ਡੇਰਾਬੱਸੀ (ਹਰਜੀਤ ਸਿੰਘ): ਇੱਥੋਂ ਦੀ ਗੁਲਾਬਗੜ੍ਹ ਰੋਡ ’ਤੇ ਸਥਿਤ ਪ੍ਰੀਤ ਕਲੋਨੀ ਦੇ ਇੱਕ ਘਰ ਦੇ ਤਾਲੇ ਤੋੜ ਕੇ ਚੋਰ ਲੱਖਾਂ ਰੁਪਏ ਦੀ ਨਗਦੀ ਅਤੇ ਗਹਿਣੇ ਚੋਰੀ ਕਰ ਕੇ ਲੈ ਗਏ। ਚੋਰਾਂ ਵੱਲੋਂ ਵਾਰਦਾਤ ਨੂੰ ਉਸ ਵੇਲੇ ਅੰਜਾਮ ਦਿੱਤਾ ਗਿਆ ਜਦੋਂ ਘਰ ਦੇ ਮਾਲਕ ਸਿਰਫ਼ ਇੱਕ ਘੰਟੇ ਲਈ ਤਾਲਾ ਲਾ ਕੇ ਕਿਸੇ ਕੰਮ ਗਏ ਸਨ। ਚੋਰੀ ਦੀ ਇਹ ਵਾਰਦਾਤ ਗੁਆਂਢੀਆਂ ਦੇ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ ਹੈ। ਪੁਲੀਸ ਨੇ ਸ਼ਿਕਾਇਤ ਮਿਲਣ ਮਗਰੋਂ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਮਕਾਨ ਮਾਲਕ ਜਸਵੀਰ ਸਿੰਘ ਨੇ ਦੱਸਿਆ ਕਿ ਉਹ ਰਾਮਲੀਲਾ ਗਰਾਊਂਡ ਵਿੱਚ ਕੱਪੜਿਆਂ ਦੀ ਦੁਕਾਨ ਕਰਦੇ ਹਨ। ਉਹ ਰੋਜ਼ਾਨਾ ਵਾਂਗ ਸਵੇਰੇ ਸਾਢੇ ਅੱਠ ਵਜੇ ਆਪਣੇ ਦੁਕਾਨ ’ਤੇ ਚਲਾ ਗਿਆ ਸੀ। ਤਕਰੀਬਨ ਸਾਢੇ ਦਸ ਵਜੇ ਉਸਦੀ ਪਤਨੀ ਅਤੇ ਉਸਦਾ ਲੜਕਾ ਘਰ ਨੂੰ ਤਾਲਾ ਲਾ ਕੇ ਮੁਬਾਰਿਕਪੁਰ ਵਿੱਚ ਰੇਤ ਦਾ ਰੇਟ ਪਤਾ ਕਰਨ ਲਈ ਗਏ ਸਨ। ਸ਼ਿਕਾਇਤਕਰਤਾ ਨੇ ਦੱਸਿਆ ਕਿ ਤਕਰੀਬਨ ਸਾਢੇ 11 ਵਜੇ ਜਦੋਂ ਉਸਦੀ ਪਤਨੀ ਤੇ ਲੜਕਾ ਘਰ ਵਾਪਸ ਆਏ ਤਾਂ ਘਰ ਦੇ ਦਰਵਾਜ਼ੇ ਖੁੱਲ੍ਹੇ ਪਏ ਸਨ ਅਤੇ ਅੰਦਰ ਕਮਰਿਆਂ ਦੇ ਤਾਲੇ ਟੁੱਟੇ ਪਏ ਸਨ ਅਤੇ ਸਾਰਾ ਸਾਮਾਨ ਖਿੱਲਰਿਆ ਪਿਆ ਸੀ। ਸ਼ਿਕਾਇਤਕਰਤਾ ਜਸਵੀਰ ਸਿੰਘ ਨੇ ਦੱਸਿਆ ਕਿ ਚੋਰ ਅਲਮਾਰੀਆਂ ਵਿੱਚ ਪਏ ਤਕਰੀਬਨ ਚਾਰ ਲੱਖ ਰੁਪਏ ਦੇ ਗਹਿਣੇ ਅਤੇ 13 ਲੱਖ ਰੁਪਏ ਦੀ ਨਗਦੀ ਚੋਰੀ ਕਰ ਲੈ ਗਏ। ਥਾਣਾ ਮੁਖੀ ਸਹਾਇਕ ਇੰਸਪੈਕਟਰ ਹਰਜਿੰਦਰ ਸਿੰਘ ਨੇ ਦੱਸਿਆ ਕਿ ਗੁਆਂਢੀ ਦੇ ਘਰ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ਼ ਕਬਜ਼ੇ ਵਿੱਚ ਲੈ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।