ਜਗਮੋਹਨ ਸਿੰਘ
ਘਨੌਲੀ, 23 ਫਰਵਰੀ
ਪੁਲੀਸ ਚੌਕੀ ਭਰਤਗੜ੍ਹ ਅਧੀਨ ਪੈਂਦੇ ਪਿੰਡ ਕੋਟਬਾਲਾ ਦਾ ਨੌਜਵਾਨ ਬੀਤੇ ਦਿਨ ਭਾਖੜਾ ਨਹਿਰ ਵਿੱਚ ਰੁੜ੍ਹ ਗਿਆ। ਪੁਲੀਸ ਚੌਕੀ ਭਰਤਗੜ੍ਹ ਦੇ ਇੰਚਾਰਜ ਸਬ ਇੰਸਪੈਕਟਰ ਬਲਬੀਰ ਸਿੰਘ ਨੇ ਦੱਸਿਆ ਕਿ ਸਰਬਜੀਤ ਸਿੰਘ (24) ਪੁੱਤਰ ਬਲਦੇਵ ਸਿੰਘ ਵਾਸੀ ਕੋਟਬਾਲਾ ਬੀਤੇ ਦਿਨ ਬਾਅਦ ਦੁਪਹਿਰ ਮੱਛੀਆਂ ਨੂੰ ਆਟਾ ਪਾਉਣ ਲਈ ਭਾਖੜਾ ਨਹਿਰ ਦੀ ਪੱਟੜੀ ’ਤੇ ਗਿਆ ਸੀ, ਜਿਸ ਦੌਰਾਨ ਉਸ ਦਾ ਪੈਰ ਤਿਲ੍ਹਕ ਜਾਣ ਕਾਰਨ ਨਹਿਰ ਵਿੱਚ ਡਿੱਗ ਗਿਆ। ਉਨ੍ਹਾਂ ਦੱਸਿਆ ਕਿ ਪੁਲੀਸ ਵੱਲੋਂ ਤੁਰੰਤ ਮੌਕੇ ਤੇ ਪਹੁੰਚ ਕੇ ਗੋਤਾਖੋਰਾਂ ਦੀ ਮਦਦ ਨਾਲ ਨਹਿਰ ਵਿੱਚ ਡੁੱਬੇ ਨੌਜਵਾਨ ਦੀ ਤਲਾਸ਼ ਕੀਤੀ ਗਈ, ਪਰ ਸਫਲਤਾ ਨਹੀਂ ਮਿਲੀ। ਮ੍ਰਿਤਕ ਨੌਜਵਾਨ ਦੀ ਭੈਣ ਦਾ ਥੋੜ੍ਹੇ ਦਿਨਾਂ ਅੰਦਰ ਹੀ ਵਿਆਹ ਰੱਖਿਆ ਹੋਇਆ ਸੀ ਅਤੇ ਜਿਸ ਸਮੇਂ ਇਹ ਘਟਨਾ ਵਾਪਰੀ ਉਸ ਸਮੇਂ ਮ੍ਰਿਤਕ ਦੇ ਮਾਤਾ ਪਿਤਾ ਲੜਕੀ ਦੇ ਵਿਆਹ ਦੇ ਸਾਮਾਨ ਦੀ ਖਰੀਦਦਾਰੀ ਕਰਨ ਲਈ ਲੁਧਿਆਣੇ ਗਏ ਹੋਏ ਸਨ।