ਆਤਿਸ਼ ਗੁਪਤਾ
ਚੰਡੀਗੜ੍ਹ, 26 ਮਈ
ਕੇਂਦਰੀ ਖੇਤੀ ਕਾਨੂੰਨਾਂ ਖ਼ਿਲਾਫ਼ ਦਿੱਲੀ ਦੀਆਂ ਬਰੂਹਾਂ ’ਤੇ ਚੱਲ ਰਹੇ ਕਿਸਾਨ ਸੰਘਰਸ਼ ਦੇ 6 ਮਹੀਨੇ ਪੂਰੇ ਹੋਣ ’ਤੇ ਸੰਯੁਕਤ ਕਿਸਾਨ ਮੋਰਚਾ ਦੇ ਸੱਦੇ ਨੂੰ ਚੰਡੀਗੜ੍ਹ ਵਿੱਚ ਭਰਵਾਂ ਹੁੰਗਾਰਾ ਮਿਲਿਆ ਹੈ। ਜਿੱਥੇ ਕਿਸਾਨ ਹਮਾਇਤੀਆਂ ਨੇ ਸਵੇਰੇ ਹੀ ਆਪਣੇ ਘਰਾਂ ’ਤੇ ਕਾਲੇ ਝੰਡੇ ਲਗਾ ਕੇ ਮੋਦੀ ਸਰਕਾਰ ਦੇ ਅੜੀਅਲ ਵਤੀਰੇ ਖ਼ਿਲਾਫ਼ ਰੋਸ ਜ਼ਾਹਿਰ ਕੀਤਾ। ਉਸ ਤੋਂ ਬਾਅਦ ਸ਼ਹਿਰ ਵਿੱਚ ਵੱਖ-ਵੱਖ ਥਾਵਾਂ ’ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਪੁਤਲੇ ਫੂਕੇ ਗਏ। ਇਸ ਦੇ ਨਾਲ ਹੀ ਕਾਂਗਰਸ, ਆਮ ਆਦਮੀ ਪਾਰਟੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਨੇ ਆਪਣੇ ਘਰਾਂ ’ਤੇ ਕਾਲੇ ਝੰਡੇ ਫਹਿਰਾ ਕੇ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਦੀ ਹਮਾਇਤ ਕੀਤੀ।
ਨੌਜਵਾਨ ਕਿਸਾਨ ਏਕਤਾ ਚੰਡੀਗੜ੍ਹ ਦੀ ਅਗਵਾਈ ਹੇਠ ਸ਼ਹਿਰ ਦੀਆਂ ਵੱਖ-ਵੱਖ ਜਥੇਬੰਦੀਆਂ ਨੇ ਸੈਕਟਰ-33/34 ਦੇ ਚੌਕ ਵਿੱਚ ਭਾਰਤੀ ਜਨਤਾ ਪਾਰਟੀ ਚੰਡੀਗੜ੍ਹ ਦੇ ਦਫ਼ਤਰ ਕਮਲਮ ਦੇ ਨਜ਼ਦੀਕ ਮੋਦੀ ਸਰਕਾਰ ਦੇ ਖ਼ਿਲਾਫ਼ ਪ੍ਰਦਰਸ਼ਨ ਕੀਤਾ। ਇਸ ਮੌਕੇ ਚੰਡੀਗੜ੍ਹ ਪੁਲੀਸ ਨੇ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਗਏ। ਪਰ ਕਿਸਾਨ ਜਥੇਬੰਦੀਆਂ ਨੇ ਨਿਯਮਾਂ ਦੀ ਪਾਲਣਾ ਕਰਦਿਆਂ ਕੇਂਦਰ ਸਰਕਾਰ ਦੇ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ। ਪੰਜਾਬ ਕਿਸਾਨ ਯੂਨੀਅਨ ਦੀ ਅਗਵਾਈ ਹੇਠ ਵੱਡੀ ਗਿਣਤੀ ਵਿੱਚ ਨੌਜਵਾਨਾਂ ਨੇ ਮੋਟਰਸਾਈਕਲ ਮਾਰਚ ਕੱਢਿਆ। ਇਹ ਰੋਸ ਪ੍ਰਦਰਸ਼ਨ ਮੁੱਲਾਪੁਰ ਬੈਰੀਅਰ ਤੋਂ ਸ਼ੁਰੂ ਹੋ ਕੇ ਚੰਡੀਗੜ੍ਹ ਦੇ ਵੱਖ-ਵੱਖ ਪਿੰਡਾਂ ਵਿੱਚੋਂ ਹੁੰਦਾ ਹੋਇਆ ਮੁਹਾਲੀ ਫੇਸ-7 ਵਿੱਚ ਖਤਮ ਕੀਤਾ ਹੈ। ਦੂਜੇ ਪਾਸੇ ਸ਼ਹਿਰ ਦੇ ਆਪ ਮੁਹਾਰੇ ਲੋਕਾਂ ਨੇ ਇਕੱਠੇ ਹੋ ਕੇ ਰੋਜ਼ਾਨਾ ਦੀ ਤਰ੍ਹਾਂ ਮਟਕਾ ਚੌਕ, ਸੈਕਟਰ-46/47 ਚੌਕ ਸਣੇ ਵੱਖ-ਵੱਖ ਥਾਵਾਂ ’ਤੇ ਰੋਸ ਪ੍ਰਦਰਸ਼ਨ ਕੀਤੇ।
ਐਸ.ਏ.ਐਸ. ਨਗਰ (ਪੱਤਰ ਪੇ੍ਰਕ): ਸੰਯੁਕਤ ਕਿਸਾਨ ਮੋਰਚਾ ਦੀ ਅਪੀਲ ’ਤੇ ਬੁੱਧਵਾਰ ਨੂੰ ਮੁਹਾਲੀ ਵਿੱਚ ਕਿਸਾਨਾਂ ਅਤੇ ਵੱਖ-ਵੱਖ ਸਿਆਸੀ ਆਗੂਆਂ ਨੇ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਕੇਂਦਰ ਸਰਕਾਰ ਖ਼ਿਲਾਫ਼ ਜ਼ਬਰਦਸਤ ਰੋਸ ਮੁਜ਼ਾਹਰਾ ਕੀਤਾ ਗਿਆ। ਇੱਥੋਂ ਦੇ ਇਤਿਹਾਸਕ ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਦੇ ਸਾਹਮਣੇ ਮੁਹਾਲੀ ਏਅਰਪੋਰਟ ਸੜਕ ’ਤੇ ਚੱਕਾ ਜਾਮ ਕਰਕੇ ਪ੍ਰਧਾਨ ਮੰਤਰੀ ਦਾ ਪੁਤਲਾ ਸਾੜਿਆ ਗਿਆ। ਕੁੱਝ ਲੋਕਾਂ ਨੇ ਪੁਤਲੇ ’ਤੇ ਜੁੱਤੀਆਂ ਦਾ ਹਾਰ ਕੇ ਦੇਸ਼ ਦੇ ਹੁਕਮਰਾਨਾਂ ਨੂੰ ਰੱਜ ਕੇ ਭੰਡਿਆ। ਉਧਰ, ਬੈਸਟੈੱਕ ਮਾਲ ਦੇ ਬਾਹਰ ਲੜੀਵਾਰ ਧਰਨੇ ’ਤੇ ਬੈਠੇ ਕਿਸਾਨਾਂ ਨੇ ਟਰੈਕਟਰਾਂ ਅਤੇ ਗੱਡੀਆਂ ਵਿੱਚ ਸਵਾਰ ਹੋ ਕੇ ਸ਼ਹਿਰ ਵਿੱਚ ਰੋਸ ਮਾਰਚ ਕੀਤਾ ਗਿਆ। ਰਾਜਸੀ ਆਗੂਆਂ ਵੱਲੋਂ ਆਪਣੇ ਘਰਾਂ ਦੇ ਬਨੇਰਿਆਂ ’ਤੇ ਕਾਲੇ ਝੰਡੇ ਲਹਿਰਾਏ ਗਏ।
ਪੰਚਕੂਲਾ (ਪੀਪੀ ਵਰਮਾ): ਪੰਚਕੂਲਾ ਦੇ ਦੋਵੇਂ ਟੌਲ ਪਲਾਜ਼ਿਆਂ ਉੱਤੇ ਅੱਜ ਸਵੇਰੇ ਹੀ ਸੈਂਕੜਿਆਂ ਦੀ ਗਿਣਤੀ ਵਿੱਚ ਕਿਸਾਨ ਇਕੱਠੇ ਹੋਏ। ਇਸ ਦੌਰਾਨ ਪਿੰਜੌਰ ਵਿੱਚ ਵੀ ਕਿਸਾਨ ਇਕੱਠੇ ਹੋਏ ਜਿਨ੍ਹਾਂ ਸੜਕ ਰੋਕ ਦਿੱਤੀ ਅਤੇ ਕਾਲੇ ਝੰਡੇ ਹੱਥਾਂ ਵਿੱਚ ਲੈ ਕੇ ਕਾਲਾ ਦਿਵਸ ਮਨਾਇਆ। ਇਸ ਮੌਕੇ ਬਲਾਕ ਪ੍ਰਧਾਨ ਗੁਰਜੰਟ ਸਿੰਘ, ਕਿਸਾਨ ਭੀਮ ਸਿੰਘ, ਸੰਤੋਖ ਸਿੰਘ, ਹੁਸ਼ਨ ਸਿੰਘ, ਗੁਰਜੀਤ ਸਿੰਘ ਆਦਿ ਮੌਜੂਦ ਸਨ।
ਅਕਾਲੀ ਦਲ ਵੱਲੋਂ ਮੋਦੀ ਸਰਕਾਰ ਖਿਲਾਫ਼ ਰੋਸ ਪ੍ਰਦਰਸ਼ਨ
ਚੰਡੀਗੜ੍ਹ (ਪੱਤਰ ਪੇ੍ਰਕ): ਸ਼੍ਰੋਮਣੀ ਅਕਾਲੀ ਦਲ ਦੀ ਚੰਡੀਗੜ੍ਹ ਯੂਨਿਟ ਦੇ ਪ੍ਰਧਾਨ ਅਤੇ ਨਗਰ ਨਿਗਮ ਦੇ ਵਾਰਡ ਨੰਬਰ 10 ਤੋਂ ਅਕਾਲੀ ਕੌਂਸਲਰ ਹਰਦੀਪ ਸਿੰਘ ਬੁਟੇਰਲਾ ਦੀ ਅਗਵਾਈ ਹੇਠ ਮੋਦੀ ਸਰਕਾਰ ਦੀ ਅਰਥੀ ਚੁੱਕ ਕੇ ਵਿਰੋਧ ਪ੍ਰਦਰਸ਼ਨ ਕੀਤਾ ਗਿਆ ਅਤੇ ਫਿਰ ਬੁਟੇਰਲਾ ਦੇ ਦੁਸਹਿਰਾ ਗਰਾਉੂਂਡ ਵਿਖੇ ਲਿਜਾ ਕੇ ਮੋਦੀ ਸਰਕਾਰ ਦੀ ਅਰਥੀ ਫੂਕੀ ਗਈ। ਇਸ ਮੌਕੇ ਸ੍ਰੀ ਬੁਟੇਰਲਾ ਨੇ ਕਿਹਾ ਕਿ ਸਾਂਝੇ ਕਿਸਾਨ ਮੋਰਚੇ ਵੱਲੋਂ ਉਲੀਕੇ ਜਾਣ ਵਾਲੇ ਹਰੇਕ ਪ੍ਰੋਗਰਾਮਾਂ ਦਾ ਖੁੱਲ੍ਹ ਦੇ ਸਮਰਥਨ ਕੀਤਾ ਜਾਂਦਾ ਰਹੇਗਾ। ਰੋਸ ਪ੍ਰਦਰਸ਼ਨ ਵਿੱਚ ਸ਼ਾਮਿਲ ਹੋਏ ਲੋਕਾਂ ਨੇ ਮੋਦੀ ਸਰਕਾਰ ਖਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਵੀ ਕੀਤੀ। ਇਸ ਮੌਕੇ ਪਰਵਿੰਦਰ ਸਿੰਘ ਹੀਰਾ, ਸੁਰਜੀਤ ਸਿੰਘ, ਅਮਨਪ੍ਰੀਤ ਸਿੰਘ, ਪਰਜਿੰਦਰ ਸਿੰਘ ਲਾਲੀ, ਸ਼ੇਰ ਸਿੰਘ, ਸੇਵਾ ਸਿੰਘ, ਮਨਪ੍ਰੀਤ ਸਿੰਘ ਸੈਣੀ ਆਦਿ ਨੇ ਵੀ ਸ਼ਾਮਿਲ ਹੋ ਕੇ ਮੋਦੀ ਸਰਕਾਰ ਖਿਲਾਫ਼ ਨਾਅਰੇਬਾਜ਼ੀ ਕੀਤੀ।
ਵਿਦਿਆਰਥੀ ਵੀ ਉਤਰੇ ਕਿਸਾਨਾਂ ਦੇ ਹੱਕ ਵਿੱਚ
ਚੰਡੀਗੜ੍ਹ (ਕੁਲਦੀਪ ਸਿੰਘ): ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਉਤੇ ਅੱਜ ਵਿਦਿਆਰਥੀ ਜਥੇਬੰਦੀ ਸਟੂਡੈਂਟਸ ਫਾਰ ਸੁਸਾਇਟੀ (ਐਸ.ਐਫ.ਐਸ.) ਵੱਲੋਂ ਵੀ ਕਾਲ਼ਾ ਦਿਵਸ ਮਨਾਇਆ ਗਿਆ। ਪੰਜਾਬ ਯੂਨੀਵਰਸਿਟੀ ਦੇ ਗੇਟ ਨੰਬਰ 2 ’ਤੇ ਇਕੱਠੇ ਹੋਏ ਵਿਦਿਆਰਥੀਆਂ ਨੇ ਮੋਦੀ ਸਰਕਾਰ ਖਿਲਾਫ਼ ਰੋਸ ਦਾ ਪ੍ਰਗਟਾਵਾ ਕੀਤਾ ਅਤੇ ਜ਼ੋਰਦਾਰ ਨਾਅਰੇਬਾਜ਼ੀ ਵੀ ਕੀਤੀ। ਰੋਸ ਪ੍ਰਦਰਸ਼ਨ ਕਰਨ ਲਈ ਵਿਦਿਆਰਥੀ ਸਵੇਰ ਵੇਲ਼ੇ ਯੂਨੀਵਰਸਿਟੀ ਦੇ ਗੇਟ ਨੰਬਰ 2 ਉਤੇ ਇਕੱਠੇ ਹੋਏ ਜਿੱਥੇ ਕਿ ਪੁਲੀਸ ਕਰਮਚਾਰੀ ਵੀ ਮੌਕੇ ’ਤੇ ਪਹੁੰਚ ਗਏ। ਹੱਥਾਂ ਵਿੱਚ ਵੱਖ ਸਲੋਗਨ ਅਤੇ ਨਾਅਰੇ ਲਿਖੇ ਹੋਏ ਪੋਸਟਰ ਹੱਥਾਂ ਵਿੱਚ ਫੜ ਕੇ ਗੇਟ ਤੋਂ ਪੈਦਲ ਰੋਸ ਪ੍ਰਦਰਸ਼ਨ ਕਰਦੇ ਹੋਏ ਵਿਦਿਆਰਥੀ ਸੈਕਟਰ 14 ਦੀ ਮਾਰਕੀਟ ਵਿੱਚੋਂ ਦੀ ਹੁੰਦੇ ਹੋਏ ਉਪ-ਕੁਲਪਤੀ ਦਫ਼ਤਰ ਤੱਕ ਪਹੁੰਚੇ ਜਿੱਥੇ ਉਨ੍ਹਾਂ ਨੇ ਲਗਾਏ ਹੋਏ ਬੈਰੀਕੇਡਾਂ ਉਤੇ ਕਿਸਾਨੀ ਝੰਡੇ ਟੰਗ ਕੇ ਨਾਅਰੇਬਾਜ਼ੀ ਕੀਤੀ। ਇਸ ਮੌਕੇ ਵਿਦਿਆਰਥੀ ਆਗੂਆਂ ਸੰਦੀਪ ਤੇ ਪ੍ਰਿਯਾ ਨੇ ਸੰਬੋਧਨ ਕੀਤਾ।
ਪੰਜਾਬ ਰਾਜ ਭਵਨ ਵੱਲ ਜਾਂਦੇ ਯੂਥ ਕਾਂਗਰਸੀ ਗ੍ਰਿਫ਼ਤਾਰ
ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਹੀ ਯੂਥ ਕਾਂਗਰਸ ਚੰਡੀਗੜ੍ਹ ਨੇ ਹਮਾਇਤ ਕਰਦਿਆਂ ਪੰਜਾਬ ਰਾਜ ਭਵਨ ਵੱਲ ਰੋਸ ਮਾਰਚ ਕੀਤਾ ਜਿਨ੍ਹਾਂ ਨੂੰ ਥਾਣਾ ਸੈਕਟਰ-3 ਦੀ ਪੁਲੀਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਇਸ ਤੋਂ ਪਹਿਲਾਂ ਯੂਥ ਕਾਂਗਰਸੀਆਂ ਨੇ ਸੈਕਟਰ-17/18 ਦੇ ਚੌਕ ਵਿੱਚ ਅੱਧੇ ਨੰਗੇ ਹੋ ਕੇ ਕੇਂਦਰ ਦੀ ਲੋਕ ਵਿਰੋਧੀ ਨੀਤੀਆਂ ਖ਼ਿਲਾਫ਼ ਪ੍ਰਦਰਸ਼ਨ ਕੀਤਾ। ਯੂਥ ਕਾਂਗਰਸ ਦੇ ਆਗੂ ਲਵ ਕੁਮਾਰ, ਦੀਪਕ ਲੁਬਾਣਾ, ਕੇਵਲ ਸਿੰਘ, ਵਿਨਾਇਕ ਬੰਗੀਆ, ਸੁਖਦੇਵ ਸਿੰਘ, ਧੀਰਜ ਗੁਪਤਾ, ਸਾਨੂੰ ਖਾਨ ਨੇ ਦੱਸਿਆ ਕਿ ਕੇਂਦਰ ਸਰਕਾਰ ਆਪਣੀ ਜ਼ਿੱਦ ’ਤੇ ਅੜੀ ਹੋਈ ਹੈ। ਇਸੇ ਦੌਰਾਨ ਚੰਡੀਗੜ੍ਹ ਕਾਂਗਸ ਦੇ ਆਗੂਆਂ ਨੇ ਕਿਸਾਨਾਂ ਦੀ ਹਮਾਇਤ ਕਰਦਿਆਂ ‘ਰੋਸ ਦਿਵਸ’ ਵਾਲੇ ਦਿਨ ਆਪਣੇ ਘਰਾਂ ’ਤੇ ਕਾਲੇ ਝੰਡੇ ਲਗਾਏ ਗਏ। ਇਸ ਮੌਕੇ ਚੰਡੀਗੜ੍ਹ ਕਾਂਗਰਸ ਦੇ ਪ੍ਰਧਾਨ ਸੁਭਾਸ਼ ਚਾਵਲਾ, ਸਾਬਕਾ ਪ੍ਰਧਾਨ ਪ੍ਰਦੀਪ ਛਾਬੜਾ, ਮਹਿਲਾ ਕਾਂਗਰਸ ਦੀ ਪ੍ਰਧਾਨ ਦੀਪਾ ਦੂਬੇ ਸਣੇ ਵੱਡੀ ਗਿਣਤੀ ਵਿੱਚ ਕਾਂਗਰਸੀ ਆਗੂਆਂ ਨੇ ਆਪਣੇ ਘਰਾਂ ’ਤੇ ਕਾਲੇ ਝੰਡੇ ਲਗਾ ਕੇ ਰੋਸ ਪ੍ਰਦਰਸ਼ਨ ਕੀਤਾ।
ਚੰਡੀਗੜ੍ਹ ਦੇ ਪਿੰਡਾਂ ਵਿੱਚ ਕੇਂਦਰ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ
ਚੰਡੀਗੜ੍ਹ (ਪੱਤਰ ਪੇ੍ਰਕ): ਪੇਂਡੂ ਸੰਘਰਸ਼ ਕਮੇਟੀ ਚੰਡੀਗੜ੍ਹ ਵੱਲੋਂ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਉੱਤੇ ਚੰਡੀਗੜ੍ਹ ਦੇ ਪਿੰਡਾਂ ਵਿੱਚ ਕਾਲਾ ਦਿਵਸ ਮਨਾਇਆ ਗਿਆ ਜਿਸ ਵਿੱਚ ਵੱਖ-ਵੱਖ ਪਿੰਡਾਂ ਦੀਆਂ ਇਕਾਈਆਂ ਵੱਲੋਂ ਪ੍ਰੋਗਰਾਮ ਕੀਤੇ ਗਏ ਅਤੇ ਪਿੰਡਾਂ ਵਿੱਚ ਘਰਾਂ ਉੱਤੇ ਕਾਲੇ ਝੰਡੇ ਲਹਿਰਾਏ ਗਏ। ਪਿੰਡਾਂ ਦੀਆਂ ਇਕਾਈਆਂ ਵੱਲੋਂ ਆਪਣੇ ਆਪਣੇ ਪਿੰਡਾਂ ਵਿੱਚ ਰੋਸ ਮਾਰਚ ਕੀਤੇ ਗਏ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਪੁਤਲੇ ਫੂਕੇ ਗਏ। ਪਿੰਡ ਪਲਸੌਰਾ ਵਿਖੇ ਸੰਘਰਸ਼ ਕਮੇਟੀ ਦੇ ਪ੍ਰਧਾਨ ਦਲਜੀਤ ਸਿੰਘ ਪਲਸੌਰਾ ਦੀ ਅਗਵਾਈ ਵਿੱਚ, ਪਿੰਡ ਖੁੱਡਾ ਅਲੀ ਸ਼ੇਰ ਵਿੱਚ ਸਰਪ੍ਰਸਤ ਬਾਬਾ ਗੁਰਦਿਆਲ ਸਿੰਘ ਅਤੇ ਗੁਰਪ੍ਰੀਤ ਸਿੰਘ ਸੋਮਲ ਦੀ ਅਗਵਾਈ ਵਿੱਚ, ਸਾਰੰਗਪੁਰ ਵਿੱਚ ਬਾਬਾ ਸਾਧੂ ਸਿੰਘ ਦੀ ਅਗਵਾਈ ਵਿੱਚ, ਬਹਿਲਾਣਾ ਤੋਂ ਬੀਬੀ ਜਸਵਿੰਦਰ ਕੌਰ ਦੀ ਅਗਵਾਈ ਵਿੱਚ, ਹੱਲੋਮਾਜਰਾ ਤੋਂ ਸੁਖਜੀਤ ਸਿੰਘ ਸੁੱਖਾ ਦੀ ਅਗਵਾਈ ਵਿੱਚ, ਰਾਏਪੁਰ ਕਲਾਂ ਤੋਂ ਸ਼ਰਨਜੀਤ ਸਿੰਘ ਦੀ ਅਗਵਾਈ ਵਿੱਚ, ਮੌਲੀ ਤੋਂ ਹਰਭਜਨ ਸਿੰਘ ਦੀ ਅਗਵਾਈ ਵਿੱਚ, ਧਨਾਸ ਤੋਂ ਪਰਮਿੰਦਰ ਸਿੰਘ ਦੀ ਅਗਵਾਈ ਵਿੱਚ, ਬੁੜੈਲ ਤੋਂ ਜੋਗਿੰਦਰ ਸਿੰਘ ਅਤੇ ਮਾਸਟਰ ਰਣਜੀਤ ਸਿੰਘ ਦੀ ਅਗਵਾਈ ਵਿੱਚ, ਕਜਹੇੜੀ ਤੋਂ ਜੋਗਾ ਸਿੰਘ ਦੀ ਅਗਵਾਈ ਵਿੱਚ, ਪਿੰਡ ਵਿੱਚ ਮਾਰਚ ਕਰਨ ਤੋਂ ਬਾਅਦ ਪੁਤਲਾ ਫੂਕਿਆ ਗਿਆ।