ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 18 ਫਰਵਰੀ
ਇਥੋਂ ਦੇ ਸੈਕਟਰ-15 ਵਿੱਚ ਚੰਡੀਗੜ੍ਹ ਮਹਿਲਾ ਕਾਂਗਰਸ ਦੀ ਪ੍ਰਧਾਨ ਦੇ ਘਰ ਦੇ ਬਾਹਰ ਪਿਛਲੇ ਦਿਨੀਂ ਗੋਲੀਆਂ ਚਲਾਉਣ ਦੇ ਮਾਮਲੇ ਵਿੱਚ ਨਾਮਜ਼ਦ ਦੋ ਮੁਲਜ਼ਮਾਂ ਨੂੰ ਪੁਲੀਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਇਨ੍ਹਾਂ ਦੀ ਪਛਾਣ ਜੇਂਟਾ ਅਤੇ ਨਿਖਿਲ ਵਜੋਂ ਹੋਈ ਹੈ। ਇਸੇ ਦੌਰਾਨ ਮਹਿਲਾ ਕਾਂਗਰਸ ਦੀ ਪ੍ਰਧਾਨ ਦੀਪਾ ਦੂਬੇ ਦਾ ਪਤੀ ਮਨੂੰ ਦੂਬੇ ਤੇ ਉਸ ਦੇ ਸਾਥੀ ਵਿਸ਼ਾਲ ਅਤੇ ਤਰਸੇਮ ਸਿੰਘ ਪੁਲੀਸ ਦੀ ਗ੍ਰਿਫ਼ਤ ਵਿੱਚੋਂ ਬਾਹਰ ਹਨ। ਇਸ ਗੱਲ ਦੀ ਪੁਸ਼ਟੀ ਥਾਣਾ ਸੈਕਟਰ-11 ਦੇ ਮੁਖੀ ਰਣਜੋਧ ਸਿੰਘ ਵੱਲੋਂ ਕੀਤੀ ਗਈ ਹੈ।
ਥਾਣਾ ਸੈਕਟਰ-11 ਦੀ ਪੁਲੀਸ ਨੇ ਇਹ ਕੇਸ ਗੁਰਦਾਸ ਸਿੰਘ ਦੀ ਸ਼ਿਕਾਇਤ ’ਤੇ ਦਰਜ ਕੀਤਾ ਸੀ। ਉਸ ਦਾ ਕਹਿਣਾ ਸੀ ਕਿ ਉਹ ਆਪਣੇ ਦੋਸਤ ਦੀਪਕ ਸਣੇ ਪਿਛਲੇ ਇਕ ਸਾਲ ਤੋਂ ਦੀਪਾ ਦੂਬੇ ਦੇ ਘਰ ਕਿਰਾਏ ’ਤੇ ਰਹਿ ਰਿਹਾ ਸੀ। 14 ਫਰਵਰੀ ਦੀ ਰਾਤ ਨੂੰ ਉਸ ਦੇ ਦੋਸਤ ਗੁਰਦੀਪ ਸਿੰਘ, ਭੁਪਿੰਦਰ ਸਿੰਘ, ਰਵੀ, ਸੁਨੀਲ, ਗੁਰਮੀਤ ਅਤੇ ਗਗਨ ਮਿਲਣ ਲਈ ਆਏ ਸਨ। ਜਦੋਂ ਉਹ ਰਾਤ 9.30 ਵਜੇ ਜਾਣ ਲੱਗੇ ਤਾਂ ਦੀਪਾ ਦੂਬੇ ਦੇ ਪਤੀ ਮਨੂੰ ਦੂਬੇ ਅਤੇ ਹੋਰਨਾਂ ਨੇ ਉਨ੍ਹਾਂ ਨੂੰ ਕਥਿਤ ਤੌਰ ’ਤੇ ਰੋਕ ਕੇ ਝਗੜਾ ਕੀਤਾ। ਇਸ ਤੋਂ ਬਾਅਦ ਉਹ ਆਪਣੇ ਦੋਸਤ ਮਨਜੀਤ ਅਤੇ ਆਸ਼ੀਸ਼ ਦੇ ਘਰ ਰਾਤ ਗੁਜ਼ਾਰਨ ਲਈ ਚਲੇ ਗਏ। ਉਨ੍ਹਾਂ ਨੇ ਸਾਰੀ ਘਟਨਾ ਬਾਰੇ ਆਪਣੇ ਦੋਸਤਾਂ ਨੂੰ ਦੱਸਿਆ ਤਾਂ ਉਹ ਚਾਰੋਂ ਦੀਪਾ ਦੂਬੇ ਦੇ ਘਰ ਆਏ। ਇਸੇ ਦੌਰਾਨ ਮਨੂੰ ਦੂਬੇ ਅਤੇ ਉਸ ਦੇ ਸਾਥੀ ਜੇਂਟਾ, ਨਿਖਿਲ, ਵਿਸ਼ਾਲ, ਤਰਸੇਮ ਸਿੰਘ ਨੇ ਉਸ ਦੇ ਦੋਸਤ ਮਨਜੀਤ ਸਿੰਘ ’ਤੇ ਹਮਲਾ ਕਰ ਦਿੱਤਾ ਹੈ। ਮਨਜੀਤ ਉੱਥੋਂ ਭੱਜ ਗਿਆ ਤਾਂ ਜੇਂਟਾ ਨੇ ਹਵਾਈ ਫਾਇਰ ਕਰ ਦਿੱਤੇ। ਘਟਨਾ ਦੀ ਜਾਣਕਾਰੀ ਮਿਲਦੇ ਹੀ ਥਾਣਾ ਸੈਕਟਰ-11 ਦੀ ਪੁਲੀਸ ਨੇ ਦੇਰ ਰਾਤ ਮੌਕੇ ’ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਸੀ। ਪੁਲੀਸ ਨੇ ਇਸ ਮਾਮਲੇ ਸਬੰਧੀ ਦੀਪਾ ਦੂਬੇ ਦੇ ਪਤੀ ਸਣੇ 5 ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਸੀ।