ਦਰਸ਼ਨ ਸਿੰਘ ਸੋਢੀ
ਐਸ.ਏ.ਐਸ. ਨਗਰ (ਮੁਹਾਲੀ), 14 ਮਈ
ਮੁਹਾਲੀ ਦੇ ਐੱਸਐੱਸਪੀ ਵਿਵੇਕਸ਼ੀਲ ਸੋਨੀ ਨੇ ਮੁਹਾਲੀ ਜ਼ਿਲ੍ਹੇ ਦੇ ਥਾਣਿਆਂ ਦੇ ਐੱਸਐੱਚਓਜ਼ ਸਮੇਤ ਕਈ ਥਾਣੇਦਾਰਾਂ ਦੀਆਂ ਬਦਲੀਆਂ ਅਤੇ ਤਾਇਨਾਤੀਆਂ ਕੀਤੀਆਂ ਹਨ। ਇਸੇ ਦੌਰਾਨ ਇਕ ਚੌਕੀ ਇੰਚਾਰਜ ਨੂੰ ਪੁਲੀਸ ਲਾਈਨ ਭੇਜਿਆ ਗਿਆ ਹੈ। ਐੱਸਐੱਸਪੀ ਵੱਲੋਂ ਜਾਰੀ ਹੁਕਮਾਂ ਅਨੁਸਾਰ ਇੰਸਪੈਕਟਰ ਸੁਮਿਤ ਮੌਰ ਨੂੰ ਇੱਥੋਂ ਦੇ ਫੇਜ਼-1 ਥਾਣੇ ਦਾ ਐੱਸਐੱਚਓ ਲਾਇਆ ਗਿਆ ਹੈ ਜਦੋਂਕਿ ਪਹਿਲੇ ਥਾਣਾ ਮੁਖੀ ਇੰਸਪੈਕਟਰ ਸ਼ਿਵਦੀਪ ਸਿੰਘ ਬਰਾੜ ਨੂੰ ਪੁਲੀਸ ਲਾਈਨ ਭੇਜਿਆ ਗਿਆ ਹੈ।
ਸੋਹਾਣਾ ਥਾਣੇ ਵਿੱਚ ਤਾਇਨਾਤ ਥਾਣੇਦਾਰ ਬਲਵਿੰਦਰ ਸਿੰਘ ਨੂੰ ਸਨੇਟਾ ਪੁਲੀਸ ਚੌਕੀ ਦਾ ਇੰਚਾਰਜ ਲਗਾਇਆ ਗਿਆ ਜਦੋਂਕਿ ਸਨੇਟਾ ਚੌਕੀ ਦੇ ਪਹਿਲੇ ਇੰਚਾਰਜ ਥਾਣੇਦਾਰ ਅਸ਼ਵਨੀ ਕੁਮਾਰ ਨੂੰ ਪੁਲੀਸ ਲਾਈਨ ਭੇਜਿਆ ਗਿਆ ਹੈ। ਨਵਾਂ ਗਰਾਓਂ ਥਾਣੇ ਦੇ ਐੱਸਐੱਚਓ ਇੰਸਪੈਕਟਰ ਅਜੀਤਪਾਲ ਸਿੰਘ ਨੂੰ ਪੁਲੀਸ ਲਾਈਨ ਭੇਜਿਆ ਗਿਆ ਹੈ ਜਦੋਂਕਿ ਉਨ੍ਹਾਂ ਦੀ ਥਾਂ ’ਤੇ ਥਾਣੇਦਾਰ ਕੁਲਵੰਤ ਸਿੰਘ ਥਾਣਾ ਮੁੱਲਾਂਪੁਰ ਗਰੀਬਦਾਸ ਤੋਂ ਬਦਲ ਕੇ ਨਵਾਂ ਗਰਾਓਂ ਥਾਣੇ ਦਾ ਮੁੱਖ ਅਫ਼ਸਰ ਲਾਇਆ ਗਿਆ ਹੈ।
ਇੰਸਪੈਕਟਰ ਯੋਗੇਸ਼ ਕੁਮਾਰ ਨੂੰ ਐੱਸਐੱਚਓ ਥਾਣਾ ਸਦਰ ਖਰੜ ਲਾਇਆ ਗਿਆ ਹੈ ਜਦੋਂਕਿ ਥਾਣੇਦਾਰ ਅਜੈਬ ਸਿੰਘ ਨੂੰ ਪੁਲੀਸ ਲਾਈਨ ਭੇਜਿਆ ਗਿਆ ਹੈ। ਥਾਣੇਦਾਰ ਭਗਤਵੀਰ ਸਿੰਘ ਨੂੰ ਕੁਰਾਲੀ ਸਦਰ ਥਾਣੇ ਦਾ ਐੱਸਐੱਚਓ ਅਤੇ ਇੰਸਪੈਕਟਰ ਮਲਕੀਤ ਸਿੰਘ ਮੁੱਖ ਅਫ਼ਸਰ ਥਾਣਾ ਸਦਰ ਕੁਰਾਲੀ ਨੂੰ ਪੁਲੀਸ ਲਾਈਨ ਭੇਜਿਆ ਗਿਆ ਹੈ। ਇਸੇ ਤਰ੍ਹਾਂ ਇੰਸਪੈਕਟਰ ਵਿਨੋਦ ਕੁਮਾਰ ਮੁੱਖ ਅਫ਼ਸਰ ਸਿਟੀ ਕੁਰਾਲੀ ਨੂੰ ਪੁਲੀਸ ਲਾਈਨ ਭੇਜ ਕੇ ਉਨ੍ਹਾਂ ਦੀ ਥਾਂ ਮਹਿਲਾ ਥਾਣੇਦਾਰ ਸੁਖਦੀਪ ਕੌਰ ਨੂੰ ਥਾਣਾ ਸਿਟੀ ਕੁਰਾਲੀ ਦੀ ਐੱਸਐੱਚਓ ਲਾਇਆ ਗਿਆ ਹੈ। ਇੰਸਪੈਕਟਰ ਹਿੰਮਤ ਸਿੰਘ ਨੂੰ ਮੁੱਖ ਥਾਣਾ ਅਫ਼ਸਰ ਮਾਜਰੀ ਅਤੇ ਇੰਸਪੈਕਟਰ ਦੀਪਇੰਦਰ ਸਿੰਘ ਮੁੱਖ ਅਫ਼ਸਰ ਥਾਣਾ ਮਾਜਰੀ ਨੂੰ ਜ਼ੀਰਕਪੁਰ ਥਾਣੇ ਦਾ ਐੱਸਐੱਚਓ ਲਾਇਆ ਗਿਆ ਹੈ। ਜ਼ੀਰਕਪੁਰ ਦੇ ਐੱਸਐੱਚਓ ਇੰਸਪੈਕਟਰ ਓਂਕਾਰ ਸਿੰਘ ਨੂੰ ਫਿਲਹਾਲ ਪੁਲੀਸ ਲਾਈਨ ਭੇਜਿਆ ਗਿਆ ਹੈ।
ਇੰਜ ਹੀ ਥਾਣੇਦਾਰ ਜਸਕੰਵਲ ਸਿੰਘ ਨੂੰ ਡੇਰਾਬੱਸੀ ਥਾਣੇ ਦਾ ਮੁਖੀ ਲਾਇਆ ਗਿਆ ਹੈ ਜਦੋਂਕਿ ਇੱਥੋਂ ਦੇ ਪਹਿਲੇ ਥਾਣਾ ਮੁਖੀ ਇੰਸਪੈਕਟਰ ਕੁਲਵੀਰ ਸਿੰਘ ਨੂੰ ਪੁਲੀਸ ਲਾਈਨ ਭੇਜਿਆ ਗਿਆ ਹੈ। ਇਸੇ ਤਰ੍ਹਾਂ ਥਾਣੇਦਾਰ ਹਰਦੀਪ ਸਿੰਘ ਨੂੰ ਢਕੌਲੀ ਥਾਣੇ ਦਾ ਮੁੱਖ ਅਫ਼ਸਰ ਲਾਇਆ ਗਿਆ ਹੈ ਜਦੋਂਕਿ ਢਕੌਲੀ ਥਾਣੇ ਦੇ ਪਹਿਲੇ ਐੱਸਐੱਚਓ ਇੰਸਪੈਕਟਰ ਜਤਿਨ ਕਪੂਰ ਨੂੰ ਪੁਲੀਸ ਲਾਈਨ ਅਤੇ ਥਾਣੇਦਾਰ ਬਲਵਿੰਦਰ ਸਿੰਘ ਨੂੰ ਡੇਰਾਬੱਸੀ ਥਾਣੇ ਵਿੱਚ ਤਾਇਨਾਤ ਕੀਤਾ ਗਿਆ ਹੈ। ਦੱਸਣਯੋਗ ਹੈ ਕਿ ਕਾਨੂੰਨ ਵਿਵਸਥਾ ਵਿੱਚ ਸੁਧਾਰ ਲਈ ਇਹ ਤਬਾਦਲੇ ਕੀਤੇ ਗਏ ਹਨ।