ਪੱਤਰ ਪ੍ਰੇਰਕ
ਐਸ.ਏ.ਐਸ. ਨਗਰ (ਮੁਹਾਲੀ), 15 ਜੂਨ
ਮੁਹਾਲੀ ਨਗਰ ਨਿਗਮ ਦੀ ਆਨਲਾਈਨ ਮੀਟਿੰਗ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਵਿੱਚ ਲਾਵਾਰਿਸ ਪਸ਼ੂ, ਆਵਾਰਾ ਕੁੱਤੇ ਅਤੇ ਨਾਜਾਇਜ਼ ਰੇਹੜੀਆਂ, ਜਲ ਨਿਕਾਸੀ ਤੇ ਸਫ਼ਾਈ ਦੀ ਸਮੱਸਿਆ ਦਾ ਪੱਕਾ ਹੱਲ ਕਰਨ ਸਮੇਤ ਮੋਬਾਈਲ ਟਾਵਰ ਲਗਾਉਣ ਸਬੰਧੀ ਪੰਜਾਬ ਸਰਕਾਰ ਵੱਲੋਂ ਜਾਰੀ ਨਵੀਆਂ ਹਦਾਇਤਾਂ ਲਾਗੂ ਕਰਨ ਸਬੰਧੀ ਮਤਾ ਪੈਂਡਿਗ ਰੱਖ ਕੇ ਬਾਕੀ ਵੱਖ-ਵੱਖ ਵਿਕਾਸ ਕੰਮਾਂ ਦੇ ਸਾਰੇ ਮਤੇ ਪਾਸ ਕੀਤੇ ਗਏ। ਮੀਟਿੰਗ ਵਿੱਚ ਸੀਨੀਅਰ ਡਿਪਟੀ ਮੇਅਰ ਅਮਰੀਕ ਸਿੰਘ ਸੋਮਲ, ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਅਤੇ ਕਮਿਸ਼ਨਰ ਡਾ. ਕਮਲ ਕੁਮਾਰ ਗਰਗ ਵੀ ਹਾਜ਼ਰ ਸਨ ਜਦੋਂਕਿ ਕੌਂਸਲਰ ਆਨਲਾਈਨ ਵਿਧੀ ਨਾਲ ਜੁੜੇ ਅਤੇ ਆਪੋ ਆਪਣੇ ਵਾਰਡਾਂ ਦੀਆਂ ਸਮੱਸਿਆਵਾਂ ਅਤੇ ਵਿਕਾਸ ’ਤੇ ਜ਼ੋਰ ਦਿੱਤਾ।
ਸ਼ਹਿਰ ਦੀ ਸਫ਼ਾਈ ਦੇ ਕੰਮ ਦਾ ਠੇਕਾ ਅਗਲੇ ਹੁਕਮਾਂ ਤੱਕ ਵਧਾਉਣ ਅਤੇ ਸਫ਼ਾਈ ਕਾਮਿਆਂ ਦੀ ਠੇਕੇ ’ਤੇ ਸਿੱਧੀ ਭਰਤੀ ਦਾ ਮਤਾ ਪਾਸ ਕੀਤਾ ਗਿਆ। ਨਾਲ ਹੀ ਨਿਗਮ ਵਿੱਚ ਪ੍ਰਵਾਨਿਤ ਅਸਾਮੀਆਂ ’ਤੇ ਲੋੜੀਂਦੇ ਮੁਲਾਜ਼ਮਾਂ ਅਤੇ ਫਾਇਰ ਬ੍ਰਿਗੇਡ ਵਿੱਚ ਆਊਟਸੋਰਸ ਰਾਹੀਂ ਮੁਲਾਜ਼ਮਾਂ ਦੀ ਸਿੱਧੀ ਭਰਤੀ ਕਰਨ ਦਾ ਮਤਾ ਵੀ ਪਾਸ ਕੀਤਾ ਗਿਆ। ਇਸ ਤੋਂ ਇਲਾਵਾ ਵਿਕਾਸ ਕੰਮਾਂ ਸਬੰਧੀ ਕੁਆਲਿਟੀ ਕੰਟਰੋਲ ਲਾਗੂ ਕਰਨ ਸਮੇਤ ਵਿਕਾਸ ਕਾਰਜਾਂ ਲਈ ਵਰਤੇ ਜਾਂਦੇ ਮਟੀਰੀਅਲ ਦੇ ਸੈਂਪਲ ਅਤੇ ਉਨ੍ਹਾਂ ਦੀ ਮਾਨਤਾ ਪ੍ਰਾਪਤ ਲੈਬਾਰਟੀਆਂ ਤੋਂ ਜਾਂਚ ਕਰਵਾਉਣ ਦਾ ਮਤਾ ਵੀ ਪਾਸ ਕੀਤਾ ਗਿਆ।
ਮੀਟਿੰਗ ਵਿੱਚ ਸ਼ਹਿਰ ਦੇ ਪਾਰਕਾਂ ਨੂੰ ਰੈਜ਼ੀਡੈਂਟ ਵੈਲਫੇਅਰ ਐਸੋਸੀਏਸ਼ਨਾਂ ਨੂੰ ਠੇਕੇ ’ਤੇ ਦੇਣ ਸਬੰਧੀ ਪ੍ਰਕਿਰਿਆ ਦੇ ਗੁੰਝਲਦਾਰ ਹੋਣ ਕਾਰਨ ਇਹ ਵਿਧੀ ਖ਼ਤਮ ਕਰਕੇ ਸਾਰੇ ਅਧਿਕਾਰ ਮੇਅਰ ਨੂੰ ਦਿੱਤੇ ਗਏ। ਇਸ ਤੋਂ ਇਲਾਵਾ ਟਾਊਨ ਵੈਂਡਿੰਗ ਕਮੇਟੀ ਦੀ ਚੋਣ ਕਰਨ ਦੇ ਸਾਰੇ ਅਧਿਕਾਰ ਵੀ ਮੇਅਰ ਨੂੰ ਦਿੱਤੇ ਗਏ। ਨਿਗਮ ਦੀ ਗਊਸ਼ਾਲਾ ਵਿੱਚ ਫੜ ਕੇ ਰੱਖੇ ਲਾਵਾਰਿਸ ਪਸ਼ੂਆਂ ਨੂੰ ਬਾਲ ਗੋਪਾਲ ਗਊਸ਼ਾਲਾ ਵਿੱਚ ਭੇਜਣ ਦਾ ਮਤਾ ਵੀ ਪਾਸ ਕੀਤਾ ਗਿਆ। ਸ਼ਹਿਰ ਵਿੱਚ ਆਵਾਰਾ ਕੁੱਤਿਆਂ ਦੀ ਨਸਬੰਦੀ ਬਾਰੇ ਸਰਵੇ ਕਰਵਾਉਣ ਦਾ ਮਤਾ ਵੀ ਪਾਸ ਕੀਤਾ ਗਿਆ।