ਪੱਤਰ ਪੇ੍ਰਕ
ਮੁੱਲਾਂਪੁਰ ਗ਼ਰੀਬਦਾਸ, 3 ਅਕਤੂਬਰ
ਛਿੰਝ ਕਮੇਟੀ ਪਿੰਡ ਮਾਜਰਾ ਵੱਲੋਂ ਗਰਾਮ ਪੰਚਾਇਤ ਤੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਕਰਵਾਏ 53ਵੇਂ ਸਾਲਾਨਾ ਕੁਸ਼ਤੀ ਦੰਗਲ ਦੌਰਾਨ ਦੋ ਲੱਖ ਰੁਪਏ ਇਨਾਮ ਵਾਲੀ ਝੰਡੀ ਦਾ ਮੁਕਾਬਲਾ ਉੱਘੇ ਪਹਿਲਵਾਨ ਪ੍ਰਿਤਪਾਲ ਫਗਵਾੜਾ ਤੇ ਮਿਰਜਾ ਇਰਾਨ ਵਿਚਕਾਰ ਹੋਇਆ। ਲਗਪਗ 25 ਮਿੰਟ ਤੱਕ ਚੱਲਿਆ ਇਹ ਮੁਕਾਬਲਾ ਬਰਾਬਰ ਰਿਹਾ। ਇਸੇ ਦੌਰਾਨ ਪਿੰਡ ਪੱਲਣਪੁਰ ਵਾਸੀਆਂ ਵੱਲੋਂ ਕਰਵਾਈ ਇੱਕੀ ਹਜ਼ਾਰ ਰੁਪਏ ਇਨਾਮ ਵਾਲੀ ਦੂਜੀ ਝੰਡੀ ਵੀ ਪਹਿਲਵਾਨ ਕਮਲਜੀਤ ਮੁੱਲਾਂਪੁਰ ਗ਼ਰੀਬਦਾਸ ਤੇ ਬਿੰਦਰ ਚੰਦਪੁਰ ਦਰਮਿਆਨ ਬਰਾਬਰ ਰਹੀ। ਇਸ ਤੋਂ ਇਲਾਵਾ ਪਹਿਲਵਾਨ ਯੁਵਰਾਜ ਜ਼ੀਰਕਪੁਰ ਨੇ ਗੋਲੂ ਚੰਡੀਗੜ੍ਹ ਨੂੰ, ਜੱਸੀ ਖੁੱਡਾ ਅਲੀਸ਼ੇਰ ਚੰਡੀਗੜ੍ਹ ਨੇ ਸ਼ੈਰੀ ਨੂੰ ਚਿੱਤ ਕੀਤਾ। ਪ੍ਰਧਾਨ ਮਨਜੀਤ ਸਿੰਘ ਮਾਨ, ਗੁਰਮੇਲ ਸਿੰਘ ਦੋਜ਼ੀ, ਗੁਰਵਿੰਦਰ ਸਿੰਘ ਸਰਪੰਚ, ਜਗਦੇਵ ਸਿੰਘ, ਰਾਣਾ, ਰਾਂਝਾ, ਅੰਗਰੇਜ ਸਿੰਘ, ਚੌਧਰੀ ਗੁਰਮੇਲ ਪੱਲਣਪੁਰ, ਬਾਬਾ ਮੱਘਰ ਸਿੰਘ ਆਦਿ ਵੱਲੋਂ ਕੁਸ਼ਤੀਆਂ ਦਾ ਉਦਘਾਟਨ ਕੀਤਾ ਗਿਆ। ਮੁੱਖ ਮਹਿਮਾਨਾਂ ਵਿੱਚ ਚੇਅਰਮੈਨ ਕਮਲਜੀਤ ਸਿੰਘ ਚਾਵਲਾ ਕੁਰਾਲੀ, ਕਾਂਗਰਸ ਦੇ ਹਲਕਾ ਇੰਚਾਰਜ ਵਿਜੈ ਕੁਮਾਰ ਟਿੰਕੂ ਸ਼ਰਮਾ, ਅਕਾਲੀ ਦਲ ਦੇ ਹਲਕਾ ਇੰਚਾਰਜ ਰਣਜੀਤ ਸਿੰਘ ਗਿੱਲ ਦੇ ਭਤੀਜੇ ਗੁਰਤੇਜ ਸਿੰਘ, ਸ਼ੋਮਣੀ ਕਮੇਟੀ ਮੈਂਬਰ ਅਜਮੇਰ ਸਿੰਘ ਖੇੜਾ, ਸਾਬਕਾ ਮੰਤਰੀ ਬ੍ਰਹਮ ਮਹਿੰਦਰਾ, ਸਾਬਕਾ ਡੀਜੀਪੀ ਸੁਰੇਸ਼ ਅਰੋੜਾ, ‘ਆਪ’ ਦੇ ਸੀਨੀਅਰ ਆਗੂ ਜਗਮੋਹਨ ਸਿੰਘ ਕੰਗ, ‘ਆਪ’ ਬੁਲਾਰੇ ਮਲਵਿੰਦਰ ਸਿੰਘ ਕੰਗ ਤੇ ਦਲਵਿੰਦਰ ਸਿੰਘ ਬੈਨੀਪਾਲ ਗਰੁੱਪ ਆਦਿ ਸ਼ਾਮਲ ਸਨ। ਸ਼ਾਮ ਵੇਲੇ ਪੀਰ ਨੌਗਜ਼ਾ ਦੇ ਦਰਬਾਰ ਵਿੱਚ ਕੱਵਾਲ ਕਰਾਮਤ ਦੀ ਪਾਰਟੀ ਨੇ ਕੱਵਾਲੀਆਂ ਪੇਸ਼ ਕੀਤੀਆਂ।
ਜ਼ੀਰਕਪੁਰ (ਨਿੱਜੀ ਪੱਤਰ ਪ੍ਰੇਰਕ): ਪਿੰਡ ਦਿਆਲਪੁਰਾ ਸੋਢੀਆਂ ਵਿਖੇ ਗੁਰੂ ਨਾਨਕ ਛਿੰਝ ਕਲੱਬ ਵੱਲੋਂ ਇਲਾਕਾ ਵਾਸੀਆਂ ਦੇ ਸਹਿਯੋਗ ਨਾਲ ਵਿਸ਼ਾਲ ਕੁਸ਼ਤੀ ਦੰਗਲ ਕਰਵਾਇਆ ਗਿਆ। ਇਸ ਦੌਰਾਨ ਹਲਕਾ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਚੋਕ ਦਿਲਬਾਗ ਪੰਨੂ ਨੇ ਦੱਸਿਆ ਕਿ ਝੰਡੀ ਦੀ ਕੁਸ਼ਤੀ ਅਸ਼ਿਵੰਦਰ ਸਿੰਘ ਦਿੱਲੀ ਭਾਰਤ ਕੇਸਰੀ ਅਤੇ ਸੋਨੂੰ ਕਾਂਗੜਾ ਹਿਮਾਚਲ ਕੇਸਰੀ ਦੇ ਦਰਮਿਆਨ ਬਰਾਬਰ ਰਹੀ। ਇਸ ਮਗਰੋਂ ਨਿਯਮ ਮੁਤਾਬਕ ਦੋਵਾਂ ਨੂੰ ਪੰਜ ਮਿੰਟ ਹੋਰ ਦਿੱਤੇ ਗਏ। ਪ੍ਰਬੰਧਕਾਂ ਵੱਲੋਂ ਕੋਈ ਫੈਸਲਾ ਨਾ ਹੁੰਦਾ ਦੇਖ ਦੋਵਾਂ ਨੂੰ ਸਾਂਝੇ ਤੌਰ ’ਤੇ ਜੇਤੂ ਕਰਾਰ ਦਿੱਤਾ ਗਿਆ। ਸ੍ਰੀ ਰੰਧਾਵਾ ਨੇ ਪ੍ਰਬੰਧਕਾਂ ਨੂੰ ਆਪਣੇ ਵੱਲੋਂ 21 ਹਜ਼ਾਰ ਰੁਪਏ ਅਤੇ ਵਾਰਡ ਨੰਬਰ 26 ਦੇ ਕੌਂਸਲਰ ਨਵਜੋਤ ਸਿੰਘ ਵੱਲੋਂ 11 ਹਜ਼ਾਰ ਰੁਪਏ ਦੀ ਮਾਲੀ ਮਦਦ ਦੇਣ ਦਾ ਐਲਾਨ ਕੀਤਾ। ਜੇਤੂ ਖਿਡਾਰੀਆਂ ਨੂੰ 50-50 ਹਜ਼ਾਰ ਰੁਪਏ ਨਕਦ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਗੁਰਦੀਪ ਸਿੰਘ, ਸੁਖਦੇਵ ਸਿੰਘ, ਜਰਨੈਲ ਸਿੰਘ, ਇੰਦਰਜੀਤ ਸਿੰਘ ਹੈਰੀ, ਬਲਬੀਰ ਸਿੰਘ, ਆਮ ਆਦਮੀ ਪਾਰਟੀ ਦੇ ਮੈਂਬਰ ਅਤੇ ਵੱਡੀ ਗਿਣਤੀ ਪਿੰਡ ਵਾਸੀ ਹਾਜ਼ਰ ਸਨ।
ਅਮਲੋਹ (ਪੱਤਰ ਪ੍ਰੇਰਕ): ਆਜ਼ਾਦ ਸਪੋਰਟਸ ਕਲੱਬ ਪਿੰਡ ਲੱਖਾ ਸਿੰਘ ਵਾਲਾ ਵੱਲੋਂ ਕੁਸ਼ਤੀ ਦੰਗਲ ਗੁੱਗਾ ਜਾਹਰ ਪੀਰ ਦੇ ਸਥਾਨ ’ਤੇ ਸਰਪੰਚ ਬਲਜੀਤ ਸਿੰਘ ਬੰਨੀ ਦੀ ਅਗਵਾਈ ਹੇਠ ਕਰਵਾਇਆ ਗਿਆ। ਇਸ ਵਿੱਚ ਪਹਿਲੀ ਝੰਡੀ ਦੀ 51 ਹਜ਼ਾਰ ਦੀ ਕੁਸ਼ਤੀ ਜੱਸਾ ਜਸਪ੍ਰੀਤ ਬਾੜੋਵਾਲ ਅਤੇ ਰੋਹਿਤ ਬਾਰਨ ਵਿਚਕਾਰ ਬਰਾਬਰ ਰਹੀ। ਦੂਸਰੀ ਝੰਡੀ ਦੀ ਕੁਸ਼ਤੀ ਵਿੱਚ ਸਾਹਿਬਦੀਪ ਬਿਰੜਵਾਲ ਅਤੇ ਸਹਬਿਾਜ ਆਲਮਗੀਰ ਬਰਾਬਰ ਰਹੇ।
ਸ਼ਿੰਗਾਰੀਵਾਲਾ ’ਚ ਕੁਸ਼ਤੀ ਮੁਕਾਬਲੇ ਅੱਜ
ਮੁੱਲਾਂਪੁਰ ਗ਼ਰੀਬਦਾਸ (ਪੱਤਰ ਪੇ੍ਰਕ): ਗਰਾਮ ਪੰਚਾਇਤ ਪਿੰਡ ਸ਼ਿੰਗਾਰੀਵਾਲਾ ਵੱਲੋਂ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਸਾਲਾਨਾ ਕੁਸ਼ਤੀ ਦੰਗਲ 4 ਅਕਤੂਬਰ ਨੂੰ ਬਾਅਦ ਦੁਪਹਿਰ ਕਰਵਾਇਆ ਜਾ ਰਿਹਾ ਹੈ। ਇਸ ਵਿੱਚ ਝੰਡੀ ਦੀ ਕੁਸ਼ਤੀ ਜੱਸਾ ਪੱਟੀ ਤੇ ਮੋਨੂੰ ਦਿੱਲੀ ਵਿਚਕਾਰ ਹੋਵੇਗੀ। ਸਿਰਫ਼ ਸੱਦੇ ਹੋਏ ਪਹਿਲਵਾਨ ਹੀ ਕੁਸ਼ਤੀਆਂ ਲੜਨਗੇ। ਇਹ ਜਾਣਕਾਰੀ ਸਰਪੰਚ ਚਰਨਜੀਤ ਸਿੰਘ ਨੇ ਦਿੱਤੀ।