ਖੇਤਰੀ ਪ੍ਰਤੀਨਿਧ
ਚੰਡੀਗੜ੍ਹ, 19 ਅਗਸਤ
ਸਥਾਨਕ ਪੁਲੀਸ ਦੇ ਅਪਰੇਸ਼ਨ ਸੈੱਲ ਨੇ ਚੰਡੀਗੜ੍ਹ ਅਤੇ ਹੋਰ ਸੂਬਿਆਂ ਦੇ ਵਸਨੀਕਾਂ ਨੂੰ ਧਮਕੀਆਂ ਦੇ ਕੇ ਪੈਸੇ ਵਸੂਲਣ ਵਿੱਚ ਸ਼ਾਮਲ ਅੰਤਰ-ਰਾਜੀ ਫਿਰੌਤੀ ਗਰੋਹ ਦੇ ਤਿੰਨ ਮੈਂਬਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲੀਸ ਦੀ ਜਾਂਚ ਤੋਂ ਬਾਅਦ ਪਤਾ ਲੱਗਾ ਕਿ ਇਸ ਗਰੋਹ ਨੂੰ ਸੰਗਠਿਤ ਤਰੀਕੇ ਨਾਲ ਚਲਾਇਆ ਜਾ ਰਿਹਾ ਸੀ। ਪੁਲੀਸ ਅਨੁਸਾਰ ਇਹ ਗਰੋਹ ਫੇਸਬੁੱਕ ਰਾਹੀਂ ਆਪਣੇ ਨਿਸ਼ਾਨੇ ਦੀ ਪਛਾਣ ਕਰਦੇ ਹਨ। ਫਿਰ ਚੈਟਿੰਗ ਸ਼ੁਰੂ ਕਰ ਦਿੰਦੇ ਹਨ ਅਤੇ ਹੌਲੀ-ਹੌਲੀ ਮਹਿਲਾ ਦੋਸਤਾਂ ਦਾ ਰੂਪ ਧਾਰ ਕੇ ਸੰਦੇਸ਼ ਭੇਜਣੇ ਸ਼ੁਰੂ ਕਰ ਦਿੰਦੇ ਹਨ। ਫਿਰ ਉਹ ਪੀੜਤ ਨੂੰ ਵੀਡੀਓ ਕਾਲ ’ਤੇ ਆਉਣ ਲਈ ਕਹਿੰਦੇ ਹਨ, ਜਿੱਥੇ ਗੈਂਗ ਦਾ ਪਹਿਲਾ ਗਰੁੱਪ ਪੀੜਤ ਨੂੰ ਆਪਣੇ ਜਾਲ ਵਿਚ ਫਸਾਉਂਦਾ ਹੈ। ਇਸ ਤੋਂ ਬਾਅਦ ਗਰੋਹ ਦਾ ਇੱਕ ਹੋਰ ਸਮੂਹ ਹਰਕਤ ਵਿੱਚ ਆ ਕੇ ਪੀੜਤ ਨੂੰ ਬਲੈਕਮੇਲ ਕਰਦਾ ਹੈ।
ਇਸੇ ਤਰ੍ਹਾਂ ਦੇ ਇੱਕ ਮਾਮਲੇ ਵਿੱਚ ਪੁਲੀਸ ਨੇ ਇੱਥੋਂ ਦੇ ਸੈਕਟਰ-19 ਦੇ ਰਹਿਣ ਵਾਲੇ ਮਨੋਜ ਸ਼ਾਹ ਦੀ ਸ਼ਿਕਾਇਤ ’ਤੇ ਕੇਸ ਦਰਜ ਕੀਤਾ ਸੀ। ਗਰੋਹ ਨੇ ਮਨੋਜ ਸ਼ਾਹ ਨੂੰ ਜਾਲ ਵਿਛਾ ਕੇ ਬਲੈਕਮੇਲ ਕਰਨਾ ਸ਼ੁਰੂ ਕਰ ਦਿੱਤਾ। ਪੁਲੀਸ ਨੇ ਪੜਤਾਲ ਦੌਰਾਨ ਅਪਰੇਸ਼ ਸੈੱਲ ਸੈਕਟਰ-26, ਚੰਡੀਗੜ੍ਹ ਵੱਲੋਂ ਛਾਪਾ ਮਾਰ ਕੇ ਕੈਥਵਾੜਾ ਜ਼ਿਲ੍ਹਾ ਭਰਤਪੁਰ ਰਾਜਸਥਾਨ ਤੋਂ ਤਿੰਨ ਮੁਲਜ਼ਮਾਂ ਨੂੰ ਕਾਬੂ ਕਰ ਕੇ ਪੜਤਾਲ ਲਈ ਚੰਡੀਗੜ੍ਹ ਲਿਆਂਦਾ ਹੈ| ਪੜਤਾਲ ਦੌਰਾਨ ਤਿੰਨਾਂ ਨੂੰ ਇਸ ਮਾਮਲੇ ਵਿਚ ਗ੍ਰਿਫ਼ਤਾਰ ਕਰ ਕੇ ਉਨ੍ਹਾਂ ਦੇ ਕਬਜ਼ੇ ’ਚੋਂ ਇਕ ਮੋਬਾਈਲ ਫੋਨ ਅਤੇ ਸਿਮ ਕਾਰਡ ਬਰਾਮਦ ਕੀਤਾ ਗਿਆ ਹੈ| ਉਨ੍ਹਾਂ ਨੇ ਖ਼ੁਲਾਸਾ ਕੀਤਾ ਕਿ ਉਹ ਲੋਕਾਂ ਦੀਆਂ ਇਤਰਾਜ਼ਯੋਗ ਵੀਡੀਓ ਬਣਾ ਕੇ ਚੰਡੀਗੜ੍ਹ ਸਣੇ ਪੂਰੇ ਮੁਲਕ ਵਿੱਚ ਲੋਕਾਂ ਨੂੰ ਠੱਗ ਰਹੇ ਸਨ। ਉਨ੍ਹਾਂ ਦੇ ਗਰੋਹ ਵਿੱਚ ਕਰੀਬ 15 ਹੋਰ ਮੈਂਬਰ ਕੰਮ ਕਰ ਰਹੇ ਹਨ।