ਮਿਹਰ ਸਿੰਘ ਕੁਰਾਲੀ
ਕੁਰਾਲੀ, 18 ਜੂਨ
ਨਗਰ ਕੌਂਸਲ ਵਲੋਂ ਸ਼ਹਿਰ ਦੇ ਮਾਤਾ ਰਾਣੀ ਚੌਕ ’ਚ ਨਿਕਾਸੀ ਨਾਲੇ ਨੂੰ ਬੰਦ ਕਰਕੇ ਪਾਈਪਾਂ ਪਾਉਣ ਦਾ ਕੰਮ ਅੱਧਵਾਟੇ ਲਟਕ ਕੇ ਰਹਿ ਗਿਆ ਹੈ। ਇਸ ਕਾਰਨ ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ਝੱਲਣੀ ਪੈ ਰਹੀ ਹੈ।
ਸ਼ਹਿਰ ਦੇ ਸਭ ਤੋਂ ਵੱਧ ਭੀੜ-ਭੜੱਕੇ ਵਾਲੇ ਅਤੇ ਮੇਨ ਐਂਟਰੀ ਪੁਆਇੰਟ ਮੰਨੇ ਜਾਂਦੇ ਮਾਤਾ ਰਾਣੀ ਚੌਕ ਵਿੱਚੋਂ ਲੰਘ ਰਹੇ ਨਿਕਾਸੀ ਨਾਲੇ ਨੂੰ ਬੰਦ ਕਰਕੇ ਕੌਂਸਲ ਨੇ ਪਾਈਪਾਂ ਪਾਉਣ ਦਾ ਕੰਮ ਕੁਝ ਹਫ਼ਤੇ ਪਹਿਲਾਂ ਸ਼ੁਰੂ ਕੀਤਾ ਸੀ। ਨਿਕਾਸੀ ਪਾਈਪਾਂ ਦਾ ਆਕਾਰ ਛੋਟਾ ਹੋਣ ਅਤੇ ਨਿਕਾਸੀ ਨਾਲੇ ਵਿੱਚ ਚੱਲ ਰਹੇ ਪਾਣੀ ਦੌਰਾਨ ਹੀ ਪਾਈਪ ਲਾਈਨ ਪਾਏ ਜਾਣ ਨੂੰ ਲੈ ਕੇ ਦੁਕਾਨਦਾਰਾਂ ਨੇ ਵਿਰੋਧ ਕਰ ਦਿੱਤਾ। ਦੁਕਾਨਦਾਰਾਂ ਨੇ ਠੇਕੇਦਾਰ ਉਤੇ ਪਾਈਪ ਲਾਈਨ ਪਾਏ ਜਾਣ ਦਾ ਕੰਮ ਸਹੀ ਢੰਗ ਨਾਲ ਨਾ ਕਰਨ ਦਾ ਦੋਸ਼ ਲਗਾਇਆ। ਦੁਕਾਨਦਾਰਾਂ ਨੇ ਇਸ ਕੰਮ ਦਾ ਵਿਰੋਧ ਕੀਤਾ ਅਤੇ ਕੰਮ ਬੰਦ ਕਰਵਾਉਂਦਿਆਂ ਵੱਡੇ ਆਕਾਰ ਦੀਆਂ ਪਾਈਪਾਂ ਪਾਏ ਜਾਣ ਦੀ ਮੰਗ ਕੀਤੀ। ਦੁਕਾਨਦਾਰਾਂ ਨੇ ਦੱਸਿਆ ਕਿ ਇਸ ਚੌਕ ਵਿੱਚ ਬਣੇ ਕਰੀਬ ਚਾਰ ਫੁੱਟ ਚੌੜੇ ਨਿਕਾਸੀ ਨਾਲੇ ਦੇ ਪਾਣੀ ਨੂੰ ਸੰਭਾਲਣ ਲਈ ਕੇਵਲ ਨੌਂ ਇੰਚ ਆਕਾਰ ਦੀ ਪਾਈਪ ਲਾਈਨ ਪਾਈ ਜਾ ਰਹੀ ਹੈ ਜੋ ਕਿ ਸਹੀ ਨਹੀਂ ਹੈ। ਮਾਤਾ ਰਾਣੀ ਚੌਕ ਪੂਰੀ ਤਰ੍ਹਾਂ ਪੁੱਟਿਆ ਹੋਣ ਕਾਰਨ ਲੋਕਾਂ ਨੂੰ ਇਸ ਕਾਰਨ ਭਾਰੀ ਪ੍ਰੇਸ਼ਾਨੀ ਹੋ ਰਹੀ ਹੈ। ਆਵਾਜਾਈ ਠੱਪ ਹੋ ਗਈ ਹੈ ਤੇ ਪੈਦਲ ਚੱਲਣ ਵਾਲਿਆਂ ਨੂੰ ਵੀ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਲੋਕ ਨਿੱਤ ਹਾਦਸਿਆਂ ਦਾ ਸ਼ਿਕਾਰ ਹੋ ਰਹੇ ਹਨ। ਸ਼ਹਿਰ ਵਾਸੀਆਂ ਨੇ ਕੌਂਸਲ ਤੋਂ ਮੰਗ ਕੀਤੀ ਕਿ ਇਨ੍ਹਾਂ ਨਾਲਿਆਂ ਵਿੱਚ ਵੱਡੀਆਂ ਪਾਈਪਾਂ ਪਾਈਆਂ ਜਾਣ ਤਾਂ ਜੋ ਪਾਣੀ ਦੀ ਨਿਕਾਸੀ ਵਿੱਚ ਕੋਈ ਦਿੱਕਤ ਨਾ ਆਵੇ।
ਕੌਂਸਲ ਦੇ ਈਓ ਸੰਗੀਤ ਕੁਮਾਰ ਨੇ ਸੰਪਰਕ ਕਰਨ ’ਤੇ ਕਿਹਾ ਕਿ ਮਾਮਲਾ ਉਨ੍ਹਾਂ ਦੇ ਧਿਆਨ ਵਿੱਚ ਹੈ। ਕੁਝ ਦੁਕਾਨਦਾਰ ਆਪਣੀਆਂ ਦੁਕਾਨਾਂ ਅੱਗੇ ਬਣੇ ਥੜ੍ਹੇ ਤੇ ਰੈਂਪ ਨੂੰ ਤੋੜਨ ਕਾਰਨ ਇਸ ਕੰਮ ਦਾ ਵਿਰੋਧ ਕਰ ਰਹੇ ਹਨ। ਉਨ੍ਹਾਂ ਰੁਕਿਆ ਕੰਮ ਇੱਕ-ਦੋ ਦਿਨਾਂ ’ਚ ਮੁੜ ਕੰਮ ਸ਼ੁਰੂ ਕਰਨ ਤੇ ਵੱਡੇ ਆਕਾਰ ਦੀਆਂ ਪਾਈਪਾ ਪਾਏ ਜਾਣ ਦਾ ਭਰੋਸਾ ਦਿੱਤਾ।
ਬਜ਼ੁਰਗ ਹੋਇਆ ਜ਼ਖ਼ਮੀ
ਪਾਈਪ ਪਾਉਣ ਲਈ ਪੁੱਟੇ ਨਾਲੇ ਨੂੰ ਪਾਰ ਕਰਨ ਦੀ ਕੋਸ਼ਿਸ਼ ਦੌਰਾਨ ਅੱਜ ਇੱਕ ਬਜ਼ੁਰਗ ਡਿੱਗ ਕੇ ਜ਼ਖ਼ਮੀ ਹੋ ਗਿਆ। ਸਥਾਨਕ ਦੁਕਾਨਦਾਰ ਬਜ਼ੁਰਗ ਨੂੰ ਚੁੱਕ ਕੇ ਡਾਕਟਰ ਕੋਲ ਲੈ ਗਏ ਤੇ ਉਸ ਦੀ ਦਵਾਈ ਕਰਵਾਈ।