ਨਿੱਜੀ ਪੱਤਰ ਪ੍ਰੇਰਕ
ਡੇਰਾਬੱਸੀ, 16 ਜਨਵਰੀ
ਇੱਥੋਂ ਦੀ ਬਰਵਾਲਾ ਸੜਕ ’ਤੇ ਸਥਿਤ ਮੀਟ ਮਾਰਕੀਟ ਵਿੱਚ ਚੋਰ ਲੰਘੀ ਰਾਤ ਚਾਰ ਦੁਕਾਨਾਂ ਦੇ ਤਾਲੇ ਤੋੜ ਹਜ਼ਾਰਾਂ ਰੁਪਏ ਦੀ ਨਕਦੀ, ਐੱਲਸੀਡੀ ਅਤੇ ਸਵਾਈਪ ਮਸ਼ੀਨ ਚੋਰੀ ਕਰ ਕੇ ਲੈ ਗਏ। ਦੁਕਾਨਦਾਰਾਂ ਨੂੰ ਚੋਰੀ ਦੀ ਇਸ ਘਟਨਾ ਬਾਰੇ ਸਵੇਰੇ ਪਤਾ ਲੱਗਿਆ ਜਿਸ ਮਗਰੋਂ ਉਨ੍ਹਾਂ ਪੁਲੀਸ ਨੂੰ ਸੂਚਨਾ ਦਿੱਤੀ। ਦੁਕਾਨਦਾਰਾਂ ਨੇ ਰੋਸ ਜ਼ਾਹਰ ਕਰਦਿਆਂ ਕਿਹਾ ਕਿ ਤੜਕੇ ਚੋਰੀ ਦੀ ਘਟਨਾ ਬਾਰੇ ਸੂਚਨਾ ਦੇਣ ਤੋਂ ਡੇਢ ਘੰਟੇ ਬਾਅਦ ਪੁਲੀਸ ਮੌਕੇ ’ਤੇ ਪਹੁੰਚੀ। ਜਾਣਕਾਰੀ ਮੁਤਾਬਕ ਬਰਵਾਲਾ ਸੜਕ ’ਤੇ ਸਥਿਤ ਮੀਟ ਮਾਰਕੀਟ ਵਿੱਚ 12 ਦੇ ਕਰੀਬ ਦੁਕਾਨਾਂ ਹਨ ਜਿਥੇ ਕੱਚਾ ਮੀਟ ਮਿਲਦਾ ਹੈ। ਤੜਕੇ ਕਰੀਬ 4 ਵਜੇ ਦੁਕਾਨਦਾਰਾਂ ਨੂੰ ਮੁਰਗੇ ਸਪਲਾਈ ਕਰਨ ਵਾਲੇ ਵਿਅਕਤੀ ਨੇ ਦੱਸਿਆ ਕਿ ਚਾਰ ਦੁਕਾਨਾਂ ਦੇ ਤਾਲੇ ਟੁੱਟੇ ਹੋਏ ਹਨ ਜਿਸ ਮਗਰੋਂ ਦੁਕਾਨਦਾਰ ਮੌਕੇ ’ਤੇ ਪਹੁੰਚ ਗਏ। ਦੁਕਾਨ ਮਾਲਕ ਸਬੀਲ ਖਾਨ ਨੇ ਦੱਸਿਆ ਕਿ ਚੋਰ ਉਸ ਦੀ ਦੁਕਾਨ ਵਿੱਚੋਂ 55 ਹਜ਼ਾਰ ਦੀ ਨਕਦੀ 2 ਮੋਬਾਈਲ ਫੋਨ, ਰਾਜੂ ਮੀਟ ਸ਼ੋਪ ਵਿੱਚੋਂ 7 ਹਜ਼ਾਰ ਰੁਪਏ ਦੀ ਨਕਦੀ, ਪੁੰਡੀਰ ਮੀਟ ਸ਼ੋਪ ਵਿੱਚ 6 ਹਜ਼ਾਰ ਰੁਪਏ ਨਕਦ, ਕਾਰਡ ਸਵਾਈਪ ਮਸ਼ੀਨ, 12 ਨੰਬਰ ਧਾਰੀਆਂ ਮੀਟ ਸ਼ੋਪ ਵਿੱਚੋਂ ਐੱਲਸੀਡੀ ਚੋਰੀ ਕਰਕੇ ਲੈ ਗਏ। ਚੋਰੀ ਦੀ ਇਹ ਵਾਰਦਾਤ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ ਹੈ।