂ ਬਾਹਰ ਨਿਕਲਣ ਸਮੇਂ ਮਾਸਕ ਦੀ ਵਰਤੋਂ ਜ਼ਰੂਰ ਕਰਨ।