ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 17 ਜੂਨ
ਪੰਜਾਬ ਦੇ ਰਾਜਪਾਲ ਅਤੇ ਚੰਡੀਗੜ੍ਹ ਦੇ ਪ੍ਰਸ਼ਾਸਕ ਵੀਪੀ ਸਿੰਘ ਬਦਨੌਰ ਦੇ ਸਲਾਹਕਾਰ ਮਨੋਜ ਪਰੀਦਾ ਦਾ ਤਬਾਦਲਾ ਹੋ ਗਿਆ ਹੈ। ਉਨ੍ਹਾਂ ਨੂੰ ਪਦਉੱਨਤ ਕਰਕੇ ਦਿੱਲੀ ਵਿੱਚ ਤਾਇਨਾਤ ਕੀਤਾ ਗਿਆ ਹੈ। ਪਰੀਦਾ ਨੂੰ ਨੈਸ਼ਨਲ ਅਥਾਰਟੀ ਆਫ ਕੈਮੀਕਲ ਵੈਪਨਜ਼ ਕਨਵੈਨਸ਼ਨ ਦਾ ਚੇਅਰਮੈਨ ਲਗਾਇਆ ਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਪਰੀਦਾ ਨੇ 26 ਦਸੰਬਰ 2018 ਨੂੰ ਸਲਾਹਕਾਰ ਵਜੋਂ ਅਹੁਦਾ ਸਾਂਭਿਆ ਸੀ। ਉਨ੍ਹਾਂ ਦੇ ਕਾਰਜਕਾਲ ਵਿੱਚ ਹਾਲੇ 8 ਮਹੀਨੇ ਦਾ ਸਮਾਂ ਬਾਕੀ ਸੀ ਪਰ ਪਦਉੱਨਤ ਹੋਣ ਕਰਕੇ ਯੂਟੀ ਤੋਂ ਤਬਾਦਲਾ ਕਰ ਦਿੱਤਾ।
ਮਨੋਜ ਪਰੀਦਾ ਨੇ ਦਿੱਲੀ ਵਿੱਚ ਨਵੀਂ ਤਾਇਨਾਤੀ ’ਤੇ ਖੁਸ਼ੀ ਜ਼ਾਹਿਰ ਕੀਤੀ। ਉਨ੍ਹਾਂ ਕਿਹਾ ਕਿ ਚੰਡੀਗੜ੍ਹ ਵਿੱਚ ਬਤੌਰ ਪ੍ਰਸ਼ਾਸਕ ਦੇ ਸਲਾਹਕਾਰ ਢਾਈ ਸਾਲ ਸੇਵਾਵਾਂ ਨਿਭਾਉਣ ’ਚ ਬੇਹੱਦ ਆਨੰਦ ਆਇਆ ਹੈ। ਸ੍ਰੀ ਪਰੀਦਾ ਨੇ ਕਿਹਾ ਕਿ ਕਰੋਨਾ ਮਹਾਮਾਰੀ ਦੌਰਾਨ ਲਏ ਗਏ ਫ਼ੈਸਲਿਆਂ ਕਾਰਨ ਅੱਜ ਚੰਡੀਗੜ੍ਹ ਵਿੱਚ ਕਰੋਨਾਵਾਇਰਸ ਦੀ ਰੋਕਥਾਮ ਵਿੱਚ ਪ੍ਰਸ਼ਾਸਨ ਕਾਮਯਾਬ ਹੋ ਸਕਿਆ ਹੈ। ਸ੍ਰੀ ਪਰੀਦਾ 1986 ਬੈੱਚ ਦੇ ਏਜੀਐੱਮਯੂਟੀ ਕੇਡਰ ਦੇ ਆਈਏਐੱਸ ਹਨ। ਯੂਟੀ ਪ੍ਰਸ਼ਾਸਕ ਦੇ ਸਲਾਹਕਾਰ ਦੀ ਤਬਾਦਲੇ ਤੋਂ ਬਾਅਦ ਹਾਲੇ ਨਵੇਂ ਅਧਿਕਾਰੀ ਦੀ ਨਿਯੁਕਤੀ ਨਹੀਂ ਕੀਤੀ ਗਈ ਹੈ।
ਸਲਾਹਕਾਰ ਲਈ ਪੰਜ ਨਾਵਾਂ ਦੀ ਚਰਚਾ
ਚੰਡੀਗੜ੍ਹ: ਯੂਟੀ ਪ੍ਰਸ਼ਾਸਕ ਦੇ ਸਲਾਹਕਾਰ ਮਨੋਜ ਪਰੀਦਾ ਦੇ ਤਬਾਦਲੇ ਤੋਂ ਬਾਅਦ ਨਵੇਂ ਅਧਿਕਾਰੀ ਦੀ ਨਿਯੁਕਤੀ ਲਈ ਚਰਚਾ ਸ਼ੁਰੂ ਹੋ ਗਈ ਹੈ। ਸੂਤਰਾਂ ਅਨੁਸਾਰ 1988 ਬੈੱਚ ਦੇ 5 ਅਧਿਕਾਰੀਆਂ ਦੇ ਨਾਮਾਂ ’ਤੇ ਚਰਚਾ ਚੱਲ ਰਹੀ ਹੈ ਜਦਕਿ ਅਸਲ ਫ਼ੈਸਲਾ ਕੇਂਦਰ ਸਰਕਾਰ ਦੀ ਮੋਹਰ ਤੋਂ ਬਾਅਦ ਹੀ ਹੋਵੇਗਾ। ਇਨ੍ਹਾਂ ਵਿੱਚ ਰੇਨੂੰ ਸ਼ਰਮਾ ਵਧੀਕ ਸਕੱਤਰ ਟਰਾਂਸਪੋਰਟ ਦਿੱਲੀ ਸਰਕਾਰ, ਧਰਮਿੰਦਰ ਸ਼ਰਮਾ ਡਾਇਰੈਕਟਰ ਜਨਰਲ ਚੋਣ ਕਮਿਸ਼ਨ ਕੇਂਦਰ ਸਰਕਾਰ, ਸਤਿਆ ਗੋਪਾਲ ਵਧੀਕ ਸਕੱਤਰ ਦਿੱਲੀ ਸਰਕਾਰ, ਚੇਤਰ ਭਗਤ ਸਾਂਘੀ ਮੁੱਖ ਸਕੱਤਰ ਅੰਡੇਮਾਨ ਨਿਕੋਬਾਰ ਅਤੇ ਅਸਾਮ ਕੇਡਰ ਦੇ ਮਨਿੰਦਰ ਬੈਂਸ ਦੇ ਨਾਮ ਸ਼ਾਮਲ ਹਨ।