ਰਤਨ ਸਿੰਘ ਢਿੱਲੋਂ
ਅੰਬਾਲਾ, 8 ਜੂਨ
ਅੰਬਾਲਾ ਵਿਚ ਅੱਜ ਫਿਰ 8 ਮਰੀਜ਼ ਪਾਜ਼ੇਟਿਵ ਮਿਲੇ ਹਨ। ਇਨ੍ਹਾਂ ਵਿਚੋਂ ਦੋ ਦੀ ਰਿਪੋਰਟ ਕੱਲ ਦੇਰ ਸ਼ਾਮ ਨੂੰ ਮਿਲੀ ਸੀ। ਡਾ. ਸੁਖਪ੍ਰੀਤ ਨੇ ਦੱਸਿਆ ਕਿ ਇਨ੍ਹਾਂ ਅੱਠਾਂ ਮਰੀਜ਼ਾਂ ਵਿਚੋਂ ਇਕ ਸਢੌਰਾ ਦਾ ਹੈ ਜੋ ਵਰਤਮਾਨ ਵਿਚ ਰਾਜਪੁਰਾ (ਪੰਜਾਬ) ਵਿਚ ਰਹਿ ਰਿਹਾ ਹੈ। ਉਸ ਬਾਰੇ ਪਟਿਆਲਾ ਦੇ ਸੀਐਮਓ ਨੂੰ ਸੂਚਿਤ ਕਰ ਦਿੱਤਾ ਗਿਆ ਹੈ। ਇਕ ਗਰਭਵਤੀ ਮਹਿਲਾ ਪੂਜਾ ਵਿਹਾਰ ਅੰਬਾਲਾ ਛਾਉਣੀ ਦੀ ਰਹਿਣ ਵਾਲੀ ਹੈ, ਦੋ ਛਾਉਣੀ ਦੀ ਰੇਲਵੇ ਕਲੋਨੀ ਦੇ ਰਹਿਣ ਵਾਲੇ ਹਨ, ਇਕ ਮਰੀਜ਼ ਬਲਦੇਵ ਨਗਰ ਅੰਬਾਲਾ ਸ਼ਹਿਰ ਦਾ ਰਹਿਣ ਵਾਲਾ ਹੈ। ਇਹ ਸਾਰੇ ਮਰੀਜ਼ ਦਿੱਲੀ ਤੋਂ ਲਾਗ ਲਵਾ ਕੇ ਆਏ ਹਨ। ਇਕ ਮਰੀਜ਼ ਕੁਝ ਦਿਨ ਪਹਿਲਾਂ ਛਾਉਣੀ ਦੀ ਖਟੀਕ ਮੰਡੀ ਦੇ ਪਾਜ਼ੇਟਿਵ ਆਏ ਵਿਅਕਤੀ ਨਾਲ ਸਬੰਧਿਤ ਹੈ। ਡਾ. ਸੁਖਪ੍ਰੀਤ ਨੇ ਦੱਸਿਆ ਕਿ ਦੋ ਮਰੀਜ਼ਾਂ ਦੀ ਰਿਪੋਰਟ ਕੱਲ ਦੇਰ ਰਾਤ ਨੂੰ ਪਾਜ਼ੇਟਿਵ ਆਈ ਸੀ। ਇਨ੍ਹਾਂ ਵਿਚੋਂ ਇਕ ਮਰੀਜ਼ ਛਾਉਣੀ ਦੇ ਰਾਮਬਾਗ ਦਾ ਰਹਿਣ ਵਾਲਾ ਹੈ ਅਤੇ ਸ਼ਹਿਰ ਦੇ ਜਗਾਧਰੀ ਗੇਟ ਤੇ ਮੱਠੀਆਂ ਆਦਿ ਦੀ ਦੁਕਾਨ ਕਰਦਾ ਹੈ। ਇਸ ਸਮੇ ਉਹ ਮੋਹਾਲੀ ਦੇ ਇਕ ਨਿਜੀ ਹਸਪਤਾਲ ਵਿਚ ਦਾਖਲ ਹੈ। ਦੂਜਾ ਮਰੀਜ਼ ਦਿੱਲੀ ਤੋਂ ਪੈਦਲ ਚੱਲ ਕੇ ਅੰਬਾਲਾ ਆਇਆ ਸੀ। ਡਾ. ਸੁਖਪ੍ਰੀਤ ਨੇ ਦੱਸਿਆ ਕਿ ਅੱਜ ਕੁਲ ਮਰੀਜ਼ਾਂ ਦੀ ਗਿਣਤੀ 95 ਹੋ ਗਈ ਹੈ ਜਿਨ੍ਹਾਂ ਵਿਚੋਂ 40 ਮਰੀਜ਼ ਐਕਟਿਵ ਹਨ।
ਚੰਡੀਗੜ੍ਹ (ਪੱਤਰ ਪੇ੍ਰਕ): ਪੰਜਾਬ ਸਿਵਲ ਸਕੱਤਰੇਤ ਦੀ ਸਕਿਊਰਿਟੀ ਵਿੱਚ ਤਾਇਨਾਤ ਸੀ.ਆਈ.ਐੱਸ.ਐੱਫ. ਦੇ ਕਾਂਸਟੇਬਲ ਨੂੰ ਕਰੋਨਾ ਹੋਣ ਉਪਰੰਤ ਹੁਣ ਉਸ ਦੀ ਪਤਨੀ (29) ਦੀ ਰਿਪੋਰਟ ਵੀ ਪਾਜ਼ੇਟਿਵ ਆਈ ਹੈ। ਇਸ ਤੋਂ ਇਲਾਵਾ ਬਾਪੂ ਧਾਮ ਕਲੋਨੀ ਦੀ 65 ਸਾਲਾ ਬਜ਼ੁਰਗ ਔਰਤ, 25 ਅਤੇ 36 ਸਾਲਾ ਔਰਤ ਸਮੇਤ ਮਨੀਮਾਜਰਾ ਤੋਂ ਦੋ ਦਿਨ ਪਹਿਲਾਂ ਆਏ ਕਰੋਨਾ ਮਰੀਜ਼ ਵਿਅਕਤੀ ਦੀ 49 ਸਾਲਾ ਪਤਨੀ ਨੂੰ ਵੀ ਕਰੋਨਾ ਹੋਣ ਦੀ ਪੁਸ਼ਟੀ ਹੋ ਗਈ ਹੈ। ਇਹ ਬਜ਼ੁਰਗ ਔਰਤ ਦੀ ਭੈਣ ਵੀ ਪਹਿਲਾਂ ਕਰੋਨਾ ਪਾਜ਼ੇਟਿਵ ਆ ਚੁੱਕੀ ਹੈ। ਇਸ ਤਰ੍ਹਾਂ ਇਹ 5 ਹੋਰ ਮਰੀਜ਼ ਆਉਣ ਨਾਲ ਸਿਟੀ ਬਿਊਟੀਫੁੱਲ ਵਿੱਚ ਕੋਰੋਨਾ ਮਰੀਜ਼ਾਂ ਦਾ ਅੰਕੜਾ ਵਧ ਕੇ 320 ਹੋ ਗਿਆ ਹੈ। ਯੂ.ਟੀ. ਦੇ ਸਿਹਤ ਵਿਭਾਗ ਤੋਂ ਮਿਲੀ ਜਾਣਕਾਰੀ ਮੁਤਾਬਕ ਹੁਣ ਤੱਕ ਸ਼ਹਿਰ ’ਚ 5 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ ਜਦਕਿ 274 ਮਰੀਜ਼ ਠੀਕ ਹੋਣ ਉਪਰੰਤ ਡਿਸਚਾਰਜ ਕੀਤੇ ਜਾ ਚੁੱਕੇ ਹਨ। ਸ਼ਹਿਰ ਵਿੱਚ ਇਸ ਸਮੇਂ ਐਕਟਿਵ ਕੇਸਾਂ ਦੀ ਗਿਣਤੀ 41 ਹੋ ਗਈ ਹੈ।
ਚੰਡੀਗੜ੍ਹ (ਟ੍ਰਿਬਿਊਨ ਨਿਊਜ਼ ਸਰਵਿਸ): ਯੂਟੀ ਪ੍ਰਸ਼ਾਸਨ ਨੇ ਅੱਜ ਧਨਾਸ ਕੱਚੀ ਕਲੋਨੀ ਅਤੇ ਕਰੋਨਾ ਹੌਟਸਪੋਟ ਬਾਪੂਧਾਮ ਕਲੋਨੀ ਦੀ 6 ਪਾਕੇਟਾਂ ਨੂੰ ਕੰਟੇਨਮੈਂਟ ਜ਼ੋਨ ਤੋਂ ਬਾਹਰ ਕਰਦਿਆਂ ਸੀਲ ਬੰਦੀ ਖੋਲ੍ਹਣ ਦੇ ਆਦੇਸ਼ ਦਿੱਤੇ ਹਨ। ਇਸ ਗੱਲ ਦਾ ਪ੍ਰਗਟਾਵਾ ਪੰਜਾਬ ਦੇ ਰਾਜਪਾਲ ਅਤੇ ਯੂਟੀ ਦੇ ਪ੍ਰਸ਼ਾਸਕ ਵੀ.ਪੀ. ਸਿੰਘ ਬਦਨੌਰ ਨੇ ਕੋਵਿਟ-19 ਦੀ ਸਮੀਖਿਆ ਬੈਠਕ ਦੌਰਾਨ ਕੀਤਾ ਗਿਆ। ਪ੍ਰਸ਼ਾਸਕ ਨੇ ਕੰਟੇਨਮੈਂਟ ਜ਼ੋਨ ਤੋਂ ਬਾਹਰ ਆਏ ਇਲਾਕਾ ਵਾਸੀਆਂ ਨੂੰ ਸੋਸ਼ਲ ਡਿਸਟੈਸਿੰਗ ਰੱਖਣ, ਹੱਥ ਸਾਫ਼ ਕਰਨ ਅਤੇ ਮਾਸਕ ਦੀ ਵਰਤੋਂ ਕਰਨ ਸਬੰਧੀ ਅਪੀਲ ਕੀਤੀ ਹੈ।
ਐਸ.ਏ.ਐਸ. ਨਗਰ (ਮੁਹਾਲੀ), (ਪੱਤਰ ਪੇ੍ਰਕ): ਮੁਹਾਲੀ ਵਿੱਚ ਕਰੋਨਾ ਦੇ ਪੰਜ ਹੋਰ ਮਾਮਲੇ ਸਾਹਮਣੇ ਆਏ ਹਨ। ਮੁਹਾਲੀ ਦੇ ਸਿਵਲ ਸਰਜਨ ਡਾ. ਮਨਜੀਤ ਸਿੰਘ ਅਤੇ ਜ਼ਿਲ੍ਹਾ ਐਪੀਡੀਮੋਲੋਜਿਸਟ ਤੇ ਨੋਡਲ ਅਫ਼ਸਰ ਡਾ. ਹਰਮਨਦੀਪ ਕੌਰ ਬਰਾੜ ਨੇ ਦੱਸਿਆ ਕਿ ਅੱਜ ਇੱਥੋਂ ਦੇ ਸੈਕਟਰ-66 ਦੇ ਵਸਨੀਕ ਗੁਰਵਿੰਦਰ ਸਿੰਘ (36) ਦੀ ਰਿਪੋਰਟ ਪਾਜ਼ੇਟਿਵ ਆਈ ਹੈ। ਇਹ ਵਿਅਕਤੀ ਮੁੰਬਈ ਦੇ ਇਕ ਕਰੋਨਾ ਪੀੜਤ ਵਿਅਕਤੀ ਦੇ ਸੰਪਰਕ ਵਿੱਚ ਆਇਆ ਸੀ। ਊਨ੍ਹਾਂ ਦੱਸਿਆ ਕਿ ਸੈਕਟਰ-77 ਦੇ ਵਸਨੀਕ ਨੌਜਵਾਨ ਜਾਕਿਰ ਹੁਸੈਨ (21) ਅਤੇ ਹਰਮਨਦਕੀਪ ਕੌਰ (29) ਵਾਸੀ ਸੈਕਟਰ-71 ਕਰੋਨਾ ਨੂੰ ਮਾਤ ਦੇਣ ਵਿੱਚ ਸਫਲ ਰਹੇ ਹਨ। ਊਨ੍ਹਾਂ ਦੱਸਿਆ ਕਿ ਤਾਜ਼ਾ ਆਏ ਚਾਰ ਮਾਮਲਿਆਂ ’ਚ ਕੁਰਾਲੀ ਵਾਸੀ ਪੀੜਤ ਪੁਲੀਸ ਕਰਮਚਾਰੀ ਦੀ ਮਾਂ ਸਰਬਜੀਤ ਕੌਰ (42), ਰਿਸ਼ਤੇਦਾਰ ਬਿਕਰਮ ਸਿੰਘ (39) ਵਾਸੀ ਦੁਲਵਾਂ ਖੱਦਰੀ ਅਤੇ ਦੋ ਦੋਸਤ ਦਵਿੰਦਰ ਸਿੰਘ (25) ਅਤੇ ਮਨਪ੍ਰੀਤ ਸਿੰਘ (28) ਸ਼ਾਮਲ ਹਨ। ਇਸ ਤਰ੍ਹਾਂ ਹੁਣ ਮੁਹਾਲੀ ਜ਼ਿਲ੍ਹੇ ਵਿੱਚ ਪੀੜਤ ਮਰੀਜ਼ਾਂ ਦੀ ਗਿਣਤੀ ਵਧ ਕੇ 136 ਹੋ ਗਈ ਹੈ। ਜਿਨ੍ਹਾਂ ’ਚੋਂ 23 ਨਵੇਂ ਕੇਸ ਐਕਟਿਵ ਹਨ।