ਦਰਸ਼ਨ ਸਿੰਘ ਸੋਢੀ
ਐੱਸਏਐੱਸ ਨਗਰ (ਮੁਹਾਲੀ), 20 ਸਤੰਬਰ
ਸੀਆਈਏ ਸਟਾਫ਼ ਨੇ ਡੇਰਾਬੱਸੀ ਦੇ ਆਇਲਸ ਸੈਂਟਰ ਦੇ ਮਾਲਕ ਕੋਲੋਂ ਕਰੋੜ ਰੁਪਏ ਦੀ ਫਿਰੌਤੀ ਸਬੰਧੀ ਦਫ਼ਤਰ ’ਤੇ ਗੋਲੀਆਂ ਚਲਾਉਣ ਦੇ ਮਾਮਲੇ ਵਿੱਚ ਮਹਿਜ਼ 12 ਘੰਟਿਆਂ ਦੇ ਅੰਦਰ ਤਿੰਨ ਮੁਲਜ਼ਮਾਂ ਨੂੰ ਨਾਜਾਇਜ਼ ਅਸਲੇ ਸਮੇਤ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮਾਂ ਦੀ ਪਛਾਣ ਮੋਹਿਤ ਕੁਮਾਰ ਉਰਫ਼ ਬੰਟੀ ਵਾਸੀ ਲਖਨੌਰਾ (ਅੰਬਾਲਾ), ਜਗਦੀਪ ਸਿੰਘ ਉਰਫ਼ ਜੱਗੂ ਵਾਸੀ ਪਿੰਡ ਮਹਿਮਦਪੁਰ (ਡੇਰਾਬੱਸੀ) ਅਤੇ ਬਾਲ ਅਪਰਾਧੀ ਵਜੋਂ ਹੋਈ ਹੈ, ਜਿਨ੍ਹਾਂ ਦੇ ਤਾਰ ਗੈਂਗਸਟਰ ਲਾਰੈਂਸ ਬਿਸ਼ਨੋਈ ਨਾਲ ਜੁੜੇ ਹੋਏ ਹਨ। ਐੱਸਐੱਸਪੀ ਦੀਪਕ ਪਾਰਿਕ ਨੇ ਦੱਸਿਆ ਕਿ ਇਸ ਮਾਮਲੇ ਸਬੰਧੀ ਐੱਸਪੀ (ਦਿਹਾਤੀ) ਮਨਪ੍ਰੀਤ ਸਿੰਘ, ਐੱਸਪੀ (ਡੀ) ਡਾ. ਜਯੋਤੀ ਯਾਦਵ ਦੀ ਨਿਗਰਾਨੀ ਹੇਠ ਜ਼ਿਲ੍ਹਾ ਸੀਆਈਏ ਸਟਾਫ਼ ਮੁਹਾਲੀ ਦੇ ਇੰਚਾਰਜ ਇੰਸਪੈਕਟਰ ਹਰਮਿੰਦਰ ਸਿੰਘ, ਡੇਰਾਬੱਸੀ ਦੇ ਐੱਸਐੱਚਓ, ਆਈਟੀ ਸਿਟੀ ਥਾਣਾ ਮੁਹਾਲੀ ਆਧਾਰਿਤ ਵੱਖ-ਵੱਖ ਟੀਮਾਂ ਦਾ ਗਠਨ ਕੀਤਾ ਗਿਆ। ਪੁਲੀਸ ਟੀਮਾਂ ਨੇ ਮੁਲਜ਼ਮਾਂ ਦੀ ਪੈੜ ਨੱਪਦਿਆਂ ਪਹਿਲਾਂ ਮੋਹਿਤ ਤੇ ਜਗਦੀਪ ਨੂੰ ਗ੍ਰਿਫ਼ਤਾਰ ਕੀਤਾ ਅਤੇ ਉਨ੍ਹਾਂ ਦੀ ਪੁੱਛਗਿੱਛ ਉਪਰੰਤ ਡੇਰਾਬੱਸੀ ਦੇ ਨਾਬਾਲਗ ਨੂੰ ਹਿਰਾਸਤ ਵਿੱਚ ਲਿਆ ਗਿਆ। ਮੁਲਜ਼ਮਾਂ ਕੋਲੋਂ ਇੱਕ ਪਿਸਤੌਲ ਤੇ ਇੱਕ ਕਾਰਤੂਸ ਤੋਂ ਇਲਾਵਾ ਇੱਕ ਦੇਸੀ ਕੱਟਾ ਤੇ ਦੋ ਰੌਂਦ ਬਰਾਮਦ ਹੋਏ ਹਨ। ਮੁਲਜ਼ਮ ਮੋਹਿਤ ਬੰਟੀ ਨੂੰ ਉਸ ਦੇ ਪਿੰਡ ਲਖਨੌਰਾ ਤੋਂ ਕਾਬੂ ਕੀਤਾ ਗਿਆ ਹੈ। ਹਾਲਾਂਕਿ, ਗ੍ਰਿਫ਼ਤਾਰੀ ਦੌਰਾਨ ਭੱਜਣ ਦੀ ਕੋਸ਼ਿਸ਼ ਕਰਦਿਆਂ ਉਹ ਲੱਤ ਤੁੜਵਾ ਬੈਠਾ। ਜਗਦੀਪ ਨੂੰ ਉਸ ਦੀ ਰਿਸ਼ਤੇਦਾਰੀ ’ਚ ਪਿੰਡ ਨਸਰੌਲੀ (ਅੰਬਾਲਾ) ਤੋਂ ਕਾਬੂ ਕੀਤਾ ਗਿਆ ਹੈ।