ਚੰਡੀਗੜ੍ਹ (ਖੇਤਰੀ ਪ੍ਰਤੀਨਿਧ): ਚੰਡੀਗੜ੍ਹ ਪੁਲੀਸ ਨੇ ਸ਼ਨਿਚਰਵਾਰ ਨੂੰ ਇਥੇ ਸੁਖਨਾ ਝੀਲ ਵਿਖੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਮੌਜੂਦਗੀ ’ਚ ਹੋਣ ਵਾਲੇ ਲੇਜ਼ਰ ਸ਼ੋਅ ਮੱਦੇਨਜ਼ਰ ਟ੍ਰੈਫਿਕ ਐਡਵਾਇਜ਼ਰੀ ਜਾਰੀ ਕੀਤੀ ਹੈ। ਪੁਲੀਸ ਵਲੋਂ ਜਾਰੀ ਐਡਵਾਇਜ਼ਰੀ ਅਨੁਸਾਰ ਉੱਤਰ ਮਾਰਗ ‘ਤੇ ਪੁਰਾਣੇ ਬੈਰੀਕੇਡ ਚੌਕ (ਸੈਕਟਰ 1/3/4 ਚੌਕ) ਤੋਂ ਲੈ ਕੇ ਸਰੋਵਰ ਮਾਰਗ ’ਤੇ ਸੈਕਟਰ 5/6-7/8 ਚੌਕ (ਹੀਰਾ ਸਿੰਘ ਚੌਕ) ਸੜਕ ‘ਤੇ ਦੁਪਹਿਰ 3 ਵਜੇ ਤੋਂ ਰਾਤ 10 ਵਜੇ ਤੱਕ ਵਾਹਨਾਂ ਦੀ ਆਵਾਜਾਈ ‘ਤੇ ਪਾਬੰਦੀ ਰਹੇਗੀ। ਇਥੇ ਸੁਖਣਾ ਝੀਲ ਵਿਖੇ ਹੋਣ ਵੱਲ ਪ੍ਰੋਗਰਾਮ ਨੂੰ ਦੇਖਣ ਲਈ ਪੁੱਜਣ ਵਾਲੇ ਮਹਿਮਾਨਾਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਪੁਰਾਣੇ ਬੈਰੀਕੇਡ ਚੌਕ (ਸੈਕਟਰ 1/3/4 ਚੌਕ) ਤੋਂ ਸੁਖਨਾ ਝੀਲ ਵਿਖੇ ਸਮਾਗਮ ਵਾਲੀ ਥਾਂ ’ਤੇ ਪਹੁੰਚਣ ਅਤੇ ਆਪਣੇ ਵਾਹਨ ਨਿਰਧਾਰਤ ਪਾਰਕਿੰਗ ਸਥਾਨਾਂ ਵਿੱਚ ਪਾਰਕ ਕਰਨ। ਇਸ ਤੋਂ ਇਲਾਵਾ ਦੁਪਹਿਰ 3 ਵਜੇ ਤੋਂ ਰਾਤ 10 ਵਜੇ ਤੱਕ ਸੁਖਨਾ ਝੀਲ ਦਾ ਦੌਰਾ ਕਰਨ ਦੇ ਚਾਹਵਾਨ ਆਮ ਲੋਕਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਉਹ ਸੇਂਟ ਕਬੀਰ ਸਕੂਲ ਲਾਈਟ ਪੁਆਇੰਟ ਤੋਂ ਕਿਸ਼ਨਗੜ੍ਹ ਮੋੜ ਨੂੰ ਆਉਣ ਵਾਲੀ ਸੜਕ ਰਾਹੀਂ ਸੁਖਨਾ ਝੀਲ ਪੁੱਜਣ। ਇਸ ਤੋਂ ਇਲਾਵਾ ਪੁਲੀਸ ਨੇ ਜਾਣਕਾਰੀ ਦਿੱਤੀ ਹੈ ਕਿ 30 ਜੁਲਾਈ ਨੂੰ ਸ਼ਹਿਰ ਵਿੱਚ ਵੀਵੀਆਈਪੀ ਮੂਵਮੈਂਟ ਦੇ ਮੱਦੇਨਜ਼ਰ ਟਰੈਫਿਕ ਨੂੰ ਹੋਰ ਸੜਕਾਂ ‘ਤੇ ਰੋਕਿਆ ਜਾਂ ਡਾਇਵਰਟ ਕੀਤਾ ਜਾ ਸਕਦਾ ਹੈ। ਚੰਡੀਗੜ੍ਹ ਟਰੈਫਿਕ ਪੁਲਿਸ ਵੱਲੋਂ ਆਮ ਲੋਕਾਂ ਨੂੰ ਹੋਣ ਵਾਲੀ ਅਸੁਵਿਧਾ ਲਈ ਅਫਸੋਸ ਜ਼ਾਹਿਰ ਕੀਤਾ ਹੈ।