ਨਿੱਜੀ ਪੱਤਰ ਪ੍ਰੇਰਕ
ਜ਼ੀਰਕਪੁਰ, 20 ਅਕਤੂਬਰ
ਉੱਤਰ ਪ੍ਰਦੇਸ਼ ਤੋਂ ਆਏ ਇਕ ਵਿਅਕਤੀ ਨੂੰ ਪੁਲੀਸ ਨੇ ਡੇਢ ਕਿਲੋ ਅਫੀਮ ਬਰਾਮਦ ਕਰ ਕੇ ਗ੍ਰਿਫ਼ਤਾਰ ਕੀਤਾ ਹੈ। ਪੁਲੀਸ ਨੇ ਮੁਲਜ਼ਮ ਖ਼ਿਲਾਫ਼ ਕੇਸ ਦਰਜ ਕਰ ਕੇ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਹੈ। ਮਾਮਲੇ ਸਬੰਧੀ ਜਾਣਕਾਰੀ ਦਿੰਦੇ ਹੋਏ ਐੱਸਐੱਚਓ ਜ਼ੀਰਕਪੁਰ ਇੰਸਪੈਕਟਰ ਜਸਕਵਲ ਸਿੰਘ ਨੇ ਦੱਸਿਆ ਕਿ ਸ਼ੱਕੀ ਵਿਅਕਤੀਆਂ ਦੀ ਤਲਾਸ਼ ਵਿੱਚ ਗਸ਼ਤ ਅਤੇ ਚੈਕਿੰਗ ਸਬੰਧੀ ਏਅਰਪੋਰਟ ਰੋਡ ’ਤੇ ਨਾਕਾਬੰਦੀ ਕੀਤੀ ਹੋਈ ਸੀ। ਇਸ ਦੌਰਾਨ ਸ਼ਾਮ ਦੇ 3 ਵਜੇ ਦੇ ਕਰੀਬ ਮੈਕਡੀ ਚੌਕ ਵੱਲੋਂ ਆਉਂਦਾ ਇੱਕ ਨੌਜਵਾਨ ਪੁਲੀਸ ਪਾਰਟੀ ਨੂੰ ਦੇਖ ਕੇ ਪਿਛੇ ਮੁੜਨ ਲੱਗਾ। ਉਸ ਦੇ ਹੱਥ ਵਿੱਚ ਚਿੱਟੇ ਰੰਗ ਦਾ ਮੋਮੀ ਲਿਫਾਫਾ ਫੜਿਆ ਹੋਇਆ ਸੀ। ਉਸ ਦੀ ਪਛਾਣ ਗੌਰਵ ਕਸਯਵ ਵਾਸੀ ਯੂਪੀ ਉਮਰ ਕਰੀਬ 19 ਸਾਲ ਵਜੋਂ ਹੋਈ। ਪੁਲੀਸ ਨੇ ਜਦੋਂ ਉਸ ਦੇ ਸੱਜੇ ਹੱਥ ਵਿੱਚ ਫੜੇ ਚਿੱਟੇ ਰੰਗ ਦੇ ਲਿਫਾਫੇ ਨੂੰ ਖੋਲ੍ਹ ਕੇ ਚੈੱਕ ਕੀਤਾ ਤਾਂ 1.5 ਕਿਲੋ ਅਫੀਮ ਬਰਾਮਦ ਹੋਈ। ਮੁਲਜ਼ਮ ਖ਼ਿਲਾਫ਼ ਕੇਸ ਦਰਜ ਕਰ ਕਾਰਵਾਈ ਆਰੰਭ ਕਰ ਦਿੱਤੀ ਗਈ ਹੈ।