ਹਰਜੀਤ ਸਿੰਘ
ਜ਼ੀਰਕਪੁਰ, 12 ਜੁਲਾਈ
ਇਥੋਂ ਦੀ ਜ਼ੀਰਕਪੁਰ ਪਟਿਆਲਾ ਸੜਕ ‘ਤੇ ਸਥਿਤ ਸਵਾਸਤਿਕ ਵਿਹਾਰ ਵਿੱਚ ਮੋਨਾ ਐਰੋਵਿਊ ਨਾਮਕ ਫਲੈਟਾਂ ਵਿੱਚ ਰਹਿੰਦੇ ਇਕ ਤੇਰਾਂ ਸਾਲਾ ਬੱਚੇ ਨੇ ਆਪਣੇ ਘਰ ਵਿੱਚ ਪੱਖੇ ਨਾਲ ਚੁੰਨੀ ਬੰਨ੍ਹ ਕੇ ਫਾਹਾ ਲੈ ਲਿਆ। ਮ੍ਰਿਤਕ ਦੀ ਪਛਾਣ ਨਮਨ ਵਜੋਂ ਹੋਈ ਹੈ। ਨਮਨ ਅੱਠਵੀਂ ਤੱਕ ਪੜਾਈ ਕਰ ਕੇ ਕੋਈ ਕੋਰਸ ਕਰ ਰਿਹਾ ਸੀ। ਘਟਨਾ ਵੇਲੇ ਨਮਨ ਦੀ ਮਾਤਾ ਅਤੇ ਪਿਤਾ ਕਿਸੇ ਕੰਮ ਬਾਹਰ ਗਏ ਹੋਏ ਸਨ ਅਤੇ ਉਸ ਦਾ ਵੱਡਾ ਭਰਾ ਆਪਣੇ ਕਮਰੇ ਵਿੱਚ ਸੁੱਤਾ ਪਿਆ ਸੀ। ਸ਼ਾਮ ਕਰੀਬ ਸਵਾ ਚਾਰ ਵਜੇ ਨਮਨ ਦੇ ਵੱਡੇ ਭਰਾ ਨੇ ਨਮਨ ਦੇ ਕਮਰੇ ਵਿੱਚ ਜਾ ਕੇ ਵੇਖਿਆ ਤਾਂ ਨਮਨ ਪੱਖੇ ਨਾਲ ਲਟਕ ਰਿਹਾ ਸੀ। ਉਸ ਨੇ ਸੁਸਾਇਟੀ ਦੇ ਸੁਰੱਖਿਆ ਗਾਰਡ ਨੂੰ ਬੁਲਾ ਕੇ ਨਮਨ ਨੂੰ ਉਤਾਰਿਆ ਤੇ ਸੈਕਟਰ 32 ਹਸਪਤਾਲ ਪਹੁੰਚਾਇਆ, ਜਿੱਥੇ ਡਾਕਟਰਾਂ ਨੇ ਨਮਨ ਨੂੰ ਮ੍ਰਿਤਕ ਐਲਾਨ ਦਿੱਤਾ। ਪੁਲੀਸ ਨੇ ਲਾਸ਼ ਕਬਜ਼ੇ ਵਿੱਚ ਲੈ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।