ਦਰਸ਼ਨ ਸਿੰਘ ਸੋਢੀ
ਐਸ.ਏ.ਐਸ. ਨਗਰ (ਮੁਹਾਲੀ), 2 ਨਵੰਬਰ
ਜ਼ਿਲ੍ਹਾ ਸਾਹਿਬਜ਼ਾਦਾ ਅਜੀਤ ਸਿੰਘ ਨਗਰ (ਮੁਹਾਲੀ) ਵਿੱਚ ਪਰਾਲੀ ਸਾੜਨ ਦੀਆਂ ਘਟਨਾਵਾਂ ਨੂੰ ਠੱਲ੍ਹ ਪਾਉਣ ਲਈ ਆਪਣੀ ਵਚਨਬੱਧਤਾ ਅਨੁਸਾਰ ਮੁਹਾਲੀ ਪ੍ਰਸ਼ਾਸਨ ਨੇ ਪੁਲੀਸ ਅਤੇ ਹੋਰ ਸਬੰਧਤ ਵਿਭਾਗਾਂ ਦੇ ਸਹਿਯੋਗ ਨਾਲ ਪਿਛਲੇ ਸਾਲ ਦੇ ਮੁਕਾਬਲੇ ਇਸ ਰੁਝਾਨ ਨੂੰ ਰੋਕਣ ਵਿੱਚ ਹੁਣ ਤੱਕ 68 ਫੀਸਦੀ ਦੀ ਕਮੀ ਦਰਜ ਕੀਤੀ ਹੈ। ਇਹ ਦਾਅਵਾ ਮੁਹਾਲੀ ਦੇ ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਨੇ ਕੀਤਾ ਹੈ। ਉਨ੍ਹਾਂ ਨੇ ਰੋਜ਼ਾਨਾ ਪ੍ਰਗਤੀ ਦਾ ਜਾਇਜ਼ਾ ਲੈਂਦਿਆਂ ਦੱਸਿਆ ਕਿ ਇਸ ਵਾਰ ਪਰਾਲੀ ਸਾੜਨ ਦੀਆਂ ਘਟਨਾਵਾਂ ਦੀ ਗਿਣਤੀ ਹੁਣ ਤੱਕ ਪੰਜਾਬ ਰਿਮੋਟ ਸੈਂਸਿੰਗ ਸੈਂਟਰ ਵੱਲੋਂ 36 ਦੱਸੀ ਗਈ ਹੈ ਜਦਕਿ ਪਿਛਲੇ ਸਾਲ ਇਸ ਦਿਨ ਤੱਕ ਇਹ ਗਿਣਤੀ 113 ਸੀ।
ਉਨ੍ਹਾਂ ਕਿਹਾ ਕਿ ਸਾਰੇ ਵਿਭਾਗਾਂ ਦੇ ਨਿਰੰਤਰ ਅਤੇ ਠੋਸ ਯਤਨਾਂ ਦੇ ਨਤੀਜੇ ਵਜੋਂ ਖੇਤਾਂ ਦੀ ਨਿਗਰਾਨੀ ਕਰਕੇ ਅਤੇ ਕਿਸਾਨਾਂ ਨੂੰ ਖੇਤਾਂ ਵਿੱਚ ਅੱਗ ਦੇ ਮਾੜੇ ਪ੍ਰਭਾਵਾਂ ਪ੍ਰਤੀ ਜਾਗਰੂਕ ਕਰਕੇ ਘਟਨਾਵਾਂ ਵਿੱਚ ਕਾਫ਼ੀ ਕਮੀ ਆਈ ਹੈ। ਪੰਜਾਬ ਰਿਮੋਟ ਸੈਂਸਿੰਗ ਸੈਂਟਰ (ਪੀਐੱਸਆਰਸੀ) ਦੀ ਰਿਪੋਰਟ ਅਨੁਸਾਰ 36 ਮਾਮਲਿਆਂ ਦੀ ਭੌਤਿਕ ਤਸਦੀਕ ਕਰਨ ’ਤੇ ਮੁਹਾਲੀ ਜ਼ਿਲ੍ਹੇ ਵਿੱਚ ਪਰਾਲੀ ਸਾੜਨ ਦੀਆਂ ਕੇਵਲ 12 ਸਾਈਟਾਂ ਹੀ ਮਿਲੀਆਂ ਹਨ। ਬਾਕੀ 24 ਸਾਈਟਾਂ ਜਿੱਥੇ ਅੱਗ ਦੇ ਕੋਈ ਸੰਕੇਤ ਨਹੀਂ ਦੇਖੇ ਗਏ ਸਨ, ਉਨ੍ਹਾਂ ਨੂੰ ਪੀਐੱਸਆਰਸੀ ਡੇਟਾ ਤੋਂ ਹਟਾਉਣ ਲਈ ਸਰਕਾਰ ਨੂੰ ਸੂਚਿਤ ਕੀਤਾ ਜਾਵੇਗਾ। ਇਨ੍ਹਾਂ ਘਟਨਾਵਾਂ ਲਈ 12,500 ਰੁਪਏ ਦਾ ਵਾਤਾਵਰਨ ਮੁਆਵਜ਼ਾ ਲਾਇਆ ਗਿਆ ਹੈ ਅਤੇ ਵਸੂਲ ਕੀਤਾ ਗਿਆ ਹੈ। ਇਸ ਤੋਂ ਇਲਾਵਾ ਵਿਸ਼ਲੇਸ਼ਕ ਅੰਕੜਿਆਂ ਤੋਂ ਪਤਾ ਚੱਲਦਾ ਹੈ ਕਿ ਇਸ ਵਾਰ ਕਿਸਾਨਾਂ ਤੱਕ ਖੇਤੀ ਮਸ਼ੀਨਰੀ ਦੀ ਕਾਫ਼ੀ ਪਹੁੰਚ ਹੋਈ ਹੈ ਅਤੇ ਹੁਣ ਤੱਕ ਕੁੱਲ 35000 ਹੈਕਟੇਅਰ ਰਕਬੇ ’ਚੋਂ ਝੋਨੇ ਦੀ ਕਰੀਬ 67 ਫੀਸਦੀ ਰਕਬੇ ਦੀ ਕਟਾਈ ਹੋ ਚੁੱਕੀ ਹੈ, ਜਿਸ ’ਚੋਂ 8575 ਹੈਕਟੇਅਰ ਰਕਬੇ ਵਿੱਚ ਝੋਨੇ ਦੀ ਪਰਾਲੀ ਦੀ ਸੰਭਾਲ ਸੀਟੂ ਐਕਸ-ਸੀਟੂ ਪਰਾਲੀ ਪ੍ਰਬੰਧਨ ਮਸ਼ੀਨਰੀ ਰਾਹੀਂ ਕੀਤੀ ਜਾ ਚੁੱਕੀ ਹੈ। ਜਦੋਂਕਿ 12390 ਹੈਕਟੇਅਰ ਰਕਬੇ ’ਚੋਂ ਇਨ-ਸੀਟੂ ਢੰਗ ਰਾਹੀਂ ਮਸ਼ੀਨਰੀ ਦੀ ਵਰਤੋਂ ਕਰਕੇ ਪਰਾਲੀ ਨੂੰ ਸੰਭਾਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਜ਼ਿਲ੍ਹੇ ਵਿੱਚ ਅੱਗ ਲੱਗਣ ਦੀਆਂ ਘਟਨਾਵਾਂ ਨੂੰ ਰੋਕਣ ਤੇ ਕਿਸਾਨਾਂ ਤੱਕ ਮਸ਼ੀਨਰੀ ਦੀ ਵੱਧ ਤੋਂ ਵੱਧ ਪਹੁੰਚ ਯਕੀਨੀ ਬਣਾਉਣ ਲਈ ਸਬ-ਡਵੀਜ਼ਨ ਪੱਧਰੀ ਹੈਲਪਲਾਈਨ ਨੰਬਰ ਸ਼ੁਰੂ ਕੀਤੇ ਗਏ ਹਨ। ਮੁਹਾਲੀ ਸਬ ਡਵੀਜ਼ਨ ਵਿੱਚ 78889-77511, 96467-55655, 96532-88889 ’ਤੇ ਸੰਪਰਕ ਕੀਤਾ ਜਾ ਸਕਦਾ ਹੈ। ਖਰੜ ਸਬ-ਡਿਵੀਜ਼ਨ ਵਿੱਚ 98883-06474, 88472-05441 95010-09150 ਅਤੇ ਡੇਰਾਬੱਸੀ ਵਿੱਚ ਹੈਲਪਲਾਈਨ ਨੰਬਰ 70095-66834, 99154-38091, 94635-56415 ’ਤੇ ਡਾਇਲ ਕੀਤਾ ਜਾ ਸਕਦਾ ਹੈ।