ਸ਼ਸ਼ੀ ਪਾਲ ਜੈਨ
ਖਰੜ, 25 ਜੂਨ
ਸੀਆਈਏ ਸਟਾਫ ਖਰੜ ਨੇ ਇਥੋਂ ਦੇ ਪ੍ਰਸਿੱਧ ਬਿਲਡਰ ਪ੍ਰਵੀਨ ਕੁਮਾਰ ਨੂੰ ਧਮਕਾ ਕੇ ਫਰੌਤੀ ਮੰਗਣ ਦੇ ਦੋਸ਼ ਹੇਠ ਦੋ ਮੁਲਜ਼ਮਾਂ ਹਰਜੀਤ ਸਿੰਘ ਉਰਫ ਗੰਜਾ ਅਤੇ ਵਰਿੰਦਰ ਸਿੰਘ ਉਰਫ ਗੋਲਡੀ ਨੂੰ ਗਿ੍ਫ਼ਤਾਰ ਕੀਤਾ ਹੈ।ਇਸ ਸਬੰਧੀ ਪ੍ਰਵੀਨ ਕੁਮਾਰ ਨੇ ਪੁਲੀਸ ਨੂੰ ਸ਼ਿਕਾਇਤ ਕੀਤੀ ਸੀ ਕਿ ਉਸ ਦੀ ਫਰਮ ਪ੍ਰਵੀਨ ਪ੍ਰਮੋਟਰਜ਼ ਅਤੇ ਡਿਵੈਲਪਰਜ਼ ਦਾ ਦਫਤਰ ਬੱਸ ਸਟੈਂਡ ਖਰੜ ਨਜ਼ਦੀਕ ਹੈ ਅਤੇ ਉਸ ਦੇ ਖਰੜ ਅਤੇ ਮੁਹਾਲੀ ਵਿਚ ਕਈ ਜਗ੍ਹਾ ਪ੍ਰੋਜੈਕਟ ਚੱਲ ਰਹੇ ਹਨ। ਉਸ ਨੇ ਦੱਸਿਆ ਕਿ ਤਿੰਨ ਮਹੀਨੇ ਤੋਂ ਉਸ ਨੂੰ ਗੈਂਗਸਟਰ ਦੱਸਦੇ ਵਿਅਕਤੀਆਂ ਦੇ ਧਮਕੀ ਭਰੇ ਫੋਨ ਆਉਂਦੇ ਸਨ। ਉਹ ਉਸ ਤੋਂ ਮਹੀਨਾ ਮੰਗਦੇ ਸਨ ਤੇ ਟਾਲ ਮਟੋਲ ਕਰਨ ’ਤੇ ਜਾਨੋਂ ਮਾਰਨ ਦੀ ਧਮਕੀ ਦਿੰਦੇ ਸਨ। ਉਸ ਨੇ ਦੋਸ਼ ਲਗਾਇਆ ਕਿ ਇੱਕ ਮਹੀਨਾ ਪਹਿਲਾਂ ਉਸ ਨੂੰ ਡਰਾ ਧਮਕਾ ਕੇ 50 ਹਜ਼ਾਰ ਰੁਪਏ ਲੈ ਗਏ ਸਨ ਅਤੇ ਇਸ ਉਪਰੰਤ ਵੀ ਉਸਨੂੰ ਬਲੈਕਮੇਲ ਕਰ ਰਹੇ ਹਨ। 21 ਜੂਨ ਨੂੰ ਵੀ ਉਹ ਉਸ ਨੂੰ ਡਰਾ ਧਮਕਾ ਕੇ ਉਸ ਤੋਂ 1 ਲੱਖ ਰੁਪਏ ਲੈ ਗਏ। ਹੁਣ ਫਿਰ ਉਹ ਉਸ ਤੋਂ 5 ਲੱਖ ਰੁਪਏ ਦੀ ਡਿਮਾਂਡ ਕਰ ਰਹੇ ਸਨ ਅਤੇ ਇਸ ਸਬੰਧੀ 24 ਜੂਨ ਨੂੰ ਇਹ ਰਕਮ ਸ਼ਿਵਾਲਿਕ ਸਿਟੀ ਨਜ਼ਦੀਕ ਲੈ ਕੇ ਆਉਣ ਬਾਰੇ ਕਿਹਾ ਗਿਆ ਸੀ। ਇਸ ਸਬੰਧੀ ਉਨ੍ਹਾਂ ਵਲੋਂ ਪੁਲੀਸ ਨੂੰ ਸ਼ਿਕਾਇਤ ਕੀਤੀ ਗਈ ਅਤੇ ਸੀਆਈਏ ਸਟਾਫ ਨੇ ਮੌਕੇ ’ਤੇ ਪੁੱਜ ਕੇ ਉਨ੍ਹਾਂ ਨੂੰ ਕਾਬੂ ਕੀਤਾ। ਇਸ ਕੇਸ ਦੇ ਜਾਂਚ ਅਧਿਕਾਰੀ ਐਸਆਈ ਹਰਜਿੰਦਰ ਸਿੰਘ ਨੇ ਦੱਸਿਆ ਕਿ ਪੁਲੀਸ ਨੇ ਉਨ੍ਹਾਂ ਨੂੰ 50 ਹਜ਼ਾਰ ਦੀ ਰਕਮ ਸਮੇਤ ਫੜਿਆ ਹੈ।