ਸੁਖਵਿੰਦਰ ਪਾਲ ਸੋਢੀ
ਚੰਡੀਗੜ੍ਹ, 22 ਜੁਲਾਈ
ਸੈਂਟਰਲ ਬੋਰਡ ਆਫ ਸੈਕੰਡਰੀ ਐਜੂਕੇਸ਼ਨ (ਸੀਬੀਐਸਈ) ਵਲੋਂ ਅੱਜ ਬਾਰ੍ਹਵੀਂ ਜਮਾਤ ਦਾ ਨਤੀਜਾ ਐਲਾਨਿਆ ਗਿਆ। ਇਹ ਪਹਿਲੀ ਵਾਰ ਹੈ ਕਿ ਸੀਬੀਐਸਈ ਵੱਲੋਂ ਬੋਰਡ ਜਮਾਤਾਂ ਦੇ ਇਕੱਠੇ ਨਤੀਜੇ ਐਲਾਨੇ ਗਏ। ਦੇਸ਼ ਭਰ ਵਿਚ ਚੰਡੀਗੜ੍ਹ ਰੀਜਨ ਸੱਤਵੇਂ ਨੰਬਰ ’ਤੇ ਰਿਹਾ ਜਦਕਿ ਪੰਚਕੂਲਾ ਦਾ ਅੱਠਵਾਂ ਸਥਾਨ ਆਇਆ ਹੈ। ਚੰਡੀਗੜ੍ਹ ਰੀਜਨ ਵਿਚ ਯੂਟੀ ਚੰਡੀਗੜ੍ਹ, ਪੰਜਾਬ, ਜੰਮੂ ਤੇ ਕਸ਼ਮੀਰ ਅਤੇ ਲਦਾਖ਼ ਸ਼ਾਮਲ ਹਨ। ਬਾਰ੍ਹਵੀਂ ਜਮਾਤ ਵਿਚ ਚੰਡੀਗੜ੍ਹ ਖੇਤਰ ਦੀ ਪਾਸ ਪ੍ਰਤੀਸ਼ਤਤਾ 95.98 ਜਦਕਿ ਪੰਚਕੂਲਾ ਦੀ 94.08 ਫੀਸਦੀ ਰਹੀ। ਟਰਾਈਸਿਟੀ ਵਿੱਚੋਂ ਨਾਨ ਮੈਡੀਕਲ ਵਿਚ ਦਿਵਯਮ ਗੋਇਲ ਨੇ 99.8 ਫੀਸਦੀ ਅੰਕ ਹਾਸਲ ਕਰ ਕੇ ਟੌਪ ਕੀਤਾ ਹੈ। ਉਸ ਦਾ ਆਲ ਇੰਡੀਆ ਦੂਜਾ ਰੈਂਕ ਆਇਆ ਹੈ। ਜਦਕਿ ਕਾਮਰਸ ਵਿਚ ਹਿਮਾਂਸ਼ੀ ਗਰਗ ਤੇ ਵਰਿੰਦਾ ਗੁਪਤਾ ਨੇ 99.8 ਫੀਸਦੀ ਅੰਕਾਂ ਨਾਲ ਮੋਹਰੀ ਸਥਾਨ ਹਾਸਲ ਕੀਤਾ। ਹਿਊਮੈਨੀਟੀਜ਼ ਵਿਚ ਮੰਨਤ ਸ਼ਰਮਾ, ਆਯੁਸ਼ੀ ਗੁਪਤਾ ਅਤੇ ਅਬੀਆ ਸਿੱਦੀਕੀ ਨੇ 99.2 ਫੀਸਦੀ ਅੰਕਾਂ ਨਾਲ ਸਾਂਝਾ ਟੌਪ ਕੀਤਾ ਜਦਕਿ ਮੈਡੀਕਲ ਵਿਚ ਮਹਿਕਾ ਅਗਰਵਾਲ ਨੇ 99.4 ਫੀਸਦੀ ਨਾਲ ਟਰਾਈਸਿਟੀ ਵਿਚ ਟੌਪ ਕੀਤਾ।
ਜਾਣਕਾਰੀ ਅਨੁਸਾਰ ਚੰਡੀਗੜ੍ਹ ਖੇਤਰ ਵਿਚ 1,10,825 ਵਿਦਿਆਰਥੀਆਂ ਨੇ ਪ੍ਰੀਖਿਆ ਦਿੱਤੀ ਜਿਸ ਵਿਚ 51,613 ਲੜਕੀਆਂ ਤੇ 59,212 ਲੜਕੇ ਸ਼ਾਮਲ ਹਨ। ਲੜਕੀਆਂ ਦੀ ਪਾਸ ਪ੍ਰਤੀਸ਼ਤਤਾ 96.95 ਫੀਸਦੀ ਜਦਕਿ ਲੜਕਿਆਂ ਦੀ ਪਾਸ ਪ੍ਰਤੀਸ਼ਤਤਾ 95.98 ਫੀਸਦੀ ਦਰਜ ਕੀਤੀ ਗਈ। ਚੰਡੀਗੜ੍ਹ ਖੇਤਰ ਵਿਚ 437 ਪ੍ਰੀਖਿਆ ਕੇਂਦਰ ਬਣਾਏ ਗਏ ਸਨ। ਗੁਰੂ ਨਾਨਕ ਪਬਲਿਕ ਸਕੂਲ ਸੈਕਟਰ-36 ਦਾ ਦਿਵਯਮ ਗੋਇਲ ਦੇ ਪਿਤਾ ਪਰਵਾਣੂ ਵਿਚ ਇੰਜਨੀਅਰ ਹਨ ਜਦਕਿ ਮਾਤਾ ਪੀਐਸਪੀਸੀਐਲ ਵਿਚ ਸੁਪਰੀਟੈਂਡਿੰਗ ਇੰਜਨੀਅਰ ਹੈ। ਭਵਨ ਵਿਦਿਆਲਿਆ ਸਕੂਲ ਸੈਕਟਰ-27 ਦੀ ਹਿਮਾਂਸ਼ੀ ਗਰਗ ਨੇ ਕਾਮਰਸ ਵਿਚ ਟੌਪ ਕੀਤਾ ਹੈ। ਉਸ ਦੇ ਪਿਤਾ ਬਿਜ਼ਨਸਮੈਨ ਤੇ ਮਾਂ ਘਰੇਲੂ ਸੁਆਣੀ ਹੈ। ਭਵਨ ਵਿਦਿਆਲਿਆ ਸਕੂਲ ਦੀ ਵਰਿੰਦਾ ਗੁਪਤਾ ਵੀ ਕਾਮਰਸ ਦੀ ਟੌਪਰ ਹੈ ਉਸ ਨੇ ਦਸਵੀਂ ਜਮਾਤ ਵਿਚ ਵੀ ਟਰਾਈਸਿਟੀ ਵਿਚੋਂ ਟੌਪ ਕੀਤਾ ਸੀ। ਉਸ ਦੇ ਪਿਤਾ ਸੀਏ ਤੇ ਮਾਂ ਲੇਖਾਕਾਰ ਹੈ। ਗੁਰੂ ਗੋਬਿੰਦ ਸਿੰਘ ਕਾਲਜੀਏਟ ਪਬਲਿਕ ਸਕੂਲ ਸੈਕਟਰ-26 ਦੀ ਮਹਿਕਾ ਅਗਰਵਾਲ ਮੈਡੀਕਲ ਦੀ ਟੌਪਰ ਹੈ। ਉਸ ਦੇ ਪਿਤਾ ਵਕੀਲ ਹਨ।
ਦਸਵੀਂ: ਕੇਬੀ ਡੀਏਵੀ ਦਾ ਨਾਹਰ ਰੋਹਿਲਾ ਬਣਿਆ ਟਰਾਈਸਿਟੀ ਦਾ ਟੌਪਰ
ਚੰਡੀਗੜ੍ਹ: ਸੀਬੀਐਸਈ ਵੱਲੋਂ ਅੱਜ ਐਲਾਨੇ ਗਏ ਦਸਵੀਂ ਜਮਾਤ ਦੇ ਨਤੀਜੇ ’ਚ ਕੇਬੀ ਡੀਏਵੀ ਸੈਕਟਰ-7 ਦੇ ਨਾਹਰ ਰੋਹਿੱਲਾ ਨੇ 99.8 ਫੀਸਦੀ ਅੰਕ ਹਾਸਲ ਕਰ ਕੇ ਟਰਾਈਸਿਟੀ ਵਿਚੋਂ ਟੌਪ ਕੀਤਾ ਹੈ। ਜਦਕਿ ਦੂਜੇ ਸਥਾਨ ’ਤੇ ਪੰਜ ਵਿਦਿਆਰਥੀ ਆਏ ਹਨ। ਦਿੱਲੀ ਪਬਲਿਕ ਸਕੂਲ ਸੈਕਟਰ-40 ਦੀ ਵਰਿੰਦਾ ਗੁਪਤਾ ਨੇ 99.6 ਫੀਸਦੀ ਅੰਕ ਹਾਸਲ ਕਰ ਕੇ ਦੂਜਾ ਸਥਾਨ ਹਾਸਲ ਕੀਤਾ ਹੈ। ਇਸ ਤੋਂ ਇਲਾਵਾ ਪੰਚਕੂਲਾ ਦੇ ਭਵਨ ਵਿਦਿਆਲਿਆ ਸਕੂਲ ਦੇ ਗੌਰਵ ਸਾਹੂ, ਮਾਨਵ ਮੰਗਲ ਸਮਾਰਟ ਸਕੂਲ ਦੀ ਅਦਿਤੀ ਚੌਹਾਨ, ਖਰੜ ਦੇ ਮਾਈਂਡ ਟਰੀ ਸਕੂਲ ਦੀ ਬਲਜੋਤ ਕੌਰ ਅਤੇ ਦੂਨ ਇੰਟਰਨੈਸ਼ਨਲ ਸਕੂਲ ਦੇ ਉਨਤ ਪੰਨੂ ਦੇ ਵੀ 99.6 ਫੀਸਦੀ ਅੰਕ ਆਏ ਹਨ। ਤੀਜੇ ਸਥਾਨ ’ਤੇ ਸ਼ਿਵਾਲਿਕ ਪਬਲਿਕ ਸਕੂਲ ਮੁਹਾਲੀ ਦੀ ਸਾਹਿਬਾ ਜੋਸ਼ੀ, ਲਰਨਿੰਗ ਪਾਥ ਸਕੂਲ ਦੀ ਨਵਨੀਤ ਕੌਰ ਸ਼ਾਹ ਤੇ ਭਵਨ ਵਿਦਿਆਲਿਆ ਦਾ ਅਕਸ਼ਿਤ ਤੀਜੇ ਸਥਾਨ ’ਤੇ ਆਇਆ ਹੈ।
ਦੂਜੇ ਪਾਸੇ ਚੰਡੀਗੜ੍ਹ ਦੇ ਸਰਕਾਰੀ ਸਕੂਲਾਂ ਦੀ ਪਾਸ ਪ੍ਰਤੀਸ਼ਤਤਾ ਵਿਚ 22.5 ਫੀਸਦੀ ਦੀ ਵੱਡੀ ਗਿਰਾਵਟ ਦਰਜ ਕੀਤੀ ਗਈ। ਇਥੋਂ ਦੇ ਸਰਕਾਰੀ ਸਕੂਲਾਂ ਦਾ ਪਿਛਲੇ ਸਾਲ ਨਤੀਜਾ 96.6 ਫੀਸਦੀ ਸੀ ਜਦਕਿ ਇਸ ਵਾਰ ਪਾਸ ਪ੍ਰਤੀਸ਼ਤਤਾ 74.1 ਫੀਸਦੀ ਦਰਜ ਕੀਤੀ ਗਈ। ਇਥੋਂ ਦੇ ਸਕੂਲਾਂ ਦੇ 13233 ਵਿਦਿਆਰਥੀਆਂ ਨੇ ਪ੍ਰੀਖਿਆ ਦਿੱਤੀ। ਬੋਰਡ ਨੇ 13232 ਵਿਦਿਆਰਥੀਆਂ ਦਾ ਨਤੀਜਾ ਐਲਾਨਿਆ ਜਿਸ ਵਿਚ 9809 ਵਿਦਿਆਰਥੀ ਪਾਸ ਹੋਏ। ਪਿਛਲੇ ਸਾਲ ਕਰੋਨਾ ਕਾਰਨ ਪ੍ਰੀਖਿਆਵਾਂ ਰੱਦ ਹੋ ਗਈਆਂ ਸਨ ਤੇ ਸਕੂਲਾਂ ਵਲੋਂ ਆਪਣੇ ਪੱਧਰ ’ਤੇ ਵਿਦਿਆਰਥੀਆਂ ਦੇ ਅੰਕ ਅਪਲੋਡ ਕੀਤੇ ਗਏ ਸਨ ਜਿਸ ਕਾਰਨ ਸਰਕਾਰੀ ਸਕੂਲਾਂ ਦਾ ਨਤੀਜਾ ਬਹੁਤ ਵਧੀਆ ਆਇਆ ਸੀ। ਡਾਇਰੈਕਟਰ ਸਕੂਲ ਐਜੂਕੇਸ਼ਨ ਹਰਸੁਹਿੰਦਰ ਪਾਲ ਸਿੰਘ ਬਰਾੜ ਨੇ ਦੱਸਿਆ ਕਿ ਉਨ੍ਹਾਂ ਵਲੋਂ ਨਤੀਜਿਆਂ ਵਿਚ ਰਹਿ ਗਈਆਂ ਖਾਮੀਆਂ ਨੂੰ ਦੂਰ ਕਰਨ ਦਾ ਯਤਨ ਕੀਤਾ ਜਾਵੇਗਾ। ਉਨ੍ਹਾਂ ਅਧਿਆਪਕਾਂ ਤੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ। ਸੀਬੀਐਸਈ ਅਨੁਸਾਰ ਚੰਡੀਗੜ੍ਹ ਖੇਤਰ ਵਿਚ 137,343 ਵਿਦਿਆਰਥੀਆਂ ਨੇ ਪ੍ਰੀਖਿਆ ਦਿੱਤੀ ਜਿਸ ਵਿਚ ਚੰਡੀਗੜ੍ਹ ਦੀ ਪਾਸ ਪ੍ਰਤੀਸ਼ਤਤਾ 95.38 ਤੇ ਪੰਚਕੂਲਾ ਦੀ ਪਾਸ ਪ੍ਰਤੀਸ਼ਤਤਾ 96.33 ਫੀਸਦੀ ਰਹੀ।
ਜ਼ੀਰਕਪੁਰ ਦੀ ਬਰਸ਼ਾ ਚੈਟਰਜੀ ਕਾਮਰਸ ਸਟੀਮ ਵਿੱਚ ਮੁਹਾਲੀ ਜ਼ਿਲ੍ਹੇ ਵਿੱਚੋਂ ਅੱਵਲ
ਸੀਬੀਐੱਸਈ ਵੱਲੋਂ ਐਲਾਨੇ 12ਵੀਂ ਦੇ ਨਤੀਜੇ ਵਿੱਚ ਦੀਕਸ਼ਾਂਤ ਇੰਟਰਨੈਸ਼ਨਲ ਸਕੂਲ ਜ਼ੀਰਕਪੁਰ ਦੀ ਬਰਸ਼ਾ ਚੈਟਰਜੀ ਨੇ ਕਾਮਰਸ ਸਟ੍ਰੀਮ ਵਿੱਚ 99.4 ਪ੍ਰਤੀਸ਼ਤ ਅੰਕ ਹਾਸਲ ਕਰਕੇ ਮੁਹਾਲੀ ਜ਼ਿਲ੍ਹੇ ਵਿੱਚ ਪਹਿਲਾ ਸਥਾਨ ਹਾਸਲ ਕੀਤਾ ਹੈ। ਬਰਸ਼ਾ ਚੈਟਰਜੀ ਰੋਜ਼ਾਨਾ ਚਾਰ ਤੋਂ ਪੰਜ ਘੰਟੇ ਪੜ੍ਹਾਈ ਕਰਦੀ ਸੀ।
ਸਰਕਾਰੀ ਸਕੂਲਾਂ ਦਾ ਨਤੀਜਾ 7.54 ਫੀਸਦੀ ਡਿੱਗਿਆ
ਚੰਡੀਗੜ੍ਹ ਦੇ ਸਰਕਾਰੀ ਸਕੂਲਾਂ ਦੇ ਨਤੀਜਾ ਵਿਚ ਪਿਛਲੇ ਸਾਲ ਨਾਲੋਂ 7.54 ਫੀਸਦੀ ਗਿਰਾਵਟ ਦਰਜ ਕੀਤੀ ਗਈ ਹੈ। ਪਿਛਲੇ ਸਾਲ ਸਰਕਾਰੀ ਸਕੂਲਾਂ ਦੀ ਪਾਸ ਪ੍ਰਤੀਸ਼ਤਤਾ 98.68 ਫੀਸਦੀ ਸੀ ਜਦਕਿ ਇਸ ਵਾਰ ਪਾਸ ਪ੍ਰਤੀਸ਼ਤਤਾ 91.15 ਫੀਸਦੀ ਦਰਜ ਕੀਤੀ ਗਈ। ਇਸ ਵਾਰ ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲਾਂ ਸੈਕਟਰ-16 ਤੇ ਮਨੀਮਾਜਰਾ ਦੇ ਸਕੂਲਾਂ ਵਿਚ ਵੀ ਪਿਛਲੇ ਸਾਲ ਨਾਲੋਂ ਗਿਰਾਵਟ ਦਰਜ ਕੀਤੀ ਗਈ। ਚੰਡੀਗੜ੍ਹ ਵਿਚ ਇਸ ਵਾਰ 12331 ਵਿਦਿਆਰਥੀਆਂ ਨੇ ਪ੍ਰੀਖਿਆ ਦਿੱਤੀ ਜਿਸ ਵਿਚੋਂ 11,200 ਵਿਦਿਆਰਥੀ ਪਾਸ ਹੋਏ, 364 ਵਿਦਿਆਰਥੀ ਫੇਲ੍ਹ ਹੋਏ ਜਦਕਿ 721 ਦੀ ਕੰਪਾਰਟਮੈਂਟ ਆਈ। ਕੰਪਾਰਟਮੈਂਟ ਪ੍ਰੀਖਿਆ 23 ਅਗਸਤ ਤੋਂ ਸ਼ੁਰੂ ਹੋਵੇਗੀ। ਡਾਇਰੈਕਟਰ ਹਰਸਹੁਿੰਦਰ ਪਾਲ ਸਿੰਘ ਬਰਾੜ ਨੇ ਦੱਸਿਆ ਕਿ ਸੈਸ਼ਨ 2021-22 ਤੇ 2020-21 ਵਿਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸੈਕਟਰ-16 ਦੀ ਪਾਸ ਪ੍ਰਤੀਸ਼ਤਤਾ 98.23 ਤੇ 100 ਫੀਸਦੀ, ਸੈਕਟਰ-35 ਦੀ 94.54 ਤੇ 100 ਫੀਸਦੀ, ਸੈਕਟਰ-37 ਬੀ ਦੀ 94.95 ਤੇ 100 ਫੀਸਦੀ, ਮਨੀਮਾਜਰਾ ਦੀ 100 ਤੇ 100 ਫੀਸਦੀ, ਸੈਕਟਰ-46 ਦੀ 89.90 ਤੇ 100 ਫੀਸਦੀ ਰਹੀ ਸੀ।