ਕਰਮਜੀਤ ਸਿੰਘ ਚਿੱਲਾ
ਐਸ.ਏ.ਐਸ.ਨਗਰ(ਮੁਹਾਲੀ), 21 ਨਵੰਬਰ
ਬੇਰੁਜ਼ਗਾਰ ਅੰਗਹੀਣ ਭਲਾਈ ਯੂਨੀਅਨ, ਬੇਰੁਜ਼ਗਾਰ 873 ਡੀਪੀਈ ਅਧਿਆਪਕ ਯੂਨੀਅਨ, ਮਲਟੀਪਰਪਜ਼ ਹੈਲਥ ਵਰਕਰ ਯੂਨੀਅਨ, ਆਰਟ ਐਂਡ ਕਰਾਫ਼ਟ ਯੂਨੀਅਨ, ਬੇਰੁਜ਼ਗਾਰ ਟੈੱਟ ਪਾਸ ਯੂਨੀਅਨ ਅਤੇ ਹੋਰ ਕਈ ਬੇਰੁਜ਼ਗਾਰ ਯੂਨੀਅਨਾਂ ਵੱਲੋਂ ਅੱਜ ਆਪਣੀਆਂ ਮੰਗਾਂ ਦੇ ਹੱਕ ਵਿੱਚ ਫੇਜ਼ ਸੱਤ ਦੀਆਂ ਲਾਈਟਾਂ ਨੇੜੇ ਧਰਨਾ ਲਾਇਆ ਗਿਆ। ਇਸ ਮੌਕੇ ਅੰਗਹੀਣਾਂ ਤੇ ਹੋਰਨਾਂ ਨੇ ਮਨੁੱਖੀ ਕੜੀ ਬਣਾ ਕੇ ਆਵਾਜਾਈ ਠੱਪ ਕੀਤੀ। ਦੁਪਹਿਰ ਸਾਢੇ ਬਾਰਾਂ ਵਜੇ ਤੋਂ ਲੱਗਿਆ ਹੋਇਆ ਇਹ ਧਰਨਾ ਮੁਹਾਲੀ ਦੇ ਐਸਡੀਐਮ, ਤਹਿਸੀਲਦਾਰ ਅਤੇ ਡੀਐਸਪੀ ਵੱਲੋਂ ਧਰਨਾਕਾਰੀਆਂ ਦੀ 23 ਨਵੰਬਰ ਨੂੰ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਪ੍ਰਿੰਸੀਪਲ ਸਕੱਤਰ ਹੁਸਨ ਲਾਲ ਨਾਲ ਮੀਟਿੰਗ ਨਿਰਧਾਰਿਤ ਕਰਾਉਣ ਮਗਰੋਂ ਤਿੰਨ ਵਜੇ ਦੇ ਕਰੀਬ ਸਮਾਪਤ ਹੋਇਆ। ਇਸ ਮੌਕੇ ਧਰਨਾਕਾਰੀਆਂ ਨੇ ਪੰਜਾਬ ਸਰਕਾਰ ਵਿਰੁੱਧ ਜ਼ੋਰਦਾਰ ਨਾਅਰੇਬਾਜ਼ੀ ਕੀਤੀ।
ਅੰਗਹੀਣ ਯੂਨੀਅਨ ਦੇ ਪ੍ਰਧਾਨ ਗੋਰਖ ਸਿੰਘ, ਮੀਤ ਪ੍ਰਧਾਨ ਸਤਨਾਮ ਸਿੰਘ ਸੰਗਰੂਰ, ਜਨਰਲ ਸਕੱਤਰ ਬਲਵਿੰਦਰ ਸਿੰਘ, ਡੀਪੀਈ ਯੂਨੀਅਨ ਦੇ ਪ੍ਰਧਾਨ ਜਗਸੀਰ ਸਿੰਘ, ਮੀਤ ਪ੍ਰਧਾਨ ਹਰਦੀਪ ਸਿੰਘ, ਹਰਬੰਸ ਸਿੰਘ ਤੇ ਹੋਰਨਾਂ ਜਥੇਬੰਦੀਆਂ ਦੇ ਆਗੂਆਂ ਨੇ ਆਖਿਆ ਕਿ ਪੰਜਾਬ ਸਰਕਾਰ ਬੇਰੁਜ਼ਗਾਰਾਂ ਪ੍ਰਤੀ ਗੰਭੀਰ ਨਹੀਂ ਹੈ। ਉਨ੍ਹਾਂ ਕਿਹਾ ਕਿ ਉਹ ਪਿਛਲੇ ਚਾਰ ਮਹੀਨਿਆਂ ਤੋਂ ਮੁਹਾਲੀ ਵਿਚ ਆਪਣੀਆਂ ਮੰਗਾਂ ਦੇ ਹੱਕ ਵਿੱਚ ਮੋਰਚਾ ਲਾਈ ਬੈਠੇ ਹਨ ਪਰ ਸਰਕਾਰ ਉਨ੍ਹਾਂ ਦੀਆਂ ਮੰਗਾਂ ਵੱਲ ਕੋਈ ਦਿਲਚਸਪੀ ਨਹੀਂ ਲੈ ਰਹੀ, ਜਿਸ ਕਾਰਨ ਉਨ੍ਹਾਂ ਨੂੰ ਸੜਕਾਂ ’ਤੇ ਆਉਣ ਲਈ ਮਜਬੂਰ ਹੋਣਾ ਪਿਆ, ਅੰਗਹੀਣਾਂ ਦੇ ਆਗੂਆਂ ਨੇ ਦੱਸਿਆ ਕਿ ਪੰਜਾਬ ਭਰ ਤੋਂ ਅੰਗਹੀਣ ਇਸ ਧਰਨੇ ਵਿੱਚ ਸ਼ਾਮਿਲ ਹੋਏ ਹਨ। ਕੁਦਰਤੀ ਕਰੋਪੀ ਨਾਲ ਲੱਤਾਂ-ਪੈਰਾਂ ਤੋਂ ਅੰਗਹੀਣ ਬਣੇ ਬੇਰੁਜ਼ਗਾਰਾਂ ਨੂੰ ਤੁਰੰਤ ਨੌਕਰੀ ਦੇਣ ਦੀ ਮੰਗ ਕੀਤੀ।
ਡੀਪੀਈ ਯੂਨੀਅਨ ਦੇ ਆਗੂ ਹਰਬੰਸ ਸਿੰਘ ਨੇ ਆਖਿਆ ਕਿ ਉਨ੍ਹਾਂ ਦੀ ਪਿਛਲੇ 14 ਸਾਲਾਂ ਤੋਂ ਕੋਈ ਭਰਤੀ ਨਹੀਂ ਹੋਈ ਤੇ ਉਹ ਓਵਰਏਜ ਹੋ ਗਏ ਹਨ। ਉਨ੍ਹਾਂ ਕਿਹਾ ਕਿ ਡੀਪੀਈ ਦੀਆਂ ਇੱਕ ਹਜ਼ਾਰ ਨਵੀਆਂ ਪੋਸਟਾਂ ਬਣਾ ਕੇ ਭਰੀਆਂ ਜਾਣ। ਸਿਹਤ ਵਰਕਰਾਂ ਨੇ ਵੀ ਨੌਕਰੀ ਦੀ ਮੰਗ ਕੀਤੀ। ਸਾਰੀਆਂ ਯੂਨੀਅਨਾਂ ਦੇ ਆਗੂਆਂ ਨੇ ਮੰਗ ਕੀਤੀ ਕਿ ਜੇਕਰ ਉਨ੍ਹਾਂ ਦੀਆਂ ਮੰਗਾਂ ਪੂਰੀਆਂ ਨਾ ਹੋਈਆਂ ਤਾਂ ਉਹ ਆਪਣੇ ਸੰਘਰਸ਼ ਨੂੰ ਹੋਰ ਤਿੱਖਾ ਕਰਨਗੇ।