ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 29 ਅਕਤੂਬਰ
ਇੱਥੋਂ ਦੇ ਸੈਕਟਰ-37 ਵਿੱਚ ਨਿਰਮਾਣ ਅਧੀਨ ਬਿਲਡਿੰਗ ਦੀ ਪਹਿਲੀ ਮੰਜ਼ਿਲ ਤੋਂ ਡਿੱਗਣ ਕਾਰਨ ਮਜ਼ਦੂਰ ਜ਼ਖ਼ਮੀ ਹੋ ਗਿਆ। ਸਿਰ ਵਿੱਚ ਸੱਟ ਵੱਜਣ ’ਤੇ ਪੀੜਤ ਨੂੰ ਇਲਾਜ ਲਈ ਸੈਕਟਰ-16 ਦੇ ਸਰਕਾਰੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਘਟਨਾ ਦੀ ਜਾਣਕਾਰੀ ਮਿਲਦਿਆਂ ਹੀ ਫਾਇਰ ਬ੍ਰਿਗੇਡ ਦੀ ਟੀਮ ਨੇ ਘਟਨਾ ਵਾਲੀ ਥਾਂ ’ਤੇ ਪਹੁੰਚ ਕੇ ਪੀੜਤ ਨੂੰ ਹਸਪਤਾਲ ਪਹੁੰਚਾਇਆ।
ਪ੍ਰਾਪਤ ਜਾਣਕਾਰੀ ਅਨੁਸਾਰ ਅੱਜ ਸਵੇਰੇ ਚੰਡੀਗੜ੍ਹ ਪੁਲੀਸ ਦੇ ਕੰਟਰੋਲ ਰੂਮ ਵਿੱਚ ਸੂਚਨਾ ਪਹੁੰਚੀ ਕਿ ਸੈਕਟਰ-37 ਵਿੱਚ ਨਿਰਮਾਣ ਅਧੀਨ ਬਿਲਡਿੰਗ ਦੀ ਛੱਤ ਡਿੱਗ ਗਈ ਹੈ। ਸੂਚਨਾ ਮਿਲਣ ’ਤੇ ਫਾਇਰ ਬ੍ਰਿਗੇਡ ਅਤੇ ਪੁਲੀਸ ਨੂੰ ਭਾਜੜਾਂ ਪੈ ਗਈਆਂ, ਜੋ ਆਪੋ-ਆਪਣੀ ਟੀਮਾਂ ਨਾਲ ਘਟਨਾ ਵਾਲੀ ਥਾਂ ’ਤੇ ਤੁਰੰਤ ਪਹੁੰਚੇ। ਘਟਨਾ ਵਾਲੀ ਥਾਂ ’ਤੇ ਪਹੁੰਚਣ ’ਤੇ ਪਤਾ ਲੱਗਿਆ ਕਿ ਘਰ ਦੀ ਛੱਤ ਨਹੀਂ ਡਿੱਗੀ ਜਦੋਂ ਕਿ ਪਹਿਲੀ ਮੰਜ਼ਿਲ ਤੋਂ ਮਜ਼ਦੂਰ ਹੇਠਾਂ ਡਿੱਗ ਗਿਆ ਹੈ।
ਫਾਇਰ ਬ੍ਰਿਗੇਡ ਨੇ ਪੀੜਤ ਨੂੰ ਹਸਪਤਾਲ ਪਹੁੰਚਾਇਆ। ਘਰ ਦੇ ਮਾਲਕ ਸੰਜੀਵ ਕੁਮਾਰ ਨੇ ਕਿਹਾ ਕਿ ਉਨ੍ਹਾਂ ਦੇ ਕੋਠੀ ਵਿੱਚ ਉਸਾਰੀ ਦਾ ਕੰਮ ਚੱਲ ਰਿਹਾ ਹੈ। ਇਸ ਦੌਰਾਨ ਪਹਿਲੀ ਮੰਜ਼ਿਲ ’ਤੇ ਕੰਮ ਕਰਦਿਆਂ ਇਕ ਮਜ਼ਦੂਰ ਹੇਠਾਂ ਡਿੱਗ ਗਿਆ। ਉਨ੍ਹਾਂ ਕਿਹਾ ਕਿ ਇਸ ਦੀ ਜਾਣਕਾਰੀ ਤੁਰੰਤ ਪੁਲੀਸ ਕੰਟਰੋਲ ਰੂਮ ਵਿੱਚ ਦੇ ਦਿੱਤੀ।