ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 15 ਜੁਲਾਈ
ਇੱਥੋਂ ਦੇ ਪਿੰਡ ਮੌਲੀ ਜੱਗਰਾਂ ਵਿੱਚ ਪਿਛਲੇ ਦਿਨੀਂ ਹੋਏ ਮੌਂਟੀ ਨਾਂ ਦੇ ਨੌਜਵਾਨ ਦੇ ਕਤਲ ਮਾਮਲੇ ਵਿੱਚ ਪੁਲੀਸ ਨੇ ਦੋ ਜਣਿਆਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਥਾਣਾ ਮੌਲੀ ਜੱਗਰਾਂ ਦੀ ਪੁਲੀਸ ਅਨੁਸਾਰ ਗ੍ਰਿਫ਼ਤਾਰ ਕੀਤੇ ਮੁਲਜ਼ਮਾਂ ਵਿੱਚ ਰਿੰਕੂ ਵਾਸੀ ਮੌਲੀ ਜੱਗਰਾਂ ਅਤੇ ਵਿਸ਼ਾਲ ਵਾਸੀ ਮੌਲੀ ਕੰਪਲੈਕਸ ਸ਼ਾਮਲ ਹਨ। ਪੁਲੀਸ ਨੇ ਦੋਵਾਂ ਮੁਲਜ਼ਮਾਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਇਕ ਦਿਨ ਦਾ ਪੁਲੀਸ ਰਿਮਾਂਡ ਹਾਸਲ ਕਰ ਲਿਆ ਹੈ। ਪੁਲੀਸ ਦੀ ਮੁੱਢਲੀ ਜਾਂਚ ਵਿੱਚ ਸਾਹਮਣੇ ਆਇਆ ਕਿ 11 ਜੁਲਾਈ ਨੂੰ ਰਾਤ ਸਮੇਂ ਉਨ੍ਹਾਂ ਦੇ ਦੋਸਤ ਵੈਦਪਾਲ ਦੀ ਮੌਂਟੀ ਨਾਲ ਤਕਰਾਰ ਹੋ ਗਈ। ਇਸੇ ਦੌਰਾਨ ਦੋਵਾਂ ਨੇ ਮੌਂਟੀ ਤੋਂ ਤੇਜ਼ਧਾਰ ਹਥਿਆਰ ਖੋਹ ਕੇ ਉਸੇ ’ਤੇ ਹਮਲਾ ਕਰ ਦਿੱਤਾ। ਮੌਂਟੀ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਕਰਾਰ ਦਿੱਤਾ ਸੀ।