ਮੁਕੇਸ਼ ਕੁਮਾਰ
ਚੰਡੀਗੜ੍ਹ, 31 ਜੁਲਾਈ
ਚੰਡੀਗੜ੍ਹ ਦੇ ਮੇਅਰ ਵੱਲੋਂ ਲੰਘੇ ਦਿਨ ਨਗਰ ਨਿਗਮ ਦੇ ਰਜਿਸਟਰਡ ਅਤੇ ਲਾਇਸੈਂਸਧਾਰਕ ਵੈਂਡਰਾਂ ਵੱਲੋਂ ਆਪਣੀ ਬਕਾਇਆ ਲਾਇਸੈਂਸ ਫ਼ੀਸ ਨਾ ਤਾਰਨ ਵਾਲਿਆਂ ਤੋਂ ਨਗਰ ਨਿਗਮ ਦੀ ਟਾਊਨ ਵੈਂਡਿੰਗ ਕਮੇਟੀ ਅਗਲੀਆਂ ਚੋਣਾਂ ਲਈ ਵੋਟ ਪਾਉਣ ਦਾ ਅਧਿਕਾਰ ਰੱਦ ਕਰਨ ਦੇ ਬਿਆਨ ਤੋਂ ਖਫਾ ਰੇਹੜੀ ਫੜ੍ਹੀ ਸੰਘਰਸ਼ ਕਮੇਟੀ ਵਲੋਂ ਅੱਜ ਇੱਥੇ ਸੈਕਟਰ 45 ਵਿੱਚ ਰੋਸ ਮੁਜ਼ਾਹਰਾ ਕੀਤਾ ਗਿਆ। ਇਸ ਦੌਰਾਨ ਰੇਹੜੀ ਫੜ੍ਹੀ ਵਾਲਿਆਂ ਨੇ ਮੇਅਰ ਦਾ ਪੁਤਲਾ ਸਾੜਿਆ ਅਤੇ ਨਗਰ ਨਿਗਮ ਖਿਲਾਫ਼ ਨਾਅਰੇਬਾਜ਼ੀ ਕੀਤੀ।
ਰੇਹੜੀ ਫੜ੍ਹੀ ਸੰਘਰਸ਼ ਕਮੇਟੀ ਦੇ ਸੰਸਥਾਪਕ ਮਨੋਜ ਕੁਮਾਰ ਸ਼ੁਕਲਾ ਨੇ ਕਿਹਾ ਕਿ ਕਰੋਨਾ ਦੌਰਾਨ ਜਾਰੀ ਲੌਕਡਾਊਨ ਕਾਰਨ ਰੇਹੜੀ ਫੜੀ ਵਾਲਿਆਂ ਦਾ ਕੰਮ-ਧੰਦਾ ਠੱਪ ਹੋ ਗਿਆ ਸੀ। ਆਰਥਿਕ ਤੰਗੀ ਦਾ ਸੰਤਾਪ ਝੱਲ ਰਹੇ ਵੈਂਡਰਾਂ ਨੂੰ ਨਗਰ ਨਿਗਮ ਨੇ ਕੋਈ ਰਾਹਤ ਦੇਣ ਦੀ ਬਜਾਇ ਬਕਾਇਆ ਲਾਇਸੈਂਸ ਫ਼ੀਸ ਜਮ੍ਹਾਂ ਕਰਵਾਉਣ ਦਾ ਦਬਾਅ ਬਣਾਇਆ ਜਾ ਰਿਹਾ ਹੈ।
ਉਨ੍ਹਾਂ ਕਿਹਾ ਕਿ ਕਰੋਨਾ ਤੋਂ ਬਾਅਦ ਵੀ ਰੇਹੜੀ ਫੜ੍ਹੀ ਵਾਲੇ ਦੋ ਵਕਤ ਦੀ ਰੋਟੀ ਨੂੰ ਤਰਸ ਰਹੇ ਹਨ, ਉਹ ਨਿਗਮ ਦੀ ਲਾਇਸੈਂਸ ਫੀਸ ਕਿਵੇਂ ਜਮਾਂ ਕਰਵਾਉਣਗੇ? ਦੂਜੇ ਪਾਸੇ ਲਾਇਸੈਂਸ ਫ਼ੀਸ ਨਾ ਤਾਰਨ ਵਾਲਿਆਂ ਨੂੰ ਨਿਗਮ ਦੀ ਟਾਊਨ ਵੈਂਡਿੰਗ ਕਮੇਟੀ ਦੀਆਂ ਚੋਣਾਂ ਲਈ ਬਾਹਰ ਰੱਖਣ ਦਾ ਫਰਮਾਨ ਸੁਣਾਇਆ ਜਾ ਰਿਹਾ ਹੈ। ਉਨ੍ਹਾਂ ਨਿਗਮ ਵੱਲੋਂ ਚੁਣੀ ਗਈ ਪਿਛਲੀ ਟਾਊਨ ਵੈਂਡਿੰਗ ਕਮੇਟੀ ਨੂੰ ਫਰਜ਼ੀ ਦੱਸਦਿਆਂ ਕਿਹਾ ਕਿ ਨਿਗਮ ਨੇ ਸ਼ਹਿਰ ਦੇ ਰੇਹੜੀ ਫੜ੍ਹੀ ਵਾਲਿਆਂ ਨਾਲ ਧੋਖਾ ਕੀਤਾ ਹੈ। ਉਨ੍ਹਾਂ ਸਾਲ 2016 ਦੇ ਵੈਂਡਰ ਸਰਵੇਖਣ ’ਤੇ ਵੀ ਸਵਾਲ ਚੁੱਕਦੇ ਹੋਏ ਸ਼ਹਿਰ ਵਿੱਚ ਵੈਂਡਰ ਸਰਵੇਖਣ ਦੁਬਾਰਾ ਕਰਵਾਉਣ ਦੀ ਮੰਗ ਕੀਤੀ।
ਰੇਹੜੀ ਫੜ੍ਹੀ ਵਾਲਿਆਂ ਨੇ ਨਗਰ ਨਿਗਮ ਤੋਂ ਮੰਗ ਕੀਤੀ ਕਿ ਵੈਂਡਰਾਂ ਦੀ ਬਕਾਇਆ ਲਾਇਸੈਂਸ ਫ਼ੀਸ ਮੁਆਫ਼ ਕੀਤੀ ਜਾਵੇ। ਉਨ੍ਹਾਂ ਫ਼ੈਸਲਾ ਕੀਤਾ ਕਿ ਮੰਗ ਨਾ ਮੰਨੇ ਜਾਣ ’ਤੇ ਉਨ੍ਹਾਂ ਵੱਲੋਂ ਨਿਗਮ ਕਮਿਸ਼ਨਰ ਸਮੇਤ ਨਗਰ ਨਿਗਮ ਭਵਨ ਦਾ ਘੇਰਾਓ ਕੀਤਾ ਜਾਵੇਗਾ।