ਪੱਤਰ ਪ੍ਰੇਰਕ
ਚਮਕੌਰ ਸਾਹਿਬ, 16 ਅਗਸਤ
ਦਾਸਤਾਨ-ਏ-ਸ਼ਹਾਦਤ (ਥੀਮ ਪਾਰਕ) ਵਿੱਚ ਵੰਡ ਦਾ ਦੁਖਾਂਤ ਦਿਵਸ ਮਨਾਇਆ। ਇਸ ਸਮਾਗਮ ਵਿੱਚ ਸੁਤੰਤਰਤਾ ਸੰਗਰਾਮੀਆਂ ਦੇ ਪਰਿਵਾਰਾਂ ਨੂੰ ਵਿਸ਼ੇਸ਼ ਤੌਰ ’ਤੇ ਬੁਲਾਇਆ ਗਿਆ। ਫਰੀਡਮ ਫਾਈਟਰ ਸਕਸੈਸਰ ਆਰਗੇਨਾਈਜ਼ੇਸ਼ਨ ਪੰਜਾਬ ਦੇ ਪ੍ਰਧਾਨ ਰਾਜ ਅਮਰਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਪਿਤਾ ਆਜ਼ਾਦ ਹਿੰਦ ਫੌਜ ਵਿੱਚ ਜਨਰਲ ਮੋਹਣ ਸਿੰਘ ਦੀ ਅਗਵਾਈ ਹੇਠ ਜੰਗ ਲੜੀ ਸੀ ਅਤੇ ਉਨ੍ਹਾਂ ਦੇ ਕਦਮਾਂ ਤੇ ਚੱਲਦੇ ਹੋਏ ਉਨ੍ਹਾਂ ਦਾ ਪਰਿਵਾਰ ਆਪਣੇ ਦੇਸ਼ ਉਤੇ ਮਾਣ ਕਰਦਾ ਹੈ। ਉਨ੍ਹਾਂ ਕਿਹਾ ਕਿ ਆਜ਼ਾਦੀ ਤੋਂ ਪਹਿਲਾਂ ਵੰਡ ਦੀ ਭਿਆਨਕਤਾ ਨੂੰ ਕਦੇ ਵੀ ਨਹੀਂ ਭੁਲਾਇਆ ਜਾ ਸਕਦਾ। ਕੈਪਟਨ ਹਰਪਾਲ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਪਿਤਾ ਨੇ ਦੂਜੇ ਵਿਸ਼ਵ ਯੁੱਧ ਵਿੱਚ ਹਿੱਸਾ ਲਿਆ ਸੀ ਜਿਸ ’ਤੇ ਉਹ ਯੁੱਧ ਦੌਰਾਨ ਜ਼ਖਮੀ ਹੋ ਗਏ ਅਤੇ ਬਾਅਦ ਵਿੱਚ ਸ਼ਹੀਦੀ ਦਾ ਜਾਮ ਪੀ ਗਏ। ਪਿੰਡ ਸੱਖੋਮਾਜਰਾ ਦੇ ਜਰਨੈਲ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਪਿਤਾ ਅਜਮੇਰ ਸਿੰਘ ਆਜ਼ਾਦ ਹਿੰਦ ਫੌਜ ਵਿੱਚ ਰਹੇ ਸਨ ਅਤੇ 7 ਸਾਲ ਉਨ੍ਹਾਂ ਜੇਲ੍ਹ ਵੀ ਕੱਟੀ। ਇਸ ਦੌਰਾਨ ਐੱਸਡੀਐੱਮ ਅਮਰੀਕ ਸਿੰਘ ਨੇ ਭਰੋਸਾ ਦਿੰਦਿਆਂ ਕਿਹਾ ਕਿ ਸੁਤੰਤਰਤਾ ਸੰਗਰਾਮੀਆਂ ਦੇ ਪਰਿਵਾਰਾਂ ਦੀ ਹਰ ਸੰਭਵ ਮਦਦ ਕੀਤੀ ਜਾਵੇਗੀ। ਇਸ ਮੌਕੇ ਤਹਿਸੀਲਦਾਰ ਚੇਤਨ ਬੰਗੜ, ਸੈਰ ਸਪਾਟਾ ਵਿਭਾਗ ਦੇ ਐੱਸਡੀਓ ਸੁਰਿੰਦਰਪਾਲ ਸਿੰਘ, ਪ੍ਰਵੀਨ ਕੁਮਾਰ ਸੰਤ ਤੇ ਬਲਦੇਵ ਸਿੰਘ ਹਾਫਿਜ਼ਾਬਾਦ ਆਦਿ ਹਾਜ਼ਰ ਸਨ।