ਪੀ.ਪੀ. ਵਰਮਾ
ਪੰਚਕੂਲਾ, 21 ਅਗਸਤ
ਪੰਚਕੂਲਾ ਜ਼ਿਲ੍ਹੇ ਦੇ ਕਸਬਾ ਬਰਵਾਲਾ ਦੇ ਐਨਐਚ-7 ਹਾਈਵੇਅ ਉੱਤੇ ਪੈਂਦੇ ਪਿੰਡ ਨੱਗਲ ਵਿੱਚ ਸੀਵਰੇਜ ਪਾਈਪਲਾਈਨ ਪਾਉਣ ਲਈ ਖੁਦਾਈ ਕਰਦੇ ਹੋਏ ਤਿੰਨ ਮਜ਼ਦੂਰ ਮਿੱਟੀ ਦੀ ਢਿੱਗ ਡਿੱਗਣ ਕਾਰਨ ਦੱਬ ਗਏ। ਇਸ ਹਾਦਸੇ ਵਿੱਚ ਇੱਕ ਮਜ਼ਦੂਰ ਦੀ ਮੌਤ ਹੋ ਗਈ, ਉੱਥੇ ਹੀ ਦੋ ਮਜ਼ਦੂਰਾਂ ਨੂੰ ਸਥਾਨਕ ਲੋਕਾਂ ਦੀ ਮਦਦ ਨਾਲ ਪੁਲੀਸ ਨੇ ਬਾਹਰ ਕੱਢ ਲਿਆ। ਤਿੰਨੋਂ ਮਜ਼ਦੂਰ ਬਿਹਾਰ ਦੇ ਰਹਿਣ ਵਾਲੇ ਹਨ ਜਿਹੜੇ ਨਗਰ ਨਿਗਮ ਦੇ ਠੇਕੇਦਾਰ ਕੋਲ ਕੰਮ ਕਰਦੇ ਸਨ। ਪੁਲੀਸ ਕਰਮਚਾਰੀਆਂ ਨੇ ਸਥਾਨਕ ਲੋਕਾਂ ਨਾਲ ਮਿਲ ਕੇ ਮਜ਼ਦੂਰ ਰਾਜ ਅਤੇ ਰਾਜੂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਅਤੇ ਉਨ੍ਹਾਂ ਨੂੰ ਸੈਕਟਰ-6 ਦੇ ਸਰਕਾਰੀ ਹਸਪਤਾਲ ਪਹੁੰਚਾਇਆ ਜਿੱਥੇ ਉਹ ਜ਼ੇਰੇ ਇਲਾਜ ਹਨ। ਉੱਥੇ ਹੀ ਇੱਕ ਹੋਰ ਮਜ਼ਦੂਰ ਰਾਮਦੇਵ ਮੁਖੀਆ (65) ਨੂੰ ਚਾਰ ਘੰਟੇ ਦੀ ਸਖ਼ਤ ਮਿਹਨਤ ਕਰਨ ਤੋਂ ਬਾਅਦ ਮਿੱਟੀ ਹੇਠਿਓਂ ਕੱਢ ਲਿਆ ਗਿਆ ਪਰ ਉਦੋਂ ਤੱਕ ਉਸ ਦੀ ਮੌਤ ਹੋ ਚੁੱਕੀ ਸੀ। ਪੁਲੀਸ ਮਾਮਲੇ ਦੀ ਜਾਂਚ ਕਰ ਰਹੀ ਹੈ।