ਹਰਜੀਤ ਸਿੰਘ
ਜ਼ੀਰਕਪੁਰ, 11 ਮਾਰਚ
ਪੁਲੀਸ ਨੇ ਨਵੀਂ ਦਿੱਲੀ ਦੀ ਇਕ ਟਰੱਸਟ ਦੀ ਜ਼ੀਰਕਪੁਰ ’ਚ ਬਹੁਕਰੋੜੀ ਜ਼ਮੀਨ ਜਾਅਲੀ ਟਰੱਸਟ ਬਣਾ ਕੇ ਹੜੱਪਣ ਦੀ ਕੋਸ਼ਿਸ਼ ਕਰਨ ਦੇ ਦੋਸ਼ ਹੇਠ ਚਾਰ ਜਣਿਆਂ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਪੁਲੀਸ ਨੇ ਨਾਮਜ਼ਦ ਚਾਰ ਵਿੱਚੋਂ ਤਿੰਨ ਮੁਲਜ਼ਮਾਂ ਨੂੰ ਮੌਕੇ ਤੋਂ ਗ੍ਰਿਫ਼ਤਾਰ ਕਰ ਲਿਆ ਹੈ ਜਦਕਿ ਉਨ੍ਹਾਂ ਦਾ ਇਕ ਸਾਥੀ ਫ਼ਰਾਰ ਚਲ ਰਿਹਾ ਹੈ। ਥਾਣਾ ਮੁਖੀ ਇੰਸੈਕਟਰ ਓਂਕਾਰ ਸਿੰਘ ਬਰਾੜ ਨੇ ਦੱਸਿਆ ਕਿ ਹਰਜੀਤ ਸਿੰਘ ਵਾਸੀ ਮੁਹਾਲੀ ਨੇ ਸ਼ਿਕਾਇਤ ਵਿੱਚ ਦੱਸਿਆ ਕਿ ਗੁਰੂ ਨਾਨਕ ਵਿਦਿਆ ਭੰਡਾਰ ਟਰੱਸਟ ਨਵੀਂ ਦਿੱਲੀ ਦਾ ਮੈਨੇਜਰ ਹੈ। ਉਨ੍ਹਾਂ ਨੇ ਦੱਸਿਆ ਕਿ ਇਸ ਟਰੱਸਟ ਦੀ ਪਿੰਡ ਨਾਭਾ ਸਾਹਿਬ ਤੋਂ ਵੀਆਈਪੀ ਰੋਡ ’ਤੇ ਤਕਰੀਬਨ 32 ਬਿਘੇ ਜ਼ਮੀਨ ਹੈ। ਇਸ ਜ਼ਮੀਨ ਦਾ ਕਬਜ਼ਾ ਟਰੱਸਟ ਦੇ ਕੋਲ ਹੈ। ਜਿਥੇ ਦੇਖ-ਰੇਖ ਕਰਨ ਲਈ 2 ਸੁਰੱਖਿਆ ਗਾਰਡ ਵੀ ਤਾਇਨਾਤ ਕੀਤੇ ਗਏ ਹਨ। ਸ਼ਿਕਾਇਤਕਰਤਾ ਨੇ ਦੱਸਿਆ ਕਿ ਇਥੇ ਸੰਜੀਵ ਕੁਮਾਰ ਗਾਬਾ, ਰਾਜੇਸ਼ ਕੁਮਾਰ ਗਾਬਾ, ਮਨੋਜ ਉਰਫ਼ ਮਿੰਟੂ ਸ਼ਰਮਾ ਅਤੇ ਅਮਿਤ ਰੋਹੜੂਨੇ ਰਲ ਕੇ ਜਾਅਲੀ ਦਸਤਾਵੇਜ਼ ਤਿਆਰ ਕਰਕੇ ਟਰੱਸਟ ਦੇ ਨਾਲ ਮਿਲਦਾ ਜੁਲਦਾ ਨਾਂ ਰੱਖ ਕੇ ਇਕ ਜਾਅਲੀ ਟਰੱਸਟ ਬਣਾ ਕੇ ਇਸ ਦੀ ਰਜਿਸਟ੍ਰੇਸ਼ਨ ਕਰਵਾ ਲਈ। ਸ਼ਿਕਾਇਤਕਰਤਾ ਨੇ ਦੱਸਿਆ ਕਿ ਮੁਲਜ਼ਮਾਂ ਵੱਲੋਂ ਲੰਘੇ ਦਿਨੀਂ ਜ਼ਮੀਨ ’ਤੇ ਨਾਜਾਇਜ਼ ਕਬਜ਼ਾ ਕਰਨ ਦੀ ਨੀਅਤ ਨਾਲ ਮੌਕੇ ’ਤੇ ਆ ਕੇ ਉਥੇ ਤਾਇਨਾਤ ਸੁਰੱਖਿਆ ਗਾਰਡਾਂ ਨਾਲ ਮਾਰਕੁੱਟ ਕਰਕੇ ਸੀਸੀਟੀਵੀ ਕੈਮਰੇ ਤੋੜ ਦਿੱਤੇ। ਉਨ੍ਹਾਂ ਵੱਲੋਂ ਮਾਮਲੇ ਦੀ ਸ਼ਿਕਾਇਤ ਪੁਲੀਸ ਨੂੰ ਦਿੱਤੀ ਗਈ। ਪੁਲੀਸ ਨੇ ਸ਼ਿਕਾਇਤ ’ਤੇ ਕਾਰਵਾਈ ਕਰਦਿਆਂ ਕੇਸ ਦਰਜ ਕਰ ਮੌਕੇ ਤੋਂ ਤਿੰਨ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਜਦਕਿ ਇਸ ਦਾ ਮਾਸਟਰ ਮਾਈਂਡ ਅਮਿਤ ਰੋਹੜੂ ਵਾਸੀ ਦਿੱਲੀ ਫ਼ਰਾਰ ਹੈ। ਥਾਣਾ ਮੁਖੀ ਨੇ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਮੁਲਜ਼ਮਾਂ ਨੂੰ ਅਦਾਲਤ ਵਿੱਚ ਪੇਸ਼ ਕਰ ਦੋ ਦਿਨ ਦਾ ਪੁਲੀਸ ਰਿਮਾਂਡ ਹਾਸਲ ਕੀਤਾ ਹੈ।