ਪੱਤਰ ਪ੍ਰੇਰਕ
ਐਸ.ਏ.ਐਸ. ਨਗਰ (ਮੁਹਾਲੀ), 5 ਨਵੰਬਰ
ਮੁਹਾਲੀ ਨਗਰ ਨਿਗਮ ਨੇ ਪ੍ਰਾਪਰਟੀ ਟੈਕਸ ਜਮ੍ਹਾਂ ਨਾ ਕਰਵਾਉਣ ਦੇ ਦੋਸ਼ ਵਿੱਚ ਤਿੰਨ ਫੈਕਟਰੀਆਂ ਨੂੰ ਸੀਲ ਕੀਤਾ ਹੈ। ਨਗਰ ਨਿਗਮ ਅਧਿਕਾਰੀ ਭੀਮ ਸੈਨ ਨੇ ਦੱਸਿਆ ਕਿ ਜਿਨ੍ਹਾਂ ਤਿੰਨ ਫੈਕਟਰੀਆਂ ਨੂੰ ਸੀਲ ਕੀਤਾ ਗਿਆ ਹੈ ਉਹ ਪਿਛਲੇ 4-5 ਸਾਲਾਂ ਤੋਂ ਬੰਦ ਪਈਆਂ ਸਨ। ਇਨ੍ਹਾਂ ਸਨਅਤੀ ਇਕਾਈਆਂ ਦੇ ਮਾਲਕਾਂ ਨੂੰ ਕਈ ਵਾਰ ਨੋਟਿਸ ਭੇਜ ਕੇ ਇਮਾਰਤਾਂ ਦਾ ਪ੍ਰਾਪਰਟੀ ਟੈਕਸ ਜਮ੍ਹਾਂ ਕਰਵਾਉਣ ਦੀ ਅਪੀਲ ਕੀਤੀ ਗਈ ਸੀ ਪਰ ਹੁਣ ਤੱਕ ਇਨ੍ਹਾਂ ਸਨਅਤੀ ਇਕਾਈਆਂ ਦੇ ਮਾਲਕਾਂ ਨੇ ਪ੍ਰਾਪਰਟੀ ਟੈਕਸ ਜਮ੍ਹਾਂ ਨਹੀਂ ਕਰਵਾਇਆ ਸੀ। ਇਸ ਲਈ ਨਗਰ ਨਿਗਮ ਟੀਮ ਨੇ ਇਨ੍ਹਾਂ ਫੈਕਟਰੀਆਂ ਨੂੰ ਸੀਲ ਕਰ ਦਿੱਤਾ। ਨਿਗਮ ਅਨੁਸਾਰ ਇਨ੍ਹਾਂ ਫੈਕਟਰੀ ਮਾਲਕਾਂ ਵੱਲ ਲੱਖਾਂ ਰੁਪਏ ਟੈਕਸ ਬਕਾਇਆ ਹੈ। ਇਸੇ ਦੌਰਾਨ ਕਈ ਹੋਰ ਅਦਾਰਿਆਂ ਨੂੰ ਟੈਕਸ ਜਮ੍ਹਾਂ ਕਰਵਾਉਣ ਲਈ ਨੋਟਿਸ ਜਾਰੀ ਕੀਤੇ ਗਏ ਹਨ।