ਆਤਿਸ਼ ਗੁਪਤਾ
ਚੰਡੀਗੜ੍ਹ, 28 ਜਨਵਰੀ
ਕਰੋਨਾਵਾਇਰਸ ਦੇ ਕੇਸ ਘਟਣ ਅਤੇ ਕੋਵਿਡ ਵੈਕਸੀਨ ਦੀ ਖੋਜ ਮਗਰੋਂ ਕੇਂਦਰ ਸਰਕਾਰ ਨੇ ਨਵੇਂ ਦਿਸ਼ਾ ਨਿਰਦੇਸ਼ ਜਾਰੀ ਕੀਤੇ ਹਨ। ਇਨ੍ਹਾਂ ਨਿਰਦੇਸ਼ਾਂ ਅਨੁਸਾਰ ਕੰਟੇਨਮੈਂਟ ਜ਼ੋਨ ਤੋਂ ਬਾਹਰਲੇ ਇਲਾਕਿਆਂ ਵਿੱਚ ਸਿਨੇਮਾਘਰ, ਥੀਏਟਰ ਅਤੇ ਸਵੀਮਿੰਗ ਪੂਲਾਂ ਨੂੰ ਪੂਰੀ ਸਮਰਥਾ ਨਾਲ ਖੋਲ੍ਹਿਆ ਜਾ ਸਕੇਗਾ। ਇਹ ਆਦੇਸ਼ ਪਹਿਲੀ ਫਰਵਰੀ ਤੋਂ 28 ਫਰਵਰੀ ਤੱਕ ਲਾਗੂ ਰਹਿਣਗੇ। ਕੇਂਦਰ ਸਰਕਾਰ ਦੇ ਇਨ੍ਹਾਂ ਆਦੇਸ਼ਾਂ ਨੂੰ ਯੂਟੀ ਪ੍ਰਸ਼ਾਸਕ ਦੇ ਸਲਾਹਕਾਰ ਮਨੋਜ ਪਰੀਦਾ ਨੇੇ ਵੀ ਲਾਗੂ ਕਰਨ ਲਈ ਪ੍ਰਵਾਨਗੀ ਦੇ ਦਿੱਤੀ ਹੈ।
ਕਰੋਨਾਵਾਇਰਸ ਦੇ ਪਸਾਰ ਕਾਰਨ ਚੰਡੀਗੜ੍ਹ ਵਿੱਚ ਮਾਰਚ 2020 ਦੇ ਆਖਰ ਵਿੱਚ ਸਿਨੇਮਾਘਰਾਂ ਵਿੱਚ ਸ਼ੋਅ ਅਤੇ ਥੀਏਟਰਾਂ ਵਿੱਚ ਸਮਾਗਮਾਂ ’ਤੇ ਪਾਬੰਦੀ ਲਗਾ ਦਿੱਤੀ ਗਈ ਸੀ। ਹਾਲ ਹੀ ਵਿੱਚ ਦੋ ਮਹੀਨੇ ਪਹਿਲਾਂ 50 ਫ਼ੀਸਦ ਸਿਟਿੰਗ ਕਪੈਸਿਟੀ ਨਾਲ ਇਨ੍ਹਾਂ ਨੂੰ ਖੋਲ੍ਹ ਦਿੱਤਾ ਗਿਆ ਸੀ। ਹੁਣ ਕਰੋਨਾ ਕੇਸਾਂ ਵਿੱਚ ਆਈ ਗਿਰਾਵਟ ਤੋਂ ਬਾਅਦ ਕੇਂਦਰ ਸਰਾਰ ਨੇ ਇਨ੍ਹਾਂ ਨੂੰ ਪੂਰੀ ਸਮਰਥਾ ਨਾਲ ਖੋਲ੍ਹਣ ਲਈ ਪ੍ਰਵਾਨਗੀ ਦੇ ਦਿੱਤੀ ਹੈ। ਹਾਲ ਹੀ ਵਿੱਚ ਸਵੀਮਿੰਗ ਪੂਲਾਂ ਨੂੰ ਸਿਰਫ਼ ਖਿਡਾਰੀਆਂ ਲਈ ਖੋਲ੍ਹਣ ਦੀ ਇਜ਼ਾਜਤ ਸੀ ਪਰ ਹੁਣ ਸਵੀਮਿੰਗ ਪੂਲਾਂ ਨੂੰ ਵੀ ਸਾਰਿਆਂ ਲਈ ਖੋਲ੍ਹਣ ਦੀ ਇਜ਼ਾਜਤ ਦੇ ਦਿੱਤੀ ਗਈ ਹੈ।
ਕੇਂਦਰ ਸਰਕਾਰ ਵੱਲੋਂ ਜਾਰੀ ਨਿਰਦੇਸ਼ਾਂ ਤਹਿਤ ਹੁਣ ਸਮਾਜਿਕ, ਧਾਰਮਿਕ, ਖੇਡਾਂ, ਮਨੋਰੰਜਨ ਤੇ ਸਿੱਖਿਆ ਸਬੰਧੀ ਸਮਾਗਮ ਵੀ ਕਰਵਾਏ ਜਾ ਸਕਣਗੇ ਪਰ ਪ੍ਰਸ਼ਾਸਨਿਕ ਅਧਿਕਾਰੀਆਂ ਦਾ ਕਹਿਣਾ ਹੈ ਕਿ ਸਮਾਗਮਾਂ ਦੌਰਾਨ ਕੋਵਿਡ-19 ਨਿਯਮਾਂ ਦੀ ਪਾਲਣਾ ਕਰਨਾ ਜ਼ਰੂਰੀ ਹੋਵੇਗਾ। ਇਨ੍ਹਾਂ ਨਿਯਮਾਂ ਵਿੱਚ ਮਾਸਕ ਪਹਿਨਣਾ, ਹੱਥਾਂ ਨੂੰ ਸੈਨੀਟਾਈਜ਼ ਕਰਨਾ ਅਤੇ ਸਮਾਜਿਕ ਦੂਰੀ ਦੇ ਨਿਯਮਾਂ ਦੀ ਪਾਲਣਾ ਸ਼ਾਮਲ ਹਨ।
ਮਹਿੰਗੀ ਜਲ ਸਪਲਾਈ ਖ਼ਿਲਾਫ਼ ਕਮਿਸ਼ਨਰ ਨੂੰ ਸੌਂਪੇ ਜਾਣਗੇ ਮੰਗ ਪੱਤਰ
ਚੰਡੀਗੜ੍ਹ (ਪੱਤਰ ਪ੍ਰੇਰਕ): ਚੰਡੀਗੜ੍ਹ ਨਗਰ ਨਿਗਮ ਵੱਲੋਂ ਸ਼ਹਿਰ ਦੇ ਵਸਨੀਕਾਂ ਉੱਤੇ ਹਾਲ ਹੀ ਵਿੱਚ ਲਗਾਏ ਗਏ 30 ਪ੍ਰਤੀਸ਼ਤ ਸੀਵਰ ਸੈੱਸ ਅਤੇ ਪਾਣੀ ਦੇ ਵਧਾਏ ਗਏ ਤਿੰਨ ਗੁਣਾਂ ਰੇਟਾਂ ਦਾ ਸ਼੍ਰੋਮਣੀ ਅਕਾਲੀ ਦਲ ਚੰਡੀਗੜ੍ਹ ਵੱਲੋਂ ਤਿੱਖਾ ਵਿਰੋਧ ਕੀਤਾ ਜਾਵੇਗਾ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਦੀ ਚੰਡੀਗੜ੍ਹ ਇਕਾਈ ਦੇ ਪ੍ਰਧਾਨ ਹਰਦੀਪ ਸਿੰਘ ਬੁਟਰੇਲਾ ਨੇ ਸੈਕਟਰ 24 ਵਿਚ ਪਾਰਟੀ ਅਹੁਦੇਦਾਰਾਂ ਦੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਕੀਤਾ। ਦਿੱਲੀ ਕਿਸਾਨ ਸੰਘਰਸ਼ ਵਿੱਚ ਸ਼ਹੀਦ ਹੋਏ ਕਿਸਾਨਾਂ ਲਈ ਮੀਟਿੰਗ ਦੌਰਾਨ ਦੋ ਮਿੰਟ ਦਾ ਮੌਨ ਵੀ ਧਾਰਨ ਕੀਤਾ ਗਿਆ। ਸ੍ਰੀ ਬੁਟਰੇਲਾ ਨੇ ਕਿਹਾ ਕਿ ਉਹ ਪਾਣੀ ਦੇ ਰੇਟਾਂ ਵਿੱਚ ਵਾਧੇ ਖ਼ਿਲਾਫ਼ ਨਿਗਮ ਦੀ ਮੀਟਿੰਗ ਵਿੱਚ ਵਿਰੋਧ ਵੀ ਕਰ ਚੁੱਕੇ ਹਨ ਪਰ ਕੋਈ ਸੁਣਵਾਈ ਨਾ ਹੋਣ ’ਤੇ ਅਕਾਲੀ ਦਲ ਵੱਲੋਂ ਵਾਰਡ ਪੱਧਰੀ ਕਮੇਟੀਆਂ ਬਣਾਈਆਂ ਜਾਣਗੀਆਂ ਜਿਨ੍ਹਾਂ ਰਾਹੀਂ ਨਿਗਮ ਕਮਿਸ਼ਨਰ ਨੂੰ ਮੰਗ ਪੱਤਰ ਸੌਂਪੇ ਜਾਣਗੇ। ਮੀਟਿੰਗ ਵਿੱਚ ਅਕਾਲੀ ਦਲ ਦਾ ਚੰਡੀਗੜ੍ਹ ਵਿੱਚ ਵਿਸਥਾਰ ਕਰਨ ਬਾਰੇ ਵਿਚਾਰ ਕੀਤਾ ਗਿਆ ਜਿਸ ਦੌਰਾਨ ਹਰਦੀਪ ਸਿੰਘ ਬੁਟਰੇਲਾ ਨੇ ਸੰਬੋਧਨ ਕਰਦਿਆਂ ਕਿਹਾ ਕਿ ਚੰਡੀਗੜ੍ਹ ਦੇ 35 ਵਾਰਡਾਂ ਨੂੰ 5 ਸਰਕਲਾਂ ਵਿੱਚ ਵੰਡਿਆ ਜਾਵੇਗਾ ਅਤੇ ਇਨ੍ਹਾਂ ਸਰਕਲਾਂ ਦੇ ਪ੍ਰਧਾਨ ਨਿਯੁਕਤ ਕੀਤੇ ਜਾਣਗੇ। ਇਸ ਉਪਰੰਤ ਇਸਤਰੀ ਵਿੰਗ ਅਤੇ ਯੂਥ ਵਿੰਗ ਦੇ ਪ੍ਰਧਾਨ ਲਗਾਏ ਜਾਣਗੇ। ਸ੍ਰੀ ਬੁਟਰੇਲਾ ਨੇ ਮੀਟਿੰਗ ਉਪਰੰਤ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਾਰਟੀ ਦੀ ਹਾਈ ਕਮਾਂਡ ਦੇ ਨਿਰਦੇਸ਼ਾਂ ਮੁਤਾਬਕ ਮੁਹਾਲੀ ਨਗਰ ਨਿਗਮ ਅਤੇ ਰੋਪੜ ਨਗਰ ਕੌਂਸਲ ਚੋਣਾਂ ਦੇ ਉਮੀਦਵਾਰਾਂ ਦੀ ਮਦਦ ਲਈ ਵੀ ਪਾਰਟੀ ਵਰਕਰਾਂ ਦੀਆਂ ਡਿਊਟੀਆਂ ਲਗਾਈਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਇਹ ਟੀਮਾਂ ਪੂਰੀ ਤਨਦੇਹੀ ਨਾਲ ਡਿਊਟੀ ਨਿਭਾਉਣਗੀਆਂ ਤਾਂ ਜੋ ਅਕਾਲੀ ਉਮੀਦਵਾਰਾਂ ਦੀ ਜਿੱਤ ਨੂੰ ਯਕੀਨੀ ਬਣਾਇਆ ਜਾ ਸਕੇ।